ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਸ਼ਰਾਬ ਵਿਕ੍ਰੇਤਾਵਾਂ ਨੂੰ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਲਈ ਦਿਸ਼ਾ ਨਿਰਦੇਸ਼ ਜਾਰੀ

0
33
ਚੋਣ ਕਮਿਸ਼ਨ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਹੋਵੇਗੀ ਸਖ਼ਤ ਕਾਰਵਾਈ
ਸੰਗਰੂਰ, 17 ਮਾਰਚ, 2024: ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਐਡੀਸ਼ਨਲ ਜ਼ਿਲ੍ਹਾ ਚੋਣ ਅਫ਼ਸਰ ਆਕਾਸ਼ ਬਾਂਸਲ ਨੇ ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀਆਂ ਅਤੇ ਸ਼ਰਾਬ ਦੇ ਵਿਕ੍ਰੇਤਾਵਾਂ ਨਾਲ ਮੀਟਿੰਗ ਕਰਦਿਆਂ ਲੋਕ ਸਭਾ ਚੋਣਾਂ ਸਬੰਧੀ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੇ ਆਦੇਸ਼ ਦਿੱਤੇ। ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਚੋਣਾਂ ਦੀ ਸਮੁੱਚੀ ਪ੍ਰਕਿਰਿਆ ਦੌਰਾਨ ਵੋਟਰਾਂ ਨੂੰ ਲੁਭਾਉਣ ਲਈ ਵਰਤੇ ਜਾਣ ਵਾਲੇ ਹਰ ਤਰ੍ਹਾਂ ਦੇ ਸੰਭਾਵਿਤ ਢੰਗਾਂ ਨੂੰ ਸਖ਼ਤੀ ਨਾਲ ਠੱਲ੍ਹ ਪਾਉਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਆਦਰਸ਼ ਚੋਣ ਜ਼ਾਬਤੇ ਦੀ ਕਿਸੇ ਵੀ ਢੰਗ ਨਾਲ ਉਲੰਘਣਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਐਡੀਸ਼ਨਲ ਜ਼ਿਲ੍ਹਾ ਚੋਣ ਅਫ਼ਸਰ ਨੇ ਸ਼ਰਾਬ ਦਾ ਗੈਰ ਕਾਨੂੰਨੀ ਢੰਗ ਨਾਲ ਭੰਡਾਰ ਕਰਨ ਤੋਂ ਰੋਕਣ ਲਈ ਚੌਕਸੀ ਵਧਾਏ ਜਾਣ ਦੀ ਹਦਾਇਤ ਕੀਤੀ। ਉਨ੍ਹਾਂ ਅੰਤਰ ਰਾਜੀ ਨਾਕਿਆਂ ’ਤੇ ਤਿੱਖੀ ਨਜ਼ਰ ਰੱਖਣ, ਸ਼ਰਾਬ ਦੀ ਵਿਕਰੀ ਦਾ ਰਿਕਾਰਡ ਰੋਜ਼ਾਨਾ ਦੇ ਆਧਾਰ ’ਤੇ ਸਟਾਕ ਰਜਿਸਟਰਾਂ ਵਿੱਚ ਦਰਜ ਕਰਨ, ਕਿਸੇ ਵੀ ਠੇਕੇ ’ਤੇ ਸ਼ਰਾਬ ਦੀ ਵੱਧ ਵਿਕਰੀ ਦਾ ਮਾਮਲਾ ਸਾਹਮਣੇ ਆਉਣ ’ਤੇ ਫੌਰੀ ਕਾਰਵਾਈ ਕਰਨ, ਗੁਆਂਢੀ ਰਾਜ ਨਾਲ ਜੁੜਦੇ ਜ਼ਿਲ੍ਹਾ ਸੰਗਰੂਰ ਦੇ ਪਿੰਡਾਂ ਦੇ ਰਸਤਿਆਂ ’ਤੇ ਮੁਸਤੈਦੀ ਵਧਾਉਣ, ਸਮੇਂ ਸਮੇਂ ’ਤੇ ਛਾਪਾਮਾਰੀ ਕਰਨ, ਐਕਸਾਈਜ਼ ਟੀਮਾਂ ਨੂੰ ਪੁਲਿਸ ਨਾਲ ਤਾਲਮੇਲ ਰੱਖਣ, ਰਿਪੋਰਟਾਂ ਸਮੇਂ ਸਿਰ ਭੇਜਣ ਸਮੇਤ ਹੋਰ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ।
ਮੀਟਿੰਗ ਦੌਰਾਨ ਏ.ਈ.ਟੀ.ਸੀ ਰੋਹਿਤ ਗਰਗ, ਏ.ਈ.ਟੀ.ਸੀ (ਜੀਐਸਟੀ) ਸੁਨੀਤਾ ਬੱਤਰਾ, ਈ.ਟੀ.ਓ ਰੁਪਿੰਦਰ ਰੰਧਾਵਾ, ਤਹਿਸੀਲਦਾਰ ਚੋਣਾਂ ਪਰਮਜੀਤ ਕੌਰ ਸਮੇਤ ਜ਼ਿਲ੍ਹੇ ਭਰ ਤੋਂ ਸ਼ਰਾਬ ਦੇ ਠੇਕੇਦਾਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here