ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਰਘੁਨਾਥ ਡਾਲਿਆਣਾ ਮੰਦਿਰ, ਜੰਡਿਆਲਾ ਗੁਰੂ ਵਿਖੇ ਆਯੋਜਿਤ ‘ਰਾਮ ਸੁਮਿਰ ਮੇਂ’ ਪ੍ਰੋਗਰਾਮ ਦੇ ਤਹਿਤ ਸ਼੍ਰੀ ਰਾਮ ਕਥਾਮ੍ਰਿਤ ਵਿੱਚ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸੇਵਿਕਾ ਸਾਧਵੀ ਵਿਰੇਸ਼ਾ ਭਾਰਤੀ ਜੀ ਨੇ ਕੇਵਟ ਪ੍ਰਸੰਗ ਰਾਹੀਂ ਪ੍ਰਭੂ ਸ਼੍ਰੀ ਰਾਮ ਪ੍ਰਤੀ ਅਟੁੱਟ ਪ੍ਰੇਮ, ਵਿਸ਼ਵਾਸ ਅਤੇ ਨਿਸ਼ਕਾਮ ਭਗਤੀ ਦੀ ਮਹਿਮਾ ਦਾ ਵਰਣਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸ਼੍ਰੀ ਰਾਮ ਕਥਾ ਕੇਵਲ ਭਗਵਾਨ ਸ਼੍ਰੀ ਰਾਮ ਦੇ ਜੀਵਨ ਪ੍ਰਸੰਗਾਂ ਦਾ ਵਰਣਨ ਹੀ ਨਹੀਂ, ਸਗੋਂ ਮਨੁੱਖੀ ਜੀਵਨ ਨੂੰ ਆਦਰਸ਼ਾਂ, ਮਰਿਆਦਾ, ਪ੍ਰੇਮ ਅਤੇ ਅਧਿਆਤਮਿਕ ਗਿਆਨ ਨਾਲ ਜੋੜਨ ਦਾ ਇੱਕ ਦਿਵਯ ਮਾਧਿਅਮ ਹੈ। ਕਥਾ ਰਾਹੀਂ ਮਨੁੱਖ ਆਪਣੇ ਜੀਵਨ ਵਿੱਚ ਭਗਤੀ, ਨਿਮਰਤਾ, ਸੇਵਾ ਅਤੇ ਸਮਰਪਣ ਵਰਗੇ ਗੁਣਾਂ ਨੂੰ ਅਪਣਾਉਣ ਦੀ ਪ੍ਰੇਰਣਾ ਪ੍ਰਾਪਤ ਕਰਦਾ ਹੈ।
ਕੇਵਟ ਪ੍ਰਸੰਗ ਦਾ ਜ਼ਿਕਰ ਕਰਦਿਆਂ ਸਾਧਵੀ ਜੀ ਨੇ ਕਿਹਾ ਕਿ ਕੇਵਟ ਲਈ ਪ੍ਰਭੂ ਸ਼੍ਰੀ ਰਾਮ ਦੇ ਚਰਨਾਂ ਦੀ ਸੇਵਾ ਕਰਨਾ ਹੀ ਪਰਮ ਸੌਭਾਗ ਸੀ। ਉਸ ਦਾ ਪ੍ਰੇਮ ਕਿਸੇ ਸੰਸਾਰਕ ਸੁਆਰਥ ’ਤੇ ਆਧਾਰਿਤ ਨਹੀਂ ਸੀ, ਸਗੋਂ ਪੂਰਨ ਸ਼ਰਧਾ ਅਤੇ ਨਿਸ਼ਕਪਟ ਸਮਰਪਣ ਨਾਲ ਭਰਪੂਰ ਸੀ। ਇਹ ਪ੍ਰਸੰਗ ਸੰਦੇਸ਼ ਦਿੰਦਾ ਹੈ ਕਿ ਪ੍ਰਭੂ ਪ੍ਰਤੀ ਸੱਚੀ ਭਗਤੀ ਧਨ, ਅਹੁਦੇ ਜਾਂ ਬਾਹਰੀ ਦਿਖਾਵੇ ਨਾਲ ਨਹੀਂ, ਸਗੋਂ ਹਿਰਦੇ ਦੀ ਪਵਿੱਤਰਤਾ ਨਾਲ ਪ੍ਰਗਟ ਹੁੰਦੀ ਹੈ। ਸਾਧਵੀ ਜੀ ਨੇ ਸਮਝਾਇਆ ਕਿ ਪਰਮਾਤਮਾ ਪ੍ਰਤੀ ਪ੍ਰੇਮ ਅਤੇ ਵਿਸ਼ਵਾਸ ਉਦੋਂ ਹੀ ਦ੍ਰਿੜ੍ਹ ਹੁੰਦੇ ਹਨ, ਜਦੋਂ ਮਨੁੱਖ ਉਨ੍ਹਾਂ ਦੇ ਅਸਲ ਸਰੂਪ ਨੂੰ ਜਾਣਦਾ ਹੈ। ਗੋਸਵਾਮੀ ਤੁਲਸੀਦਾਸ ਜੀ ਦੇ ਸ਼ਬਦਾਂ ਵਿੱਚ, “ਜਾਨੇ ਬਿਨਾ ਨ ਹੋਇ ਪ੍ਰਤੀਤੀ, ਬਿਨੁ ਪ੍ਰਤੀਤੀ ਹੋਇ ਨਹਿੰ ਪ੍ਰੀਤੀ।” ਇਸ ਲਈ ਜੀਵਨ ਵਿੱਚ ਪੂਰਨ ਸਤਿਗੁਰੂ ਦਾ ਸੰਗ ਅਤੇ ਬ੍ਰਹਮਗਿਆਨ ਦੀ ਪ੍ਰਾਪਤੀ ਬੇਹੱਦ ਜ਼ਰੂਰੀ ਹੈ, ਜੋ ਮਨੁੱਖ ਨੂੰ ਪਰਮਾਤਮਾ ਦਾ ਪ੍ਰਤੱਖ ਅਨੁਭਵ ਕਰਵਾ ਕੇ ਉਸ ਦੀ ਭਗਤੀ ਨੂੰ ਸਥਾਈ ਆਧਾਰ ਪ੍ਰਦਾਨ ਕਰਦੇ ਹਨ।
ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਦੇ ਸੰਸਥਾਪਕ ਅਤੇ ਸੰਚਾਲਕ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਇਸੇ ਸਨਾਤਨ ਅਧਿਆਤਮਿਕ ਗਿਆਨ ਰਾਹੀਂ ਸਮੁੱਚੀ ਮਨੁੱਖਤਾ ਨੂੰ ਪਰਮਾਤਮਾ ਦੇ ਸਾਕਸ਼ਾਤਕਾਰ ਦੀ ਦਿਸ਼ਾ ਵੱਲ ਪ੍ਰੇਰਿਤ ਕਰ ਰਹੇ ਹਨ। ਸ਼੍ਰੀ ਰਾਮ ਕਥਾ ਦਾ ਅਸਲ ਉਦੇਸ਼ ਵੀ ਉਦੋਂ ਹੀ ਸਾਰਥਕ ਹੁੰਦਾ ਹੈ, ਜਦੋਂ ਇਸ ਦੇ ਦਿਵਯ ਸੰਦੇਸ਼ਾਂ ਨੂੰ ਸੁਣਨ ਦੇ ਨਾਲ-ਨਾਲ ਜੀਵਨ ਵਿੱਚ ਧਾਰਨ ਵੀ ਕੀਤਾ ਜਾਵੇ ਅਤੇ ਪ੍ਰਭੂ ਸ਼੍ਰੀ ਰਾਮ ਦੇ ਆਦਰਸ਼ਾਂ ’ਤੇ ਚੱਲਦਿਆਂ ਪ੍ਰੇਮ, ਸੇਵਾ, ਨਿਮਰਤਾ ਅਤੇ ਸਮਰਪਣ ਨਾਲ ਭਰਪੂਰ ਜੀਵਨ ਦਾ ਨਿਰਮਾਣ ਕੀਤਾ ਜਾਵੇ।
ਪ੍ਰੋਗਰਾਮ ਦੌਰਾਨ ਸਾਧਵੀ ਨੀਰਜਾ ਭਾਰਤੀ, ਸਾਧਵੀ ਕ੍ਰਿਸ਼ਨਪ੍ਰੀਤਾ ਭਾਰਤੀ, ਸ.ਸੁਵਿੰਦਰ ਬਬਲਾ, ਸ੍ਰੀ ਸਾਹਿਲ ਸ਼ਰਮਾ, ਸ ਪਰਗਟ ਸਿੰਘ, ਪ੍ਰਵੀਨ ਸ਼ਰਮਾ, ਸੁਰਿੰਦਰ ਸੋਨੂੰ (ਕੌਂਸਲਰ), ਪੰਡਿਤ ਰਘੁਵੀਰ,ਪੰਡਿਤ ਵੀਰ ਆਦਿ ਮੌਜੂਦ ਰਹੇ।
—







