ਵਿਦਿਅਕ ਅਦਾਰਿਆਂ ਵਿੱਚ ਵੋਟਰ ਜਾਗਰੂਕਤਾ ਪੈਦਾ ਕਰਨਗੇ ਇਲੈਕਟੋਰਲ ਲਿਟਰੇਸੀ ਕਲੱਬ

0
168
ਜ਼ਿਲ੍ਹਾ ਚੋਣ ਅਫ਼ਸਰ ਨੇ ਕਲੱਬ ਇੰਚਾਰਜਾਂ, ਮੈਂਬਰਾਂ ਅਤੇ ਕੈਂਪਸ ਅੰਬੈਸਡਰਾਂ ਨੂੰ ਦਿੱਤੀ ਜਾਣਕਾਰੀ
ਵਧੀਆ ਕੰਮ ਕਰਨ ਵਾਲੇ ਇੰਚਾਰਜਾਂ, ਮੈਂਬਰਾਂ ਅਤੇ ਕੈਂਪਸ ਅੰਬੈਸਡਰਾਂ ਨੂੰ ਰਾਸ਼ਟਰੀ ਵੋਟਰ ਦਿਵਸ ਮੌਕੇ ਕੀਤਾ ਜਾਵੇਗਾ ਸਨਮਾਨਿਤ : ਜਤਿੰਦਰ ਜੋਰਵਾਲ
ਦਲਜੀਤ ਕੌਰ
ਸੰਗਰੂਰ, 9 ਨਵੰਬਰ, 2022: ਜ਼ਿਲ੍ਹਾ ਚੋਣ ਅਫਸਰ-ਕਮ- ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜ਼ਿਲ੍ਹੇ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਵਿੱਚ ਵੋਟਰ ਜਾਗਰੂਕਤਾ ਪੈਦਾ ਕਰਨ ਸਬੰਧੀ ਨਿਯੁਕਤ ਕੀਤੇ ਗਏ ਇਲੈਕਟੋਰਲ ਲਿਟਰੇਸੀ ਕਲੱਬਾਂ ਦੇ ਇੰਚਾਰਜਾਂ, ਮੈਂਬਰਾਂ ਅਤੇ ਕੈਂਪਸ ਅੰਬੈਸਡਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਪੰਜਾਬ ਰਾਜ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਯੋਗਤਾ ਮਿਤੀ 01.01.2023 ਦੇ ਆਧਾਰ ਤੇ ਫੋਟੋ ਵੋਟਰ ਸੂਚੀਆਂ ਦੀ ਸੁਧਾਈ ਕਰਨ ਦਾ ਪ੍ਰੋਗਾਮ ਉਲੀਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੁਧਾਈ ਦਾ ਇਹ ਕੰਮ ਅੱਜ ਤੋਂ ਸ਼ੁਰੂ ਹੋ ਗਿਆ ਹੈ ਅਤੇ 8 ਦਸੰਬਰ ਤੱਕ ਲਗਾਤਾਰ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ 19 ਨਵੰਬਰ (ਦਿਨ ਸ਼ਨੀਵਾਰ), 20 ਨਵੰਬਰ ਦਿਨ ਐਤਵਾਰ ), 3 ਦਸੰਬਰ (ਦਿਨ ਸ਼ਨੀਵਾਰ ) ਅਤੇ ਮਿਤੀ 4 ਦਸੰਬਰ ( ਦਿਨ ਐਤਵਾਰ) ਨੂੰ ਪੋਲਿੰਗ ਸਟੇਸ਼ਨਾਂ ਤੇ ਨਿਯੁਕਤ ਕੀਤੇ ਗਏ ਬੂਥ ਲੈਵਲ ਅਫਸਰਾਂ ਵਲੋਂ ਸਪੈਸ਼ਲ ਕੈਂਪ ਲਗਾਏ ਜਾਣੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਮੁੱਖ ਚੋਣ ਅਫਸਰ ਪੰਜਾਬ ਵਲੋਂ ਜਾਰੀ ਕੀਤੇ ਗਏ ਅੰਕੜੇ ਅਨੁਸਾਰ ਜ਼ਿਲ੍ਹਾ ਸੰਗਰੂਰ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਯੁਵਾ ਵੋਟਰਾਂ ( 18-19 ਸਾਲ) ਦੀ ਵੋਟਰ ਰਜਿਸਟ੍ਰੇਸ਼ਨ ਇਸ ਉਮਰ ਦੀ ਆਬਾਦੀ ਨਾਲੋਂ ਕਾਫੀ ਘੱਟ ਹੈ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆਂ ਦਾ ਸਭ ਦਾ ਵੱਡਾ ਲੋਕਤੰਤਰੀ ਦੇਸ਼ ਹੈ ਅਤੇ ਦੇਸ਼ ਵਿੱਚ ਹਰੇਕ ਵਿਅਕਤੀ ਜੋ ਕਿ 18 ਸਾਲ ਦੀ ਉਮਰ ਪੂਰੀ ਕਰ ਲੈਂਦਾ ਹੈ, ਨੂੰ ਆਪਣੀ ਵੋਟ ਬਣਵਾਉਣ ਅਤੇ ਚੋਣਾਂ ਦੌਰਾਨ ਆਪਣੀ ਸਮਝ ਅਨੁਸਾਰ ਇਸ ਦਾ ਸਹੀ ਇਸਤੇਮਾਲ ਕਰਕੇ ਭਾਰਤ ਦੇ ਵਿਸ਼ਾਲ ਲੋਕਤੰਤਰ ਵਿੱਚ ਹਿੱਸਾ ਪਾਉਣ ਦਾ ਅਧਿਕਾਰ ਹੈ। ਇਸ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਵਲੋਂ ਇਸ ਵਾਰ ਵਿਸ਼ੇਸ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਸਾਲ 2023 ਦੌਰਾਨ ਕੁਲ ਚਾਰ ਯੋਗਤਾ ਮਿਤੀਆਂ ( 01 ਜਨਵਰੀ, 01 ਅਪ੍ਰੈਲ, 01 ਜੁਲਾਈ ਅਤੇ 01 ਅਕਤੂਬਰ) ਦੇ ਆਧਾਰ ਉਤੇ 17 ਸਾਲ ਪੂਰੀ ਕਰ ਚੁਕੇ ਯੁਵਾ ਵਿਅਕਤੀਆਂ ਪਾਸੋਂ ਬਤੌਰ ਵੋਟਰ ਰਜਿਸਟਰ ਹੋਣ ਸਬੰਧੀ ਐਡਵਾਂਸ ਤੌਰ ਤੇ ਫਾਰਮ ਪ੍ਰਾਪਤ ਕਰਨ ਦਾ ਉਪਰਾਲਾ ਕੀਤਾ ਗਿਆ ਹੈ।
 ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਪ੍ਰੋਗ੍ਰਾਮ ਰਾਹੀਂ ਈ.ਐਲ. ਸੀ. ਕਲੱਬਾਂ ਦੇ ਇੰਚਾਰਜ, ਮੈਂਬਰਾਂ, ਵੋਟਰ ਅਵੇਅਰਨੈਸ ਫੋਰਮ ਦੇ ਇੰਚਾਰਜਾਂ ਅਤੇ ਕੈਂਪਸ ਐਬਸਡਰਾਂ ਨੂੰ ਵਿਸ਼ੇਸ਼ ਤੌਰ ਤੇ ਅਪੀਲ ਕਰਦਿਆਂ ਕਿਹਾ ਕਿ ਆਪਣੇ- ਆਪਣੇ ਅਧੀਨ ਆਉਂਦੇ ਵਿਭਾਗਾਂ ਅਤੇ ਵਿਦਿਅਕ ਸੰਸਥਾਵਾਂ ਵਿੱਚ ਇਸ ਸਮੇਂ ਦੌਰਾਨ ਵਿਸ਼ੇਸ਼ ਮੁਹਿੰਮ ਚਲਾਈ ਜਾਵੇ ਅਤੇ ਸਾਲ 2023 ਦੀਆਂ ਉਕਤ ਚਾਰ ਤਿਮਾਹੀਆਂ ਦੇ ਆਧਾਰ ਤੇ 18 ਸਾਲ ਪੂਰੀ ਕਰਨ ਵਾਲੇ ਹਰੇਕ ਵਿਅਕਤੀ ਜਾਂ ਵਿਦਿਆਰਥੀ ਦਾ ਨਾਮ ਲਾਜ਼ਮੀ ਤੌਰ ਤੇ ਵੋਟਰ ਸੂਚੀ ਵਿੱਚ ਸ਼ਾਮਲ ਕਰਨ ਲਈ ਬਣਦੀ ਕਾਰਵਾਈ ਕਰਦੇ ਹੋਏ ਉਨ੍ਹਾਂ ਪਾਸੋਂ ਫਾਰਮ ਨੰ. 6 ਪ੍ਰਾਪਤ ਕਰ ਲਏ ਜਾਣ ਅਤੇ ਇਸ ਤੋਂ ਇਲਾਵਾ ਵੋਟਰ ਜਾਗਰੂਕਤਾ ਕਰਵਾਉਣ ਸਬੰਧੀ ਵੱਖ- ਵੱਖ ਸਵੀਪ ਗਤੀਵਿਧੀਆਂ ਕਰਵਾਉਂਦੇ ਹੋਏ ਵੋਟਰ ਜਾਗਰੂਕਤਾ ਕਰਵਾਉਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਵਧੀਆ ਅਤੇ ਸ਼ਲਾਘਾਯੋਗ ਕੰਮ ਕਰਨ ਵਾਲੇ ਇੰਚਾਰਜਾਂ, ਮੈਂਬਰਾਂ ਅਤੇ ਕੈਂਪਸ ਅੰਬੈਸਡਰਾਂ ਨੂੰ ਰਾਸ਼ਟਰੀ ਵੋਟਰ ਦਿਵਸ ਭਾਵ 25 ਜਨਵਰੀ 2023 ਨੂੰ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸਨਮਾਨਿਤ ਕੀਤਾ ਜਾਵੇਗਾ।

LEAVE A REPLY

Please enter your comment!
Please enter your name here