ਸਤਿ ਸ੍ਰੀ ਅਕਾਲ ਜੀ। ਤੀਰਥ ਯਾਤਰਾ ਬਾਰੇ ਲਿਖਤ ਪ੍ਰਵਾਨ ਕਰਨੀ ਜੀ।
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਬਜ਼ੁਰਗਾਂ ਅਤੇ ਸ਼ਰਧਾਲੂਆਂ ਨੂੰ ਦੇਸ਼ ਭਰ ਦੇ ਪ੍ਰਮੁੱਖ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੇ ਮੁਫ਼ਤ ਦਰਸ਼ਨ ਕਰਵਾਉਣ ਲਈ ਸ਼ੁਰੂ ਕੀਤਾ ਗਿਆ ਇੱਕ ਬਹੁਤ ਹੀ ਸ਼ਲਾਘਾਯੋਗ ਅਤੇ ਪਵਿੱਤਰ ਉਪਰਾਲਾ ਹੈ। ਇਸ ਯੋਜਨਾ ਦਾ ਮੁੱਖ ਉਦੇਸ਼ ਉਨ੍ਹਾਂ ਆਰਥਿਕ ਤੌਰ ‘ਤੇ ਕਮਜ਼ੋਰ ਜਾਂ ਬਜ਼ੁਰਗ ਨਾਗਰਿਕਾਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਹੈ, ਜੋ ਪੈਸੇ ਦੀ ਕਮੀ ਜਾਂ ਹੋਰ ਪ੍ਰਬੰਧਾਂ ਦੀ ਘਾਟ ਕਾਰਨ ਆਪਣੇ ਜੀਵਨ ਵਿੱਚ ਤੀਰਥ ਯਾਤਰਾ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਪਿੰਡ ਬਜੀਦ ਪੁਰ ਦੇ ਨੌਜਵਾਨਾਂ ਨੇ ਸਮਾਜ ਸੇਵਾ ਅਤੇ ਮਨੁੱਖਤਾ ਦੀ ਇੱਕ ਵਧੀਆ ਮਿਸਾਲ ਪੇਸ਼ ਕਰਦਿਆਂ ਆਪਣੇ ਪਿੰਡ ਦੇ ਲੋੜਵੰਦ ਪਰਿਵਾਰਾਂ ਨੂੰ ਆਪ ਰਲ ਮਿਲ ਕੇ ਤੀਰਥ ਯਾਤਰਾ ਕਰਵਾਉਣ ਦਾ ਨੇਕ ਉਪਰਾਲਾ ਸੁਰੂ ਕੀਤਾ ਹੈ। ਨੌਜਵਾਨਾਂ ਨੇ ਆਪਸੀ ਸਹਿਯੋਗ ਨਾਲ ਲੋੜੀਂਦੇ ਫੰਡ ਇਕੱਠੇ ਕੀਤੇ ਅਤੇ ਯਾਤਰਾ ਲਈ ਬੱਸਾਂ ਵਿੱਚ ਆਉਣ-ਜਾਣ, ਰਹਿਣ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਦਾ ਪ੍ਰਬੰਧ ਕਰਨ ਦਾ ਫੈਸਲਾ ਕੀਤਾ ਹੈ। ਇਸ ਨੇਕ ਕਾਰਜ ਨਾਲ ਨਾ ਸਿਰਫ਼ ਲੋੜਵੰਦ ਵਿਅਕਤੀ ਦੀ ਧਾਰਮਿਕ ਇੱਛਾ ਪੂਰੀ ਹੋਵੇਗੀ ਸਗੋਂ ਪਿੰਡ ਵਿੱਚ ਸੇਵਾ, ਦਇਆ ਅਤੇ ਭਾਈਚਾਰੇ ਦੀ ਭਾਵਨਾ ਹੋਰ ਜ਼ਿਆਦਾ ਮਜ਼ਬੂਤ ਹੋਵੇਗੀ। ਪਿੰਡ ਬਜੀਦ ਪੁਰ ਦੇ ਨੌਜਵਾਨਾਂ ਦਾ ਕਹਿਣਾ ਹੈ ਕਿ ਲੋਕ ਗਾਥਾਵਾਂ ਵਿੱਚ ਸਰਵਣ ਪੁੱਤ ਬਹੁਤ ਜ਼ਿਆਦਾ ਗਰੀਬ ਸੀ ਪਰ ਫੇਰ ਵੀ ਉਸ ਨੇ ਆਪਣੇ ਨੇਤਰਹੀਣ ਮਾਂ-ਬਾਪ ਦੀ ਇੱਛਾ ਪੂਰੀ ਕਰਨ ਲਈ ਉਹਨਾਂ ਨੂੰ ਤੀਰਥ ਯਾਤਰਾ ਕਰਵਾਈ। ਅੱਜ ਅਸੀਂ ਪਰਦੇਸਾਂ ਵਿੱਚ ਆ ਕੇ ਖੂਬ ਕਮਾਈਆਂ ਕੀਤੀਆਂ ਹਨ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਾਨੂੰ ਜ਼ਿੰਦਗੀ ਜਿਊਣ ਲਈ ਹਰ ਸੁੱਖ ਸਹੂਲਤ ਮਿਲੀ ਹੈ। ਸਭ ਤੋਂ ਪਹਿਲਾਂ ਕੁਝ ਨੌਜਵਾਨਾਂ ਨੇ ਮਿਲ ਕੇ ਪਿੰਡ ਵਿੱਚ ਘਰ ਘਰ ਜਾ ਕੇ ਲੋੜਵੰਦ ਪਰਿਵਾਰਾਂ ਦੀ ਗਿਣਤੀ ਕੀਤੀ ਤੇ ਭਰੋਸਾ ਦਿਵਾਇਆ ਕਿ ਉਹ ਉਹਨਾਂ ਨੂੰ ਵੱਖ-ਵੱਖ ਸਮੇਂ ਤੇ ਵੱਖ-ਵੱਖ ਇਤਿਹਾਸਕ ਸਥਾਨਾਂ ਦੀ ਬੱਸ ਰਾਹੀਂ ਯਾਤਰਾ ਕਰਾਉਣਗੇ। ਇਸੇ ਨੇਕ ਕਾਰਜ ਦੀ ਸ਼ੁਰੂਆਤ ਕਰਦਿਆਂ ਸੰਗਰਾਂਦ ਵਾਲੇ ਦਿਨ ਮਿਤੀ 16/07/2026 ਦਿਨ ਵੀਰਵਾਰ ਨੂੰ ਸਵੇਰੇ ਛੇ ਵਜੇ ਪਿੰਡ ਬਜੀਦ ਪੁਰ ਤੋਂ ਗਿਆਨੀ ਤਰਲੋਚਨ ਸਿੰਘ ਜੀ ਦੇ ਅਰਦਾਸ ਕਰਨ ਉਪਰੰਤ ਸੰਗਤਾਂ ਦੀਆਂ ਭਰੀਆਂ ਦੋ ਬੱਸਾਂ ਸ੍ਰੀ ਅਨੰਦਪੁਰ ਸਾਹਿਬ ਜੀ ਲਈ ਰਵਾਨਾ ਹੋਈਆਂ ਸਨ। ਪਹਿਲਾ ਸੰਗਤਾਂ ਨੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਵਿਖੇ ਨਤਮਸਤਕ ਹੋ ਕੇ ਲੰਗਰ ਸੇਵਾ ਕੀਤੀ ਜੋ ਪੱਕੀ ਸੇਵਾ ਪਿਛਲੇ 20 ਸਾਲ ਤੋਂ ਪਿੰਡ ਬਜੀਦ ਪੁਰ ਤੋਂ ਹਰ ਸੰਗਰਾਂਦ ਵਾਲੇ ਦਿਨ ਪੱਕੀ ਸੇਵਾ ਜਾਂਦੀ ਹੈ, ਬਾਅਦ ਵਿੱਚ ਗੁਰਦੁਆਰਾ ਤਖ਼ਤ ਸ਼੍ਰੀ ਕੇਸਗੜ ਸਾਹਿਬ, ਗੁਰਦੁਆਰਾ ਟਿੱਬੀ ਸਾਹਿਬ ਰੋਪੜ ਵਿਖੇ ਦਰਸ਼ਨ ਦੀਦਾਰ ਕੀਤੇ ਤੇ ਮੁੜ ਬੱਸਾਂ ਵਿੱਚ ਬੈਠ ਕੇ ਆਪਣੇ ਪਿੰਡ ਖੁਸ਼ੀ ਖੁਸ਼ੀ ਪਰਤੀਆਂ। ਇਸ ਸੰਗਤ ਵਿੱਚ ਦੇਖਣ ਵਾਲੀ ਖਾਸ ਗੱਲ ਇਹ ਸੀ ਕਿ ਸਭ ਤੋਂ ਵੱਡੀ ਉਮਰ ਲਗਭਗ 95 ਸਾਲ ਦੇ ਸਰਦਾਰ ਬਖ਼ਸ਼ੀਸ਼ ਸਿੰਘ ਜੀ ਸਨ ਤੇ ਸਭ ਤੋਂ ਨਿੱਕੀ ਉਮਰ ਦਾ ਬੱਚਾ ਆਪਣੇ ਮਾਤਾ ਜੀ ਨਾਲ ਲਗਭਗ 15 ਮਹੀਨੇ ਦਾ ਸੰਗਤ ਵਿੱਚ ਸ਼ਾਮਲ ਸਨ।
ਨੌਜਵਾਨਾਂ ਨੇ ਇਹ ਸੰਦੇਸ਼ ਦਿੱਤਾ ਕਿ ਜੇਕਰ ਸਮਾਜ ਦੇ ਲੋਕ ਮਿਲ ਕੇ ਕੰਮ ਕਰਨ ਤਾਂ ਕਿਸੇ ਵੀ ਲੋੜਵੰਦ ਦੀ ਮਦਦ ਕਰਨਾ ਮੁਸ਼ਕਲ ਨਹੀਂ ਹੁੰਦਾ। ਅਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਪਿੰਡ ਬਜੀਦ ਪੁਰ ਦੇ ਨੌਜਵਾਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੇ ਇਸੇ ਤਰ੍ਹਾਂ ਨੇਕ ਕਾਰਜ ਕਰਦੇ ਰਹਿਣ।
ਸਰਬਜੀਤ ਸਿੰਘ ਜਰਮਨੀ







