ਪੰਜਾਬ ਪੁਲਿਸ ਨੇ ਬੀਐਸਐਫ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰਕੇ 29.2 ਕਿਲੋਗ੍ਰਾਮ ਹੈਰੋਇਨ ਕੀਤੀ ਬਰਾਮਦ

0
199

– ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ

– ਸੁਰੱਖਿਆ ਬਲਾਂ ਨਾਲ ਗੋਲੀਬਾਰੀ ਦੌਰਾਨ ਇਕ ਪਾਕਿਸਤਾਨੀ ਨਾਗਰਿਕ ਜ਼ਖਮੀ: ਡੀਜੀਪੀ ਗੌਰਵ ਯਾਦਵ

ਪੰਜਾਬ ਪੁਲਿਸ ਨੇ ਪਿਛਲੇ 20 ਦਿਨਾਂ ਵਿੱਚ 142 ਕਿਲੋ ਹੈਰੋਇਨ ਕੀਤੀ ਬਰਾਮਦ

ਚੰਡੀਗੜ੍ਹ/ਫਿਰੋਜ਼ਪੁਰ, 21 ਅਗਸਤ:

ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੌਰਾਨ ਪੰਜਾਬ ਪੁਲਿਸ ਨੇ ਸੀਮਾ ਸੁਰੱਖਿਆ ਬਲ (ਬੀਐਸਐਫ) ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਪਾਕਿਸਤਾਨ ਵੱਲੋਂ ਸਰਹੱਦ ਪਾਰ ਚਲਾਏ ਜਾ ਰਹੇ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਵੱਡਾ ਝਟਕਾ ਦਿੰਦਿਆਂ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ ਹੈਰੋਇਨ ਦੇ 26 ਪੈਕੇਟ ਬਰਾਮਦ ਕੀਤੇ ਜਿਹਨਾਂ ਦਾ ਵਜ਼ਨ 29.2 ਕਿਲੋਗ੍ਰਾਮ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮੁਹੰਮਦ ਅਜਮਲ ਰਿਆਨ ਵਾਸੀ ਪਿੰਡ ਕੰਗਣਪੁਰ ਜ਼ਿਲ੍ਹਾ ਕਸੂਰ, ਪੰਜਾਬ, ਪਾਕਿਸਤਾਨ ਅਤੇ ਸਿਵਨਾ ਵਾਸੀ ਪਿੰਡ ਅਲੀਪੁਰ, ਜ਼ਿਲ੍ਹਾ ਕਸੂਰ, ਪੰਜਾਬ, ਪਾਕਿਸਤਾਨ ਵਜੋਂ ਹੋਈ ਹੈ।
ਜ਼ਿਕਰਯੋਗ ਹੈ ਕਿ ਇਸ ਮਹੀਨੇ ਦੌਰਾਨ ਪੰਜਾਬ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਇਹ ਅੱਠਵੀਂ ਵੱਡੀ ਖੇਪ ਹੈ, ਜਿਸ ਨਾਲ ਸਿਰਫ਼ 20 ਦਿਨਾਂ ਵਿੱਚ ਹੀ ਹੈਰੋਇਨ ਦੀ ਕੁੱਲ ਬਰਾਮਦਗੀ 142 ਕਿਲੋ ਹੋ ਗਈ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਖੁਫ਼ੀਆ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਕਾਊਂਟਰ ਇੰਟੈਲੀਜੈਂਸ (ਸੀਆਈ) ਲੁਧਿਆਣਾ ਅਤੇ ਸੀਆਈ ਫਿਰੋਜ਼ਪੁਰ ਨੇ ਬੀਐਸਐਫ ਨਾਲ ਮਿਲ ਕੇ ਫਿਰੋਜ਼ਪੁਰ ਦੇ ਪਿੰਡ ਗਜ਼ਨੀ ਵਾਲਾ ਦੇ ਖੇਤਰ ਵਿੱਚ ਇੱਕ ਸਾਂਝਾ ਆਪ੍ਰੇਸ਼ਨ ਚਲਾ ਕੇ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ।
ਉਨ੍ਹਾਂ ਦੱਸਿਆ ਕਿ ਸੁਰੱਖਿਆ ਬਲਾਂ ਨਾਲ ਹੋਈ ਗੋਲੀਬਾਰੀ ਵਿੱਚ ਇੱਕ ਪਾਕਿਸਤਾਨੀ ਨਾਗਰਿਕ ਦੇ ਸੱਜੀ ਬਾਂਹ ਵਿੱਚ ਗੋਲੀ ਲੱਗੀ ਅਤੇ ਉਸ ਨੂੰ ਇਲਾਜ ਲਈ ਮਮਦੋਟ ਬੀਐਸਐਫ ਹਸਪਤਾਲ ਲਿਜਾਇਆ ਗਿਆ।
ਸਪੈਸ਼ਲ ਡੀਜੀਪੀ ਅੰਦਰੂਨੀ ਸੁਰੱਖਿਆ ਆਰ. ਐਨ. ਢੋਕੇ ਨੇ ਦੱਸਿਆ ਕਿ ਅੰਦਰੂਨੀ ਸੁਰੱਖਿਆ ਵਿੰਗ ਨੇ 1 ਜਨਵਰੀ, 2023 ਤੋਂ ਹੁਣ ਤੱਕ 193 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਏਆਈਜੀ ਸੀਆਈ ਲੁਧਿਆਣਾ ਸਿਮਰਤਪਾਲ ਸਿੰਘ ਢੀਂਡਸਾ ਨੇ ਦੱਸਿਆ ਕਿ ਸਰਹੱਦ ਪਾਰੋਂ ਭਾਰੀ ਮਾਤਰਾ ਵਿੱਚ ਹੈਰੋਇਨ ਦੀ ਆਮਦ ਹੋਣ ਸਬੰਧੀ ਮਿਲੀ ਭਰੋਸੇਮੰਦ ਸੂਚਨਾ ਦੇ ਆਧਾਰ ‘ਤੇ ਪੁਲਿਸ ਪਾਰਟੀ ਨੇ ਦੋ ਪਾਕਿਸਤਾਨੀ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ 29.2 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਗ੍ਰਿਫਤਾਰੀਆਂ ਹੋਣ ਦੀ ਉਮੀਦ ਹੈ।
ਏਆਈਜੀ ਸੀਆਈ ਫਾਜ਼ਿਲਕਾ ਲਖਬੀਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਐਨਡੀਪੀਐਸ ਐਕਟ ਦੀ ਧਾਰਾ 21ਸੀ, 29 ਅਤੇ 30, ਭਾਰਤੀ ਪਾਸਪੋਰਟ ਐਕਟ ਦੀ ਧਾਰਾ 3/34/20 ਅਤੇ ਵਿਦੇਸ਼ੀ ਐਕਟ ਦੀ ਧਾਰਾ 14 ਤਹਿਤ ਥਾਣਾ ਐਫਆਈਆਰ ਨੰਬਰ 29 ਮਿਤੀ 21/08/2023 ਨੂੰ ਐਸਐਸਓਸੀ ਫਾਜ਼ਿਲਕਾ ਵਿਖੇ ਦਰਜ ਕੀਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।

ਡੱਬੀ: ਪਿਛਲੇ 20 ਦਿਨਾਂ ਵਿੱਚ ਹੈਰੋਇਨ ਦੀਆਂ ਅੱਠ ਵੱਡੀਆਂ ਖੇਪਾਂ ਦੀ ਬਰਾਮਦਗੀ

17 ਅਗਸਤ: ਜਲੰਧਰ ਦਿਹਾਤੀ ਪੁਲਿਸ ਨੇ ਨਸ਼ਾ ਤਸਕਰ ਜੋਗਾ ਸਿੰਘ ਵਾਸੀ ਪਿੰਡ ਰਾਜਾਪੁਰ, ਲੁਧਿਆਣਾ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 8 ਕਿਲੋ ਹੈਰੋਇਨ ਬਰਾਮਦ ਕੀਤੀ।

11 ਅਗਸਤ: ਸੀ.ਆਈ. ਅੰਮ੍ਰਿਤਸਰ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਦਿਆਂ ਇੱਕ ਨਸ਼ਾ ਤਸਕਰ, ਜਿਸ ਦੀ ਪਹਿਚਾਣ ਹਰਪਾਲ ਸਿੰਘ ਉਰਫ਼ ਭੱਲਾ ਵਾਸੀ ਪਿੰਡ ਲੱਖਨਾ, ਜ਼ਿਲ੍ਹਾ ਤਰਨ ਤਾਰਨ ਵਜੋਂ ਹੋਈ ਹੈ, ਦੇ ਕਬਜ਼ੇ ਵਿੱਚੋਂ 5 ਕਿਲੋ ਹੈਰੋਇਨ ਬਰਾਮਦ ਕੀਤੀ।

10 ਅਗਸਤ: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਦਿਆਂ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 12 ਕਿਲੋ ਹੈਰੋਇਨ ਬਰਾਮਦ ਕੀਤੀ।

6 ਅਗਸਤ: ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਦੋ ਵੱਖ-ਵੱਖ ਰੈਕੇਟਾਂ ਦਾ ਪਰਦਾਫਾਸ਼ ਕਰਦਿਆਂ ਚਾਰ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 77.8 ਕਿਲੋ ਹੈਰੋਇਨ (41.8 ਕਿਲੋ+36 ਕਿਲੋ) ਅਤੇ ਤਿੰਨ ਪਿਸਤੌਲਾਂ ਬਰਾਮਦ ਕੀਤੀਆਂ।

5 ਅਗਸਤ: ਐਸ.ਐਸ.ਓ.ਸੀ. ਅੰਮ੍ਰਿਤਸਰ ਨੇ ਮਹਿਤਪੁਰ ਦੇ ਪਿੰਡ ਬੂਟੇ ਦੀਆ ਛੰਨਾ ਵਿਖੇ ਸੜਕ ਦੇ ਹੇਠਾਂ ਛੁਪਾ ਕੇ ਰੱਖੀ 4 ਕਿਲੋ ਹੈਰੋਇਨ ਬਰਾਮਦ ਕੀਤੀ।

3 ਅਗਸਤ: ਐਸ.ਐਸ.ਓ.ਸੀ ਅੰਮ੍ਰਿਤਸਰ ਨੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕਰਦਿਆਂ ਨਸ਼ਾ ਤਸਕਰ ਸ਼ਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 6 ਕਿਲੋ ਹੈਰੋਇਨ ਅਤੇ 1.5 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ।

LEAVE A REPLY

Please enter your comment!
Please enter your name here