ਸਰਕਾਰੀ ਸਕੂਲਾਂ ‘ਚ ਵਿਜ਼ਿਟਿੰਗ ਫੈਕਲਟੀ ਰੱਖਣ ਦਾ ਫ਼ੈਸਲਾ ਪੱਕੀ ਭਰਤੀ ਦਾ ਰਾਹ ਬੰਦ ਕਰਨ ਦੀ ਸਾਜ਼ਿਸ਼: ਡੀਟੀਐੱਫ ਪੰਜਾਬ

0
113

ਡੀਟੀਐੱਫ ਵੱਲੋਂ ਸਰਕਾਰੀ ਸਕੂਲਾਂ ਵਿੱਚ ਵਿਜ਼ਿਟਿੰਗ ਫੈਕਲਟੀ ਰੱਖਣ ਦੇ ਫ਼ੈਸਲੇ ਦੀ ਸਖ਼ਤ ਨਿਖੇਧੀ

ਚੰਡੀਗੜ੍ਹ, 28 ਅਗਸਤ, 2023: ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਪੰਜਾਬ ਮੰਤਰੀ ਮੰਡਲ ਵੱਲੋਂ 12ਵੀਂ ਜਮਾਤ ਵਾਲੇ ਸਕੂਲਾਂ ਵਿੱਚ ਵਿਜ਼ਿਟਿੰਗ ਫੈਕਲਟੀ ਰੱਖਣ ਦੀ ਪ੍ਰਵਾਨਗੀ ਦੇਣ ਦੇ ਫੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਮੰਤਰੀ ਮੰਡਲ ਦਾ ਇਹ ਫੈਸਲਾ ਪੱਕੀ ਭਰਤੀ ਦਾ ਰਾਹ ਬੰਦ ਕਰਨ ਦੀ ਸਾਜ਼ਿਸ਼ ਹੈ। ਆਗੂਆਂ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਲੈਕਚਰਾਰਾਂ ਦੀ ਭਰਤੀ ਦੀ ਪ੍ਰੀਖਿਆ ਨੂੰ ਕਈ ਵਾਰ ਮੁਲਤਵੀ ਕਰਨਾ ਪਹਿਲਾਂ ਹੀ ਸਰਕਾਰ ਦੀ ਨੀਤ ਵਿੱਚ ਖੋਟ ਨੂੰ ਦਰਸਾਉਂਦਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਮੰਤਰੀ ਮੰਡਲ ਦੇ ਇਸ ਫੈਸਲੇ ਤੋਂ ਪਹਿਲਾਂ ਸਕੂਲਾਂ ਵਿੱਚ ਕੈਂਪਸ ਮੈਨੇਜਰ, ਚੌਂਕੀਦਾਰ ਅਤੇ ਸਫ਼ਾਈ ਸੇਵਕਾਂ ਦੀ ਪੱਕੀ ਭਰਤੀ ਤੋਂ ਕਿਨਾਰਾ ਵੱਟ ਲਿਆ ਗਿਆ ਹੈ ਅਤੇ ਹੁਣ ਅਧਿਆਪਕਾਂ ਦੀ ਪੱਕੀ ਭਰਤੀ ਕਰਨ ਦੀ ਥਾਂ ਡੰਗ ਟਪਾਊ ਨੀਤੀ ਲਿਆ ਕੇ ਸਕੂਲੀ ਜਨਤਕ ਸਿੱਖਿਆ ਦੇ ਢਾਂਚੇ ਨੂੰ ਤਹਿਸ ਨਹਿਸ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਰਕਾਰੀ ਕਾਲਜਾਂ ਵਿੱਚ ਖਾਲੀ ਅਸਾਮੀਆਂ ਨੂੰ ਭਰਨ ਦੀ ਥਾਂ ਗੈਸਟ ਫੈਕਲਟੀ ਲੈਕਚਰਾਰਾਂ ਰਾਹੀਂ ਡੰਗ ਟਪਾਵੇ ਦੀ ਨੀਤੀ ਅਪਣਾਉਂਦਿਆਂ ਉਚੇਰੀ ਸਿੱਖਿਆ ਵਿੱਚ ਨਿਘਾਰ ਲਿਆਂਦਾ ਗਿਆ ਹੈ ਅਤੇ ਇੰਨ੍ਹਾਂ ਗੈਸਟ ਫੈਕਲਟੀ ਲੈਕਚਰਾਰਾਂ ਦਾ ਆਰਥਿਕ ਸ਼ੋਸਣ ਕੀਤਾ ਜਾ ਰਿਹਾ ਹੈ ਹੁਣ ਇਹੋ ਨੀਤੀ ਸਕੂਲਾਂ ਵਿੱਚ ਲਿਆ ਕੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਦੀ ਸਾਜ਼ਿਸ਼ ਘੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉੱਚ ਯੋਗਤਾ ਪ੍ਰਾਪਤ ਬੇਰੁਜ਼ਗਾਰ ਅਧਿਆਪਕ ਆਪਣੇ ਰੁਜ਼ਗਾਰ ਲਈ ਸੰਘਰਸ਼ ਕਰ ਰਹੇ ਹਨ,ਪਰ ਸਰਕਾਰ ਉਨ੍ਹਾਂ ਨੂੰ ਰੁਜ਼ਗਾਰ ਦੇਣ ਦੀ ਬਿਜਾਏ ਸੇਵਾ ਮੁਕਤ ਮੁਲਾਜ਼ਮਾਂ ਭਰਤੀ ਕਰਨ ਦੇ ਰਾਹ ਪੈ ਗਈ ਹੈ।

ਜ਼ਿਕਰਯੋਗ ਹੈ ਕਿ ਅੱਜ ਮੰਤਰੀ ਮੰਡਲ ਨੇ ਸੂਬੇ ਦੇ ਸਰਕਾਰੀ ਸਕੂਲਾਂ ਵਿਚ ਵਿਜ਼ਟਿੰਗ ਫੈਕਲਟੀ ਦੀ ਨਿਯੁਕਤੀ ਕਰਨ ਦੇ ਫ਼ੈਸਲੇ ਨੂੰ ਮਨਜ਼ੂਰੀ ਦਿੱਤੀ ਹੈ। ਇਹ ਨਿਯੁਕਤੀ ਕਿਸੇ ਨਵੇਂ ਭਰਤੀ ਹੋਣ ਵਾਲੇ ਬੇਰੁਜ਼ਗਾਰ ਨੌਜਵਾਨ ਦੀ ਨਹੀਂ, ਸਗੋਂ ਕਿਸੇ ਵੀ ਸਰਕਾਰੀ/ਪ੍ਰਾਈਵੇਟ ਸਕੂਲ/ਕਾਲਜ ਜਾਂ ਯੂਨੀਵਰਸਿਟੀ ਤੋਂ ਟੀਚਿੰਗ ਫੈਕਲਟੀ ਵਜੋਂ ਸੇਵਾ-ਮੁਕਤ ਹੋਇਆ ਵਿਅਕਤੀ ਤਜਵੀਜ਼ਤ ‘ਵਿਜ਼ਟਿੰਗ ਰਿਸੋਰਸ ਫੈਕਲਟੀ ਸਕੀਮ’ ਲਈ ਯੋਗ ਹੋਵੇਗਾ, ਦੀ ਕੀਤੀ ਜਾਵੇਗੀ ਪਹਿਲੇ ਪੜਾਅ ਵਿਚ ਸੂਬੇ ਦੇ 117 ਸਰਕਾਰੀ ਸਕੂਲਾਂ ‘ਚ ਵਿਜ਼ਟਿੰਗ ਫੈਕਲਟੀ ਨਿਯੁਕਤ ਕੀਤੇ ਜਾਣਗੇ ਅਤੇ ਉਸ ਤੋਂ ਬਾਅਦ ਬਾਕੀ ਸਕੂਲਾਂ ਵਿੱਚ ਇਹ ਨਿਯੁਕਤੀਆਂ ਕੀਤੀਆਂ ਜਾਣੀਆਂ ਹਨ।

ਡੀਟੀਐੱਫ ਦੇ ਆਗੂਆਂ ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਰਘਵੀਰ ਭਵਾਨੀਗੜ੍ਹ, ਜਸਵਿੰਦਰ ਔਜਲਾ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪਵਨ ਕੁਮਾਰ ਮੁਕਤਸਰ, ਮਹਿੰਦਰ ਕੌੜਿਆਂਵਾਲੀ, ਤੇਜਿੰਦਰ ਸਿੰਘ, ਰੁਪਿੰਦਰ ਗਿੱਲ ਅਤੇ ਸੁਖਦੇਵ ਡਾਨਸੀਵਾਲ ਨੇ ਕਿਹਾ ਕਿ ਜੱਥੇਬੰਦੀ ਵੱਲੋਂ ਸਰਕਾਰ ਦੀ ਇਸ ਸਾਜ਼ਿਸ਼ ਦਾ ਲੋਕਾਂ ਵਿੱਚ ਪਰਦਾ ਫਾਸ਼ ਕਰਦੇ ਹੋਏ ਜ਼ੋਰਦਾਰ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਪਹਿਲਾਂ ਸ਼ੁਰੂ ਕੀਤੀ ਲੈਕਚਰਾਰਾਂ ਦੀ ਭਰਤੀ ਪ੍ਰਕਿਰਿਆ ਨੂੰ ਮੁਕੰਮਲ ਕੀਤਾ ਜਾਵੇ ਅਤੇ ਵਿਜ਼ਟਿੰਗ ਫੈਕਲਟੀ ਦੀ ਥਾਂ ਸਕੂਲਾਂ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕਾਂ ਦੀਆਂ ਖਾਲੀ ਪਈਆਂ ਅਸਾਮੀਆਂ ਦੇ ਇਸ਼ਤਿਹਾਰ ਜਾਰੀ ਕਰਕੇ ਬੇਰੁਜ਼ਗਾਰ ਅਧਿਆਪਕਾਂ ਨੂੰ ਭਰਤੀ ਦਾ ਮੌਕਾ ਦਿੱਤਾ ਜਾਵੇ।

LEAVE A REPLY

Please enter your comment!
Please enter your name here