ਸਕਾਟਲੈਂਡ: ਇਤਿਹਾਸਕ ਹੋ ਨਿੱਬੜਿਆ ਗਲਾਸਗੋ ਦਾ ਵਿਸਾਖੀ ਨਗਰ ਕੀਰਤਨ

0
187

ਹਜਾਰਾਂ ਦੀ ਤਾਦਾਦ ਵਿੱਚ ਸੰਗਤਾਂ ਬਣੀਆਂ ਨਗਰ ਕੀਰਤਨ ਦਾ ਹਿੱਸਾ

ਚਾਰੇ ਗੁਰਦੁਆਰਾ ਸਾਹਿਬ ਕਮੇਟੀਆਂ ਵੱਲੋਂ ਸੰਗਤਾਂ ਦਾ ਧੰਨਵਾਦ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਦੇ ਖੂਬਸੂਰਤ ਸ਼ਹਿਰ ਗਲਾਸਗੋ ਵਿਖੇ ਵਿਸਾਖੀ ਤੇ ਖ਼ਾਲਸਾ ਸਾਜਨਾ ਦੇ ਸੰਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਕਰਵਾਇਆ ਗਿਆ। ਪੰਜ ਪਿਆਰੇ ਸਾਹਿਬਾਨਾਂ (ਲਭਾਇਆ ਸਿੰਘ ਮਹਿਮੀ, ਬਖਸ਼ੀਸ਼ ਸਿੰਘ ਦੀਹਰੇ, ਜਸਪਾਲ ਸਿੰਘ ਖਹਿਰਾ, ਕਸ਼ਮੀਰ ਸਿੰਘ ਉੱਪਲ, ਅਮਰੀਕ ਸਿੰਘ ਦੀਹਰੇ)ਦੀ ਅਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਕਾਸ਼ਮਾਨ ਕਰਕੇ ਸੁੰਦਰ ਪਾਲਕੀ ਸਾਹਿਬ ਨਾਲ ਨਗਰ ਕੀਰਤਨ ਦੀ ਗੁਰਦੁਆਰਾ ਗ੍ਰੰਥ ਸਾਹਿਬ ਐਲਬਰਟ ਡਰਾਈਵ ਤੋਂ ਸ਼ੁਰੂਆਤ ਹੋਈ। ਬਖਸ਼ੀਸ਼ ਸਿੰਘ ਦੀਹਰੇ ਤੇ ਉਹਨਾਂ ਦੇ ਸਪੁੱਤਰ ਹਰਦੀਪ ਸਿੰਘ ਸੋਢੀ ਦੀ ਅਣਥੱਕ ਮਿਹਨਤ ਨਾਲ ਤਿਆਰ ਪਾਲਕੀ ਸਾਹਿਬ ਵਾਲੇ ਵਾਹਨ ਦੇ ਚਾਲਕ ਵਜੋਂ ਬਾਬਾ ਬੁੱਢਾ ਦਲ ਗਲਾਸਗੋ ਦੇ ਮੁੱਖ ਸੇਵਾਦਾਰ ਹਰਜੀਤ ਸਿੰਘ ਖਹਿਰਾ ਨੇ ਸਾਰਾ ਦਿਨ ਸੇਵਾਵਾਂ ਨਿਭਾਈਆਂ। ਸੰਗਤਾਂ ਵੱਲੋਂ ਸਤਿਨਾਮ ਵਾਹਿਗੁਰੂ ਦਾ ਨਿਰੰਤਰ ਜਾਪ ਕਰਨ ਦੇ ਨਾਲ ਨਾਲ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗੱਤਕਾ ਅਖਾੜਾ ਦੇ ਵਿਦਿਆਰਥੀ ਗੱਤਕੇ ਦੇ ਜੌਹਰ ਵਿਖਾਉਂਦੇ ਰਹੇ। ਨਗਰ ਕੀਰਤਨ ਦਾ ਪਹਿਲਾ ਪੜਾਅ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰੂਘਰ ਵਿਖੇ ਹੋਇਆ। ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮੁੱਖ ਸੇਵਾਦਾਰ ਜੀਤ ਸਿੰਘ ਮਸਤਾਨ ਅਤੇ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀ ਸੰਗਤ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਨਗਰ ਕੀਰਤਨ ਦਾ ਦੂਸਰਾ ਪੜਾਅ ਏ ਬੀ ਐੱਸ ਕੈਸ਼ ਐਂਡ ਕੈਰੀ ਕੋਲ ਸੀ, ਜਿੱਥੇ ਸੰਗਤਾਂ ਲਈ ਸੁਆਦਲੇ ਪਕਵਾਨ ਬਹੁਤ ਹੀ ਸ਼ਰਧਾਪੂਰਵਕ ਛਕਾਏ ਗਏ। ਇਸ ਉਪਰੰਤ ਸ਼ਹਿਰ ਦੀ ਪਰਿਕਰਮਾ ਤੋਂ ਬਾਅਦ ਸੈਂਟਰਲ ਗੁਰਦੁਆਰਾ ਸਿੰਘ ਸਭਾ ਵਿਖੇ ਪੜਾਅ ਕੀਤਾ ਗਿਆ। ਜਿੱਥੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਚੌਧਰੀ ਤੇ ਸਮੁੱਚੀ ਕਮੇਟੀ ਵੱਲੋਂ ਸਵਾਗਤ ਕੀਤਾ ਗਿਆ। ਰਸਤੇ ਵਿੱਚ ਸੇਵਾਦਾਰਾਂ ਵੱਲੋਂ ਸੰਗਤਾਂ ਲਈ ਖਾਣ ਪੀਣ ਦੀਆਂ ਵਸਤਾਂ ਦੇ ਅਤੁੱਟ ਲੰਗਰ ਲਗਾਏ ਹੋਏ ਸਨ। ਸਮੁੱਚੇ ਨਗਰ ਕੀਰਤਨ ਦੌਰਾਨ ਸੰਗਤਾਂ ਦਾ ਅਨੁਸ਼ਾਸਨ ਕਾਬਲੇ ਤਾਰੀਫ਼ ਸੀ। ਰਾਗੀ ਸਿੰਘਾਂ ਵੱਲੋਂ ਸਾਰਾ ਦਿਨ ਰਸਭਿੰਨੇ ਕੀਰਤਨ ਦੀ ਸੇਵਾ ਨਿਭਾਈ ਗਈ।
ਅਖੀਰ ਗੁਰੂ ਨਾਨਕ ਸਿੱਖ ਗੁਰਦੁਆਰਾ ਓਟੈਗੋ ਸਟ੍ਰੀਟ ਵਿਖੇ ਇਹ ਨਗਰ ਕੀਰਤਨ ਅਗਲੇ ਸਾਲ ਮੁੜ ਮਿਲਣ ਦੇ ਵਾਅਦੇ ਨਾਲ ਸਮਾਪਤ ਹੋਇਆ। ਜਿੱਥੇ ਮੁੱਖ ਸੇਵਾਦਾਰ ਭੁਪਿੰਦਰ ਸਿੰਘ ਬਰਮੀਂ ਤੇ ਕਮੇਟੀ ਮੈਂਬਰਾਨ ਵੱਲੋਂ ਸਮੂਹ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ, ਅਣਥੱਕ ਸੇਵਾ ਲਈ ਸਮੂਹ ਸੇਵਾਦਾਰਾਂ ਅਤੇ ਸੰਗਤਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ।

LEAVE A REPLY

Please enter your comment!
Please enter your name here