ਪਾਣੀਪਤ, 12 ਅਕਤੂਬਰ। ਪਾਣੀਪਤ ਰਿਫਾਇਨਰੀ ਵਿੱਚ 483 ਲੈਂਡ ਯੂਜ਼ਰ ਪਰਿਵਾਰਾਂ ਨੂੰ ਰੁਜ਼ਗਾਰ ਦੇਣ ਦੀ ਮੰਗ ਨੂੰ ਲੈ ਕੇ ਸੋਮਵਾਰ ਨੂੰ ਅੱਠ ਮੈਂਬਰੀ ਵਫ਼ਦ ਨੇ ਰਿਫਾਇਨਰੀ ਪ੍ਰਬੰਧਨ ਨਾਲ ਮੀਟਿੰਗ ਕੀਤੀ। ਮੀਟਿੰਗ ਦੀ ਪ੍ਰਧਾਨਗੀ ਸਰਪੰਚ ਦੇ ਨੁਮਾਇੰਦੇ ਰਮੇਸ਼ ਕੁਮਾਰ ਨੇ ਕੀਤੀ। ਮੀਟਿੰਗ ਦੌਰਾਨ ਕਿਸਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਮੁੱਦੇ ’ਤੇ ਵਿਸਥਾਰ ਨਾਲ ਚਰਚਾ ਹੋਈ, ਪਰ ਦੋਵਾਂ ਧਿਰਾਂ ਵਿਚਕਾਰ ਕੋਈ ਸਹਿਮਤੀ ਨਹੀਂ ਬਣ ਸਕੀ। ਪ੍ਰਬੰਧਨ ਵੱਲੋਂ ਇਸ ਮਾਮਲੇ ’ਤੇ ਅਗਲੀ ਮੀਟਿੰਗ ਵਿੱਚ ਵਿਸਥਾਰ ਨਾਲ ਚਰਚਾ ਕਰਨ ਦੀ ਗੱਲ ਕਹੀ ਗਈ।
ਮੀਟਿੰਗ ਵਿੱਚ ਪਿੰਡ ਬੋਹਲੀ ਵੱਲੋਂ ਸਰਪੰਚ ਦੇ ਨੁਮਾਇੰਦੇ ਰਮੇਸ਼ ਕੁਮਾਰ, ਸਾਬਕਾ ਸਰਪੰਚ ਵਿਕਰਮ ਸਿੰਘ, ਸੱਜਣ ਸਿੰਘ ਨੰਬਰਦਾਰ, ਮਲਕੀਤ ਸਿੰਘ ਗੋਰਾਇਆ, ਸਵਰਨਦੀਪ ਸਿੰਘ, ਪਵਨ ਰੰਗਾ, ਅਸ਼ੋਕ ਕੁਮਾਰ ਅਤੇ ਭੁਪਿੰਦਰ ਸਿੰਘ ਸਮੇਤ ਹੋਰ ਪਿੰਡ ਵਾਸੀ ਮੌਜੂਦ ਸਨ। ਉੱਧਰ, ਰਿਫਾਇਨਰੀ ਪ੍ਰਬੰਧਨ ਵੱਲੋਂ ਸੀਜੀਐੱਮ ਓਮ ਪ੍ਰਕਾਸ਼, ਬੀ.ਐੱਸ. ਪਟਵਾ, ਸੰਜੇ ਕੁਮਾਰ ਅਤੇ ਸ੍ਰੀ ਤ੍ਰਿਪਾਠੀ ਹਾਜ਼ਰ ਰਹੇ।
ਪਿੰਡ ਵਾਸੀਆਂ ਨੇ ਦੱਸਿਆ ਕਿ ਸਾਲ 1987 ਵਿੱਚ ਪਾਣੀਪਤ ਰਿਫਾਇਨਰੀ ਲਈ ਪਿੰਡ ਬੋਹਲੀ ਦੇ 131 ਕਿਸਾਨਾਂ ਦੀ ਜ਼ਮੀਨ ਐਕੁਆਇਰ ਕੀਤੀ ਗਈ ਸੀ। ਉਸ ਸਮੇਂ ਕਿਸਾਨਾਂ ਨੂੰ ਜ਼ਮੀਨ ਦੇ ਮੁਆਵਜ਼ੇ ਵਜੋਂ 20 ਹਜ਼ਾਰ ਰੁਪਏ ਪ੍ਰਤੀ ਏਕੜ ਦਿੱਤੇ ਗਏ ਸਨ।
ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਕੁਝ ਕਿਸਾਨਾਂ ਦੀ ਜ਼ਮੀਨ ਨੂੰ ਬੰਜਰ ਦਿਖਾ ਕੇ ਮਨਮਾਨੇ ਢੰਗ ਨਾਲ ਸਿਰਫ਼ 5 ਹਜ਼ਾਰ ਰੁਪਏ ਪ੍ਰਤੀ ਏਕੜ ਦੀ ਦਰ ਨਾਲ ਮੁਆਵਜ਼ਾ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਸ ਸਮੇਂ ਰਿਫਾਇਨਰੀ ਦੇ ਅਧਿਕਾਰੀਆਂ ਨੇ ਜ਼ਮੀਨ ਤੋਂ ਪ੍ਰਭਾਵਿਤ ਕਿਸਾਨਾਂ ਦੇ ਬੱਚਿਆਂ ਨੂੰ ਰੁਜ਼ਗਾਰ ਦੇਣ ਦਾ ਭਰੋਸਾ ਦਿੱਤਾ ਸੀ। ਇਸ ਦੇ ਬਾਵਜੂਦ ਕਈ ਪਰਿਵਾਰਾਂ ਨੂੰ ਅੱਜ ਤੱਕ ਰੁਜ਼ਗਾਰ ਨਹੀਂ ਮਿਲਿਆ।
45 ਗੱਡੀਆਂ ਦੇ ਟੈਂਡਰ ਸਬੰਧੀ ਉਠਾਈ ਮੰਗ ਪਿੰਡ ਵਾਸੀਆਂ ਨੇ ਦੱਸਿਆ ਕਿ ਰਿਫਾਇਨਰੀ ਪ੍ਰਬੰਧਨ ਵੱਲੋਂ ਹੁਣ 45 ਗੱਡੀਆਂ ਲਈ ਟੈਂਡਰ ਮੰਗੇ ਗਏ ਹਨ। ਇਸ ਪ੍ਰਕਿਰਿਆ ਨੂੰ ਲੈ ਕੇ ਲੈਂਡ ਯੂਜ਼ਰ ਕਿਸਾਨ ਪਰਿਵਾਰਾਂ ਨੇ ਆਪਣਾ ਇਤਰਾਜ਼ ਪ੍ਰਗਟਾਇਆ ਹੈ।
ਪ੍ਰਭਾਵਿਤ ਪਰਿਵਾਰਾਂ ਦੀ ਮੰਗ ਹੈ ਕਿ ਇਨ੍ਹਾਂ ਗੱਡੀਆਂ ਨੂੰ ਸਿਰਫ਼ ਟੈਂਡਰ ਪ੍ਰਕਿਰਿਆ ਰਾਹੀਂ ਲਗਾਉਣ ਦੀ ਬਜਾਏ ਸਰਪੰਚ ਦੀ ਸਿਫ਼ਾਰਸ਼ ਦੇ ਆਧਾਰ ’ਤੇ ਪ੍ਰਭਾਵਿਤ ਲੈਂਡ ਯੂਜ਼ਰ ਪਰਿਵਾਰਾਂ ਨੂੰ ਪਹਿਲ ਦਿੱਤੀ ਜਾਵੇ, ਤਾਂ ਜੋ ਜ਼ਮੀਨ ਐਕੁਆਇਰ ਹੋਣ ਕਾਰਨ ਪ੍ਰਭਾਵਿਤ ਪਰਿਵਾਰਾਂ ਨੂੰ ਰੁਜ਼ਗਾਰ ਦੇ ਮੌਕੇ ਮਿਲ ਸਕਣ। ਪਿੰਡ ਵਾਸੀਆਂ ਨੇ ਉਮੀਦ ਜਤਾਈ ਕਿ ਆਉਣ ਵਾਲੀ ਮੀਟਿੰਗ ਵਿੱਚ ਪ੍ਰਬੰਧਨ ਨਾਲ ਗੱਲਬਾਤ ਰਾਹੀਂ ਇਸ ਮਸਲੇ ਦਾ ਹੱਲ ਕੱਢਿਆ ਜਾਵੇਗਾ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਠੋਸ ਕਦਮ ਚੁੱਕੇ ਜਾਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਹੱਲ ਨਾ ਹੋਇਆ ਤਾਂ ਕਿਸਾਨਾਂ ਨੂੰ ਅੰਦੋਲਨ ਕਰਨ ਲਈ ਮਜਬੂਰ ਹੋਣਾ ਪਵੇਗਾ।







