ਸਕਾਟਲੈਂਡ : ਐੱਮ ਪੀ ਮਾਰਗਰੇਟ ਫੇਰੀਅਰ ਨੂੰ ਕੋਵਿਡ ਨਿਯਮਾਂ ਦੀ ਉਲੰਘਣਾ ਲਈ ਦੋਸ਼ੀ ਮੰਨਿਆ

0
314
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਦੀ ਸਾਬਕਾ ਐੱਸ ਐੱਨ ਪੀ ਪਾਰਟੀ ਦੀ ਐੱਮ ਪੀ ਮਾਰਗਰੇਟ ਫੇਰੀਅਰ ਨੂੰ ਕੋਵਿਡ ਦੌਰ ਦੇ ਦੌਰਾਨ ਸਤੰਬਰ 2020 ਵਿੱਚ ਇਕਾਂਤਵਾਸ ਹੋਣ ਲਈ ਕਹੇ ਜਾਣ ਤੋਂ ਬਾਅਦ ਸਕਾਟਲੈਂਡ ਅਤੇ ਲੰਡਨ ਵਿਚਕਾਰ ਇੱਕ ਰੇਲਗੱਡੀ ਵਿੱਚ ਯਾਤਰਾ ਕਰਕੇ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਦੀ ਦੋਸ਼ੀ ਮੰਨਿਆ ਹੈ। ਵੀਰਵਾਰ ਨੂੰ ਗਲਾਸਗੋ ਸ਼ੈਰਿਫ ਅਦਾਲਤ ਵਿਚ ਸੁਣਵਾਈ ਦੌਰਾਨ, ਫੇਰੀਅਰ ਨੇ ਮੰਨਿਆ ਕਿ ਉਸਨੇ ਲਾਪਰਵਾਹੀ ਕੀਤੀ ਸੀ। ਸਕਾਟਿਸ਼ ਨੈਸ਼ਨਲ ਪਾਰਟੀ ਦੀ ਸਾਬਕਾ ਮੈਂਬਰ ਪਾਰਲੀਮੈਂਟ ਜੋ ਕਿ ਹੁਣ ਰਦਰਗਲੇਨ ਅਤੇ ਹੈਮਿਲਟਨ ਵੈਸਟ ਲਈ ਇੱਕ ਸੁਤੰਤਰ ਸੰਸਦ ਮੈਂਬਰ ਹੈ, ਨੂੰ ਅਕਤੂਬਰ 2020 ਵਿੱਚ ਨਿਯਮ ਤੋੜਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਸਦੀ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਉਸ ਸਬੰਧੀ ਲੱਗੇ ਦੋਸ਼ ਵਿੱਚ ਕਿਹਾ ਗਿਆ ਹੈ ਕਿ ਉਸਨੇ ਜਾਣਬੁੱਝ ਕੇ ਗਲਾਸਗੋ ਅਤੇ ਆਲੇ ਦੁਆਲੇ ਦੇ ਖੇਤਰਾਂ ਵਿੱਚ ਯਾਤਰਾ ਕਰਨ ਦੇ ਨਾਲ-ਨਾਲ ਲੰਡਨ ਦੀ ਯਾਤਰਾ ਕਰਦੇ ਹੋਏ ਲੋਕਾਂ ਲਈ ਵਾਇਰਸ ਦੀ ਲਾਗ ਦਾ ਖਤਰਾ ਪੈਦਾ ਕੀਤਾ ਸੀ। ਜਦਕਿ ਇਸ ਯਾਤਰਾ ਦੇ ਪਿਛੋਕੜ ਦੀਆਂ ਰਿਪੋਰਟਾਂ ਇਕੱਠੀਆਂ ਕਰਨ ਲਈ ਸਜ਼ਾ ਅਗਲੇ ਮਹੀਨੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਕੋਵਿਡ ਟੈਸਟ ਦੇ ਨਤੀਜਿਆਂ ਦੀ ਉਡੀਕ ਕਰ ਰਹੀ ਫੇਰੀਅਰ ਨੇ 28 ਸਤੰਬਰ ਨੂੰ ਕਾਮਨਜ਼ ਵਿੱਚ ਗੱਲ-ਬਾਤ ਕੀਤੀ ਸੀ। ਕੋਵਿਡ ਦਾ ਸਕਾਰਾਤਮਕ ਨਤੀਜਾ ਪ੍ਰਾਪਤ ਕਰਨ ਤੋਂ ਬਾਅਦ ਉਸਨੇ ਅਗਲੇ ਦਿਨ ਗਲਾਸਗੋ ਵਾਪਸ ਰੇਲਗੱਡੀ ਰਾਹੀਂ ਜਾਣ ਦਾ ਫੈਸਲਾ ਕੀਤਾ ਸੀ ਕਿਉਂਕਿ ਉਹ ਦੋ ਹਫ਼ਤਿਆਂ ਲਈ ਲੰਡਨ ਦੇ ਇੱਕ ਹੋਟਲ ਦੇ ਕਮਰੇ ਵਿੱਚ ਇਕਾਂਤਵਾਸ ਹੋਣ ਬਾਰੇ ਚਿੰਤਤ ਸੀ। ਬਾਅਦ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਫੇਰੀਅਰ ਨੇ ਆਪਣੇ ਟੈਸਟ ਨਤੀਜਿਆਂ ਦੀ ਉਡੀਕ ਕਰਦੇ ਸਮੇਂ, ਇੱਕ ਬਿਊਟੀ ਸੈਲੂਨ ਅਤੇ ਇੱਕ ਦੁਕਾਨ ਸਮੇਤ ਆਪਣੇ ਹਲਕੇ ਵਿੱਚ ਸਥਾਨਾਂ ਦਾ ਦੌਰਾ ਕੀਤਾ ਸੀ।

LEAVE A REPLY

Please enter your comment!
Please enter your name here