ਮੁੱਖ ਮੰਤਰੀ ਦੀ ਆਮਦ ਤੇ ਮੰਗ ਪੱਤਰ ਦੇਣ ਜਾਂਦੇ ਬੇਰੁਜ਼ਗਾਰ ਰਸਤੇ ਵਿੱਚ ਰੋਕੇ ਬੇਰੁਜ਼ਗਾਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ

0
17
ਮੁੱਖ ਮੰਤਰੀ ਦੀ ਆਮਦ ਤੇ ਮੰਗ ਪੱਤਰ ਦੇਣ ਜਾਂਦੇ ਬੇਰੁਜ਼ਗਾਰ ਰਸਤੇ ਵਿੱਚ ਰੋਕੇ ਬੇਰੁਜ਼ਗਾਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ

ਮੁੱਖ ਮੰਤਰੀ ਦੀ ਆਮਦ ਤੇ ਮੰਗ ਪੱਤਰ ਦੇਣ ਜਾਂਦੇ ਬੇਰੁਜ਼ਗਾਰ ਰਸਤੇ ਵਿੱਚ ਰੋਕੇ
ਬੇਰੁਜ਼ਗਾਰਾਂ ਵੱਲੋਂ  ਪੰਜਾਬ ਸਰਕਾਰ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ
ਦਲਜੀਤ ਕੌਰ
ਬਰਨਾਲਾ, 28 ਅਪ੍ਰੈਲ, 2024: ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਰੁਜ਼ਗਾਰ ਦੀ ਮੰਗ ਕਰਦੇ ਬੇਰੁਜ਼ਗਾਰਾਂ ਦੇ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਮੰਗ ਪੱਤਰ ਦੇਣ ਦਾ ਸੰਘਰਸ਼ ਆਰੰਭਿਆ ਹੋਇਆ ਹੈ। ਇਸੇ  ਤਹਿਤ ਸਥਾਨਕ ਮੈਰੀ ਲੈਂਡ ਰਿਜ਼ੌਰਟ ਪਹੁੰਚ ਰਹੇ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਪਹੁੰਚੇ ਬੇਰੁਜ਼ਗਾਰਾਂ  ਨੂੰ ਸਥਾਨਕ  ਟੀ-ਪੁਆਇੰਟ ਨੇੜੇ ਓਵਰ ਬ੍ਰਿਜ ਕੋਲ ਪੁਲਿਸ ਪ੍ਰਸ਼ਾਸ਼ਨ ਵੱਲੋਂ ਡੱਕ ਲਿਆ ਗਿਆ।ਜਿੱਥੇ ਬੇਰੁਜ਼ਗਾਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਹੜੀ ਕਿ ਸ਼ਾਮ ਤੱਕ ਜਾਰੀ ਰਹੀ।
ਪੰਜ ਬੇਰੁਜ਼ਗਾਰ ਜਥੇਬੰਦੀਆਂ (ਬੀ ਐਡ ਟੈੱਟ ਪਾਸ,ਆਰਟ ਐਂਡ ਕਰਾਫਟ, ਓਵਰਏਜ਼ ਬੀ ਐਡ ਯੂਨੀਅਨ, ਮੈਥ/ਸਾਇੰਸ ਅਤ ਮਲਟੀ ਪਰਪਜ਼ ਹੈਲਥ ਵਰਕਰ ਯੂਨੀਅਨ) ਉੱਤੇ ਆਧਾਰਿਤ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਜਸਵੰਤ ਸਿੰਘ ਘੁਬਾਇਆ, ਰਮਨ ਕੁਮਾਰ ਮਲੋਟ, ਹਰਜਿੰਦਰ ਸਿੰਘ ਝੁਨੀਰ ਅਤੇ ਅਮਨ ਸੇਖਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਮੌਕੇ ਬੇਰੁਜ਼ਗਾਰਾਂ ਨਾਲ ਕੀਤੇ ਵਾਅਦਿਆਂ ਵਿੱਚੋ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ। ਸਿਹਤ ਅਤੇ ਸਿੱਖਿਆ ਵਿੱਚ ਇੱਕ ਵੀ ਅਸਾਮੀ ਉੱਤੇ ਭਰਤੀ ਕਰਨ ਦਾ ਇਸ਼ਤਿਹਾਰ ਜਾਰੀ ਨਹੀਂ ਕੀਤਾ, ਪਿਛਲੀ ਸਰਕਾਰ ਵੇਲੇ ਦੀਆਂ ਜਾਰੀ ਅਸਾਮੀਆਂ ਨੂੰ ਅਜੇ ਤੀਕ ਮੁਕੰਮਲ ਨਹੀਂ ਕੀਤਾ ਸਗੋਂ ਭਰਤੀਆਂ ਨੂੰ ਰੱਦ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਉਮਰ ਹੱਦ ਛੋਟ ਦੇਣ ਦਾ ਵਾਅਦਾ ਦੋ ਸਾਲ ਮਗਰੋ ਵੀ ਲਟਕ ਰਿਹਾ ਹੈ।ਉਹਨਾਂ ਦੱਸਿਆ ਕਿ ਹਰੇਕ 31 ਦਸੰਬਰ ਨੂੰ ਹਜ਼ਾਰਾਂ ਬੇਰੁਜ਼ਗਾਰ  ਉਮੀਦਵਾਰ ਓਵਰਏਜ਼ ਹੋ ਰਹੇ ਹਨ।
ਉਹਨਾਂ ਕਿਹਾ ਕਿ ਉਹ ਅੱਜ ਆਪਣੀਆਂ ਉਕਤ ਮੰਗਾਂ ਲਈ ਉਹ ਮੁੱਖ ਮੰਤਰੀ  ਪੰਜਾਬ ਨੂੰ ਆਪਣੀ ਮੰਗ ਦੱਸਣ ਜਾ ਰਹੇ ਸਨ।ਪ੍ਰੰਤੂ ਸੂਬਾ ਸਰਕਾਰ ਪੂਰੀ ਤਰਾਂ ਬੁਖਲਾ ਚੁੱਕੀ ਹੈ। ਜਿਸ ਕਰਕੇ ਬੇਰੁਜ਼ਗਾਰਾਂ ਦੀ ਜੁਬਾਨ ਬੰਦ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਆਉਂਦੇ ਸਮੇਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਪੰਜਾਬ ਦੇ ਪਿੰਡਾਂ ਵਿਚ ਸਵਾਲ ਕੀਤੇ ਜਾਣਗੇ। ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਮੰਗ ਪੱਤਰ ਦੇ ਕੇ ਲੰਘੇ ਦੋ ਸਾਲ ਦਾ ਲੇਖਾ ਜੋਖਾ ਪੁੱਛਿਆ ਜਾਵੇਗਾ।
ਇਸ ਮੌਕੇ ਮੁਨੀਸ਼ ਕੁਮਾਰ ਫਾਜ਼ਿਲਕਾ, ਰਣਬੀਰ ਸਿੰਘ ਨਦਾਮਪੁਰ, ਲਲਿਤਾ ਪਟਿਆਲਾ, ਲਖਵੀਰ ਬੀਹਲਾ, ਰੋਹਿਤ ਤਪਾ, ਅਵਤਾਰ ਹਰੀਗੜ੍ਹ, ਕਰਮਜੀਤ ਦਾਨਗੜ੍ਹ, ਅਮਨਦੀਪ ਪੁਰੀ ਭਦੌੜ, ਸੰਦੀਪ ਧੌਲਾ ਅਤੇ ਸੁਨੀਲ ਕੁਮਾਰ ਆਦਿ ਹਾਜ਼ਰ ਸਨ। ਖ਼ਬਰ ਲਿਖੇ ਜਾਣ ਤੱਕ ਬੇਰੁਜ਼ਗਾਰ ਓਵਰ ਬ੍ਰਿਜ ਹੇਠਾਂ ਡੱਟੇ ਹੋਏ ਸਨ। ਪ੍ਰਸ਼ਾਸ਼ਨ ਵੱਲੋਂ ਬੇਰੁਜ਼ਗਾਰਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਲਾਰਾ ਦਿੱਤਾ ਜਾ ਰਿਹਾ ਸੀ।
ਬੇਰੁਜ਼ਗਾਰਾਂ ਦੀਆਂ ਮੁੱਖ ਮੰਗਾਂ:
1 – ਉਮਰ ਹੱਦ ਛੋਟ ਦੇ ਕੇ ਮਾਸਟਰ ਕੇਡਰ ਦੇ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਉੱਤੇ ਭਰਤੀ ਕੀਤੀ ਜਾਵੇ।
2 – ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ ਸ਼ਰਤ 55 ਪ੍ਰਤੀਸ਼ਤ ਰੱਦ ਕੀਤੀ ਜਾਵੇ।
3 – ਆਰਟ ਐਂਡ ਕਰਾਫਟ ਦਾ ਲਿਖਤੀ ਪੇਪਰ ਤੁਰੰਤ ਲਿਆ ਜਾਵੇ।
4 – ਮਲਟੀ ਪਰਪਜ਼ ਹੈਲਥ ਵਰਕਰ ਦੀਆਂ ਸਾਰੀਆਂ ਖਾਲੀ ਅਸਾਮੀਆਂ ਉੱਤੇ ਉਮਰ ਹੱਦ ਛੋਟ ਦੇ ਕੇ ਭਰਤੀ ਕੀਤੀ ਜਾਵੇ।
5- ਲੈਕਚਰਾਰ ਦੇ ਸਾਰੇ ਵਿਸ਼ਿਆਂ ਦੀ ਭਰਤੀ ,ਕੰਬੀਨੇਸ਼ਨ ਦਰੁਸਤ ਕਰਕੇ ਮੁੜ ਤੋ ਜਾਰੀ ਕੀਤੀ ਜਾਵੇ ਅਤੇ ਓਵਰਏਜ਼ ਹੋ ਚੁੱਕੇ ਉਮੀਦਵਾਰਾਂ ਨੂੰ ਮੌਕਾ ਦਿੱਤਾ ਜਾਵੇ।

LEAVE A REPLY

Please enter your comment!
Please enter your name here