ਪੰਜਾਬ ਸਰਕਾਰ ਵੱਲੋਂ ਪੰਜ ਕਾਰਡੀਅਕ ਕੇਅਰ ਸੈਂਟਰ ਖੋਲ੍ਹੇ ਜਾਣਗੇ: ਚੇਤਨ ਸਿੰਘ ਜੌੜਾਮਾਜਰਾ

0
167
ਚੰਡੀਗੜ, 3 ਅਕਤੂਬਰ:
ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦਿਲ ਸਬੰਧੀ ਬਿਮਾਰੀਆਂ ਦੇ ਇਲਾਜ ਲਈ ਪੰਜਾਬ ਵਿੱਚ 5 ਕਾਰਡੀਅਕ ਕੇਅਰ ਸੈਂਟਰ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਇਨ੍ਹਾਂ ਸੈਂਟਰਾਂ ਨੂੰ ਸਥਾਪਿਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਦੇ ਦੌਰ ‘ਚ ਦਿਲ ਸਬੰਧੀ ਬਿਮਾਰੀਆਂ ਦਾ ਬੜੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਗਰੀਬ ਲੋਕ ਪ੍ਰਾਈਵੇਟ ਹਸਪਤਾਲਾਂ ਵਿੱਚ ਮਹਿੰਗਾ ਇਲਾਜ ਨਹੀਂ ਕਰਵਾ ਸਕਦੇ ਕਿਉਂਕਿ ਸਰਕਾਰੀ ਹਸਪਤਾਲਾਂ ਵਿੱਚ ਦਿਲ ਦੀਆਂ ਬਿਮਾਰੀਆਂ ਸੰਬੰਧੀ ਪੁਖ਼ਤਾ ਸਿਹਤ ਸਹੂਲਤਾਂ ਦੀ ਘਾਟ ਹੈ। ਇਸ ਲਈ, ਗਰੀਬ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਮਿਆਰੀ ਸਿਹਤ ਸਹੂਲਤਾਂ ਦੇ ਨਾਂ ’ਤੇ ਹੋ ਰਹੀ ਲੁੱਟ ਤੋਂ ਬਚਾਉਣ ਲਈ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਰਾਹੀਂ ਸੂਬਾ ਸਰਕਾਰ ਵੱਲੋਂ ਬਠਿੰਡਾ, ਸੰਗਰੂਰ, ਜਲੰਧਰ, ਲੁਧਿਆਣਾ ਅਤੇ ਪਠਾਨਕੋਟ ਵਿਖੇ ਪੰਜ ਕਾਰਡੀਅਕ ਕੇਅਰ ਸੈਂਟਰ ਸਥਾਪਿਤ ਕੀਤੇ ਜਾ ਰਹੇ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਵਿਕਸਤ ਕੀਤੇ ਜਾਣ ਵਾਲੇ ਸੈਂਟਰ ਅਤਿ- ਆਧੁਨਿਕ ਸਿਹਤ ਸੰਭਾਲ ਉਪਕਰਣਾਂ ਨਾਲ ਲੈਸ ਹੋਣਗੇ ਅਤੇ ਇਸ ਵਿੱਚ ਤਜ਼ਰਬੇਕਾਰ ਡਾਕਟਰ ਅਤੇ ਸਹਾਇਕ ਸਟਾਫ ਹੋਵੇਗਾ ਅਤੇ ਮਰੀਜ਼ਾਂ ਨੂੰ ਰਿਆਇਤੀ ਦਰਾਂ ‘ਤੇ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਬਠਿੰਡਾ ਅਤੇ ਸੰਗਰੂਰ ਦੇ ਪ੍ਰਾਜੈਕਟ ਸਬੰਧੀ ਠੇਕਾ ਦੇਣ ਦੀ ਪ੍ਰਕਿਰਿਆ ਚਲ ਰਹੀ ਹੈ। ਹਾਲਾਂਕਿ ਬਾਕੀ ਤਿੰਨ ਕੇਂਦਰਾਂ ਜਲੰਧਰ, ਲੁਧਿਆਣਾ ਅਤੇ ਪਠਾਨਕੋਟ ਲਈ ਬੋਲੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਮੁਕੰਮਲ ਕਰ ਲਈ ਜਾਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਇਹ ਕਾਰਡੀਅਕ ਕੇਅਰ ਸੈਂਟਰ ਸੈਕੰਡਰੀ ਅਤੇ ਟਰਸ਼ਰੀ ਪੱਧਰ ਦੀਆਂ  ਸਿਹਤ ਸੇਵਾਵਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਿੱਚ ਇੱਕ ਅਹਿਮ ਕਦਮ ਸਾਬਤ ਹੋਣਗੇ ਅਤੇ ਅਜਿਹੇ ਲੋਕਾਂ ਨੂੰ ਆਪਣੀ ਜ਼ਿੰਦਗੀ ਦੀ ਸਾਰੀ ਜਮਾਂ ਪੂੰਜੀ ਇਲਾਜ ’ਤੇ ਖਰਚ ਨਹੀਂ ਕਰਨੀ ਪਵੇਗੀ।
ਪ੍ਰਾਜੈਕਟ ਨੂੰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ (ਪੀਪੀਪੀ) ਮੋਡ ‘ਤੇ ਵਿਕਸਤ ਕੀਤਾ ਜਾਵੇਗਾ, ਜਿਸ ਵਿੱਚ ਪ੍ਰਾਈਵੇਟ ਕੰਪਨੀਆਂ ਨੂੰ ਇਹ 5 ਜ਼ਿਲ੍ਹਾ ਹਸਪਤਾਲਾਂ ਵਿਖੇ (ਹਰੇਕ ਹਸਪਤਾਲ ’ਚ) ਕਾਰਡੀਅਕ ਕੇਅਰ ਸੈਂਟਰ ਦਾ ਨਿਰਮਾਣ ਕਰਨਾ ਹੋਵੇਗਾ ਅਤੇ ਇੱਕ ਪੂਰਵ-ਨਿਰਧਾਰਤ ਇਕਰਾਰਨਾਮੇ ਤਹਿਤ ਮਿੱਥੀ ਮਿਆਦ ਲਈ ਸੈਂਟਰ ਦਾ ਸੰਚਾਲਨ ਅਤੇ ਰੱਖ-ਰਖਾਅ  ਵੀ ਕਰਨਾ ਹੋਵੇਗਾ।

LEAVE A REPLY

Please enter your comment!
Please enter your name here