ਬਿਜਲੀ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ 35 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨੱਥੂਆਣਾ ਵਿਰਾਸਤੀ ਦਰਵਾਜੇ ਦਾ ਕੀਤਾ ਉਦਘਾਟਨ

0
140

ਅੰਮਿਤਸਰ 21 ਮਾਰਚ 2023–

ਜੰਡਿਆਲਾ ਗੁਰੂ ਨੂੰ ਇਕ ਸੁੰਦਰ ਸ਼ਹਿਰ ਬਣਾਇਆ ਜਾਵੇਗਾ ਅਤੇ ਇਸਦੇ ਵਿਕਾਸ ਕਾਰਜਾਂ ਵਿੱਚ ਕੋਈ ਵੀ ਕਸਰ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਜੰਡਿਆਲਾ ਹਲਕੇ ਨੂੰ ਸ਼ਹਿਰ ਵਰਗੀਆਂ ਸਾਰੀਆਂ ਸਹੂਲਤਾਂ ਮੁਹੱਈਆ ਹੋਣਗੀਆਂ।

ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ: ਹਰਭਜਨ ਸਿੰਘ ਈ.ਟੀ.ਓ. ਬਿਜਲੀ ਮੰਤਰੀ ਤੇ ਲੋਕ ਨਿਰਮਾਣ ਮੰਤਰੀ ਨੇ ਅੱਜ ਜੰਡਿਆਲਾ ਗੁਰੂ ਵਿਖੇ 35 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨੱਥੂਆਣਾ ਵਿਰਾਸਤੀ ਦਰਵਾਜੇ ਦਾ ਉਦਘਾਟਨ ਕਰਨ ਸਮੇਂ ਕੀਤਾ। ਸ: ਈ.ਟੀ.ਓ. ਨੇ ਦੱਸਿਆ ਕਿ ਜੰਡਿਆਲਾ ਗੁਰੂ ਇਕ ਇਤਿਹਾਸਿਕ ਕਸਬਾ ਹੈ ਜਿਥੇ ਸੱਤ ਵਿਰਾਸਤੀ ਦਰਵਾਜੇ ਬਣੇ ਹੋਏ ਹਨ। ਪਰੰਤੂ ਕੁਝ ਵਿਰਾਸਤੀ ਦਰਵਾਜਿਆਂ ਦੀ ਹਾਲਤ ਬਹੁਤ ਖਸਤਾ ਹੈ ਅਤੇ ਕੁਝ ਸਮੇਂ ਨਾਲ ਲੁਪਤ ਹੋ ਚੁੱਕੇ ਹਨ। ਉਨਾਂ ਦੱਸਿਆ ਕਿ ਮੁੜ ਇਨਾਂ ਵਿਰਾਸਤੀ ਦਰਵਾਜਿਆਂ ਨੂੰ ਉਸਾਰਿਆ ਜਾਵੇਗਾ ਅਤੇ ਜੰਡਿਆਲਾ ਸ਼ਹਿਰ ਨੂੰ ਇਕ ਨਵੀਂ ਰੂਪ ਰੇਖਾ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਵਿਰਾਸਤੀ ਦਰਵਾਜੇ ਤੋਂ ਇਲਾਵਾ 100 ਮੀਟਰ ਦੇ ਖੇਤਰ ਵਿੱਚ ਸੁੰਦਰੀਕਰਨ ਦਾ ਕੰਮ ਵੀ ਕੀਤਾ ਜਾਵੇਗਾ ਅਤੇ ਇਹ ਸਾਰਾ ਕੰਮ ਦੋ ਮਹੀਨਿਆਂ ਵਿੱਚ ਮੁਕੰਮਲ ਕਰ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਜੰਡਿਆਲਾ ਗੁਰੂ ਵਰਗੇ ਵਿਰਾਸਤੀ ਸ਼ਹਿਰ ਨੂੰ ਅਣਡਿੱਠਾ ਹੀ ਕੀਤਾ ਹੋਇਆ ਸੀ ਅਤੇ ਇਸਦੇ ਸੱਤਾਂ ਵਿਰਾਸਤੀ ਦਰਵਾਜਿਆਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ।

ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਬਣੇ ਠਠਿਆਰਾਂ ਵਾਲੇ ਬਾਜ਼ਾਰ ਨੂੰ ਵਿਰਾਸਤੀ ਦਿੱਖ ਦੇ ਦਿੱਤੀ ਗਈ ਹੈ। ਉਨਾਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਲੱਗਣ ਵਾਲਾ ਪੈਸਾ ਆਮ ਲੋਕਾਂ ਦਾ ਪੈਸਾ ਹੈ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਉਣਤਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨਾਂ ਕਿਹਾ ਕਿ ਸਾਰੇ ਵਿਕਾਸ ਕਾਰਜ ਗੁਣਵੱਤਾ ਭਰਪੂਰ ਹੋਣੇ ਚਾਹੀਦੇ ਹਨ ਅਤੇ ਮਿੱਥੇ ਸਮੇਂ ਦੌਰਾਨ ਮੁਕੰਮਲ ਕੀਤੇ ਜਾਣ।

ਇਸ ਮੌਕੇ ਮੰਤਰੀ ਜੀ ਦੀ ਮਾਤਾ ਸ੍ਰੀਮਤੀ ਸੁਰਿੰਦਰ ਕੌਰ, ਸ: ਸਤਿੰਦਰ ਸਿੰਘ, ਸ: ਸੁਖਵਿੰਦਰ ਸਿੰਘ ਸੋਨੀ, ਸ੍ਰੀਮਤੀ ਸੂਨੈਨਾ ਰੰਧਾਵਾ, ਸ੍ਰੀ ਨਰੇਸ਼ ਪਾਠਕ, ਐਕਸੀਐਨ ਸ੍ਰੀ ਦਿਆਲ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ।

LEAVE A REPLY

Please enter your comment!
Please enter your name here