ਸਤਿ ਸ੍ਰੀ ਅਕਾਲ ਜੀ, ਫ਼ਿਲਮ ਸਤਲੁਜ ਬਾਰੇ ਲਿਖਤ ਪ੍ਰਵਾਨ ਕਰਨਾ ਜੀ।

0
10
ਸਤਿ ਸ੍ਰੀ ਅਕਾਲ ਜੀ, ਫ਼ਿਲਮ ਸਤਲੁਜ ਬਾਰੇ ਲਿਖਤ ਪ੍ਰਵਾਨ ਕਰਨਾ ਜੀ।

ਪਿੰਡ ਬਜੀਦ ਪੁਰ ਵਿੱਚ  ‘ਸਤਲੁਜ’ ਵਿਖਾਈ!
ਦੁਆਬੇ ਦੀ ਜੰਨਤ ਪਿੰਡ ਬਜੀਦ ਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਰਦਾਰ ਅਮਰ ਸਿੰਘ ਜੀ ਸੁਤੰਤਰਤਾ ਸੈਨਾਨੀ ਦੇ ਨਾਮ ਉੱਤੇ ਬਣੇ ਕਮਿਊਨਿਟੀ ਹਾਲ(ਸਾਂਝਾ ਭਾਈਚਾਰਾ ਸਥਾਨ) ਜਿਹਨਾਂ ਨੇ ਆਜ਼ਾਦ ਹਿੰਦ ਫੌਜ (INA) ਵਿੱਚ ਇੱਕ ਸੁਤੰਤਰਤਾ ਸੈਨਾਨੀ ਵਜੋਂ ਭਾਰਤ ਦੀ ਆਜ਼ਾਦੀ ਲਈ ਆਪਣਾ ਯੋਗਦਾਨ ਪਾਇਆ ਸੀ ਵਿੱਚ ਸਾਰੇ ਪਿੰਡ ਵਾਸੀਆਂ ਨੂੰ ਇਕੱਠ ਕਰਕੇ ਦਿਖਾਈ ਗਈ ਫਿਲਮ ‘ਸਤਲੁਜ’ ਤਾਂ ਜੋ ਹਰ ਇੱਕ ਪੰਜਾਬੀ ਪੰਜਾਬ ਵਿੱਚ ਹੋਏ 1980-1990 ਦੇ ਦਹਾਕੇ ਦੇ ਅਸਲ ਦੁਖਾਂਤ ਬਾਰੇ ਜਾਣ ਸਕਣ। ਇਸ ਤਰ੍ਹਾਂ ਦੇ ਉਪਰਾਲੇ ਤਾਂ ਹੀ ਸੰਭਵ ਹੁੰਦੇ ਹਨ ਜੇਕਰ ਪਿੰਡ ਵਾਸੀਆਂ ਵਿੱਚ ਭਾਈਚਾਰਕ ਸਾਂਝ ਹੋਵੇ, ਪਿੰਡ ਵਿੱਚ ਸਭ ਦੀ ਏਕਤਾ ਹੋਵੇ। ਬਾਕੀ ਪਿੰਡਾਂ ਨੂੰ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਹਰ ਪੰਜਾਬੀ ਆਪਣੇ ਚੰਗੇ ਮਾੜੇ ਇਤਿਹਾਸ ਦਾ ਅਸਲ ਸੱਚ ਜਾਣ ਸਕੇ ਤੇ ਅਗਲੀ ਪੀੜ੍ਹੀ ਨੂੰ ਭਵਿੱਖ ਲਈ ਜਾਗਰੂਕ ਕੀਤਾ ਜਾ ਸਕੇ।
ਫਿਲਮ ‘ਸਤਲੁਜ’ (Satluj), ਜਿਸ ਨੂੰ ਪਹਿਲਾਂ ‘ਪੰਜਾਬ 95’ (Punjab 95) ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਇੱਕ ਬਹੁਤ ਹੀ ਚਰਚਿਤ ਭਾਰਤੀ ਬਾਇਓਗ੍ਰਾਫੀਕਲ ਫ਼ਿਲਮ ਹੈ। ਇਹ ਫ਼ਿਲਮ ਪੰਜਾਬ ਦੇ ਮਹਾਨ ਸ਼ਹੀਦ ਮਨੁੱਖੀ ਅਧਿਕਾਰਾਂ ਦੇ ਰਾਖੇ  ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਦੇ ਜੀਵਨ ਅਤੇ ਉਨ੍ਹਾਂ ਦੇ ਮਨੁੱਖਤਾ ਲਈ ਕੀਤੇ ਸੰਘਰਸ਼ ‘ਤੇ ਆਧਾਰਿਤ ਹੈ। ਇਸ ਫ਼ਿਲਮ ਵਿੱਚ ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਦੀ ਭੂਮਿਕਾ ਮਸ਼ਹੂਰ ਅਦਾਕਾਰ ਦਿਲਜੀਤ ਸਿੰਘ ਦੋਸਾਂਝ ਨੇ ਨਿਭਾਈ ਹੈ ਜੋ ਫ਼ਿਲਮ ਵਿੱਚ  ਦੇਖਣ ਸਮੇਂ ਬਿਲਕੁਲ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਵਰਗੇ ਹੀ ਨਜ਼ਰ ਆਉਂਦੇ ਹਨ। ਦਿਲਜੀਤ ਸਿੰਘ ਦੁਸਾਂਝ ਦੀ ਇਹ ਖਾਸੀਅਤ ਹੈ ਕਿ ਉਹ ਹਰ ਫ਼ਿਲਮ ਵਿੱਚ ਮਿਲੇ ਕਿਰਦਾਰ ਨੂੰ ਨਿਭਾਉਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਹਿੰਦੇ ਹਨ।
ਫ਼ਿਲਮ ‘ਸਤਲੁਜ’ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਨੇ ਪੰਜਾਬ ਪੁਲਿਸ ਦੁਆਰਾ ਕੀਤੇ ਗਏ ਕਥਿਤ ਫਰਜ਼ੀ ਮੁਕਾਬਲਿਆਂ ਅਤੇ ਹਜ਼ਾਰਾਂ (ਲਗਭਗ 25,000) ਅਣਪਛਾਤੀਆਂ ਲਾਸ਼ਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਸ਼ਮਸ਼ਾਨਘਾਟਾਂ ਵਿੱਚ ਸਸਕਾਰ ਕਰਨ ਦੇ ਸੱਚ ਨੂੰ ਦੁਨੀਆ ਦੇ ਸਾਹਮਣੇ ਲਿਆ ਰੱਖਿਆ ਸੀ।  ਉਨ੍ਹਾਂ ਦੇ ਇਸੇ ਮਹਾਨ ਕਾਰਜ ਤੋਂ ਬਾਅਦ ਸਤੰਬਰ 1995 ਵਿੱਚ ਪੁਲਿਸ ਦੁਆਰਾ ਉਨ੍ਹਾਂ ਨੂੰ ਅਗਵਾ ਕੀਤੇ ਜਾਣਾ ਅਤੇ ਉਨ੍ਹਾਂ ਦੀ ਸ਼ਹਾਦਤ ਦੇ ਦਰਦਨਾਕ ਸਫ਼ਰ ਨੂੰ ਪੇਸ਼ ਕੀਤਾ ਗਿਆ ਹੈ। ਫਿਲਮ ਦੇਖਣ ਸਮੇਂ ਸਾਡੇ ਆਲੇ ਦੁਆਲੇ ਪਿੰਡਾਂ ਸ਼ਹਿਰਾਂ ਦੇ ਉਹ ਨੌਜਵਾਨ ਵੀ ਯਾਦ ਆਉਂਦੇ ਹਨ ਜਿਹੜੇ ਉਸ ਸਮੇਂ ਘਰੋਂ ਕਿਸੇ ਕੰਮ ਲਈ ਗਏ ਪਰ ਮੁੜ ਅੱਜ ਤੱਕ ਵਾਪਸ ਨਾ ਪਰਤੇ।
ਫ਼ਿਲਮ ਨਿਰਦੇਸ਼ਕ ਹਨੀ ਤ੍ਰੇਹਨ (Honey Trehan) ਵੱਲੋਂ  ਬਹੁਤ ਵਧੀਆ ਭੂਮਿਕਾਵਾਂ ਪੇਸ਼ ਕੀਤੀਆਂ ਗਈਆਂ ਹਨ। ਦਿਲਜੀਤ ਸਿੰਘ ਦੋਸਾਂਝ ਤੋਂ ਇਲਾਵਾ ਇਸ ਫ਼ਿਲਮ ਵਿੱਚ ਅਰਜੁਨ ਰਾਮਪਾਲ, ਕੰਵਲਜੀਤ ਸਿੰਘ, ਸੁਵਿੰਦਰ ਵਿੱਕੀ, ਅਤੇ ਗੀਤਿਕਾ ਵਿਦਿਆ ਓਹਲਿਆਨ ਵਰਗੇ ਮਸ਼ਹੂਰ ਪੰਜਾਬੀ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ।  ਭਾਰਤ ਵਿੱਚ ਡਿਜੀਟਲ ਪਲੇਟਫਾਰਮ ਤੋਂ ਹਟਾਏ ਜਾਣ ਤੋਂ ਬਾਅਦ ਇਹ ਫ਼ਿਲਮ ਪੰਜਾਬ ਦੇ ਕਈ ਪਿੰਡਾਂ, ਲੰਗਰ ਹਾਲਾਂ, ਸਕੂਲਾਂ, ਕਾਲਜਾਂ  ਵਿੱਚ ਸਾਂਝੀਆਂ ਸਕ੍ਰੀਨਿੰਗਾਂ  ਤੇ ਦਿਖਾਈ ਜਾ ਰਹੀ ਹੈ। ਸਰਕਾਰੀ ਤੌਰ ਤੇ ਭਾਵੇਂ ਫ਼ਿਲਮ ਤੇ ਪਾਬੰਦੀ ਲਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਗਿਆ ਪਰ ਹਰ ਪੰਜਾਬੀ ਨੇ ਆਪਣਾ ਫਰਜ਼ ਸਮਝਦਿਆਂ ਇਸ ਫ਼ਿਲਮ ਨੂੰ ਕੁਝ ਕੁ ਘੰਟਿਆਂ ਵਿੱਚ ਸ਼ੇਅਰ ਕਰਕੇ ਇਹ ਸਾਬਤ ਕੀਤਾ ਹੈ ਕਿ ਜੇਕਰ ਪੰਜਾਬੀ ਰਲ ਜਾਣ ਤਾਂ ਸਭ ਕੁਝ ਸੰਭਵ ਹੈ।
ਪ੍ਰਣਾਮ ਸ਼ਹੀਦਾਂ ਨੂੰ!

ਸਰਬਜੀਤ ਸਿੰਘ ਜਰਮਨੀ

Tirthsingh3@yahoo.com

LEAVE A REPLY

Please enter your comment!
Please enter your name here