ਸੰਗਰੂਰ ਪ੍ਰਸ਼ਾਸਨ ਦਾ ਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਤਹਿਤ ਨਿਵੇਕਲਾ ਉਪਰਾਲਾ

0
21
ਸੰਗਰੂਰ ਪ੍ਰਸ਼ਾਸਨ ਦਾ ਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਤਹਿਤ ਨਿਵੇਕਲਾ ਉਪਰਾਲਾ ਸੁਨਾਮ ਦਾ ਰਹਿਣ ਵਾਲਾ ਮਨਮੋਹਨ ਸਿੰਘ ਸਾਇਕਲ ਯਾਤਰਾ ਰਾਹੀਂ ਪੂਰੇ ਪੰਜਾਬ ਦੇ ਵੋਟਰਾਂ ਨੂੰ ਕਰੇਗਾ ਵੋਟ ਪਾਉਣ ਲਈ ਉਤਸ਼ਾਹਿਤ

ਸੰਗਰੂਰ ਪ੍ਰਸ਼ਾਸਨ ਦਾ ਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਤਹਿਤ ਨਿਵੇਕਲਾ ਉਪਰਾਲਾ
ਸੁਨਾਮ ਦਾ ਰਹਿਣ ਵਾਲਾ ਮਨਮੋਹਨ ਸਿੰਘ ਸਾਇਕਲ ਯਾਤਰਾ ਰਾਹੀਂ ਪੂਰੇ ਪੰਜਾਬ ਦੇ ਵੋਟਰਾਂ ਨੂੰ ਕਰੇਗਾ ਵੋਟ ਪਾਉਣ ਲਈ ਉਤਸ਼ਾਹਿਤ
ਦਲਜੀਤ ਕੌਰ
ਸੰਗਰੂਰ, 30 ਅਪ੍ਰੈਲ, 2024: ਭਾਰਤੀ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਦੀ ਅਗਵਾਈ ਵਿੱਚ ਵੋਟਰਾਂ ਨੂੰ ਆਗਾਮੀ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੱਧ-ਚੜ੍ਹ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਜਾਗਰੂਕ ਕਰਨ ਦੇ ਮਕਸਦ ਨਾਲ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ। ਇਸ ਨਿਵੇਕਲੇ ਉਪਰਾਲੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਸਵੀਪ ਗਤੀਵਿਧੀਆਂ ਅਧੀਨ ਸੁਨਾਮ ਦੇ ਰਹਿਣ ਵਾਲੇ ਮਨਮੋਹਨ ਸਿੰਘ ਨੂੰ ਸਾਇਕਲ ਯਾਤਰਾ ਜ਼ਰੀਏ ਵੋਟਰ ਜਾਗਰੂਕਤਾ ਦਾ ਜ਼ਿੰਮਾ ਸੰਭਾਲਿਆ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਸੰਗਰੂਰ ਜ਼ਿਲ੍ਹੇ ਦੇ ਵੋਟਰਾਂ ਨੂੰ ਵੋਟ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਰੋਜ਼ਾਨਾ ਪੱਧਰ ਤੇ ਸਵੀਪ ਅਧੀਨ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸੇ ਲੜੀ ਤਹਿਤ ਸਾਇਕਲਿਸਟ ਮਨਮੋਹਨ ਸਿੰਘ ਸੰਗਰੂਰ ਲੋਕ ਸਭਾ ਹਲਕੇ ਸਮੇਤ ਪੰਜਾਬ ਦੇ ਸਾਰੇ 13 ਲੋਕ ਸਭਾ ਹਲਕਿਆਂ ਵਿੱਚ ਸਾਇਕਲ ਯਾਤਰਾ ਜ਼ਰੀਏ ਵੋਟਰਾਂ ਨੂੰ ਵੋਟ ਦੇ ਅਧਿਕਾਰ ਦੀ ਲਾਜ਼ਮੀ ਤੌਰ ਤੇ ਵਰਤੋਂ ਲਈ ਪ੍ਰੇਰਿਤ ਕਰਨਗੇ।
ਜ਼ਿਲ੍ਹਾ ਨੋਡਲ ਅਫ਼ਸਰ ਸਵੀਪ-ਕਮ-ਐਸ.ਡੀ.ਐਮ. ਭਵਾਨੀਗੜ੍ਹ ਵਿਨੀਤ ਕੁਮਾਰ ਨੇ ਦੱਸਿਆ ਕਿ ਸਾਇਕਲਿਸਟ ਮਨਮੋਹਨ ਸਿੰਘ ਦੀ ਸੁਵਿਧਾ ਲਈ ਉਨ੍ਹਾਂ ਦੀ ਯਾਤਰਾ ਦੌਰਾਨ ਰਾਤ ਰੁਕਣ ਅਤੇ ਸਿਹਤ ਸੰਭਾਲ ਲਈ ਪੁਖਤਾ ਇੰਤਜ਼ਾਮ ਕਰਵਾਏ ਜਾਣੇ ਯਕੀਨੀ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਨਾਂ ਕਿਸੇ ਲਾਲਚ, ਪ੍ਰਭਾਵ ਜਾਂ ਭੇਦ-ਭਾਵ ਤੋਂ ਵੋਟ ਪਾਉਣ ਲਈ ਉਤਸ਼ਾਹਤ ਕਰਨ ਲਈ ਅਜਿਹੀਆਂ ਗਤੀਵਿਧੀਆਂ ਲਗਾਤਾਰ ਸੰਗਰੂਰ ਜ਼ਿਲ੍ਹੇ ਵਿੱਚ ਜਾਰੀ ਰੱਖੀਆਂ ਜਾਣਗੀਆਂ।
ਜ਼ਿਕਰਯੋਗ ਹੈ ਕਿ ਸਾਇਕਲਿੰਗ ਦਾ ਸ਼ੌਕ ਰੱਖਣ ਵਾਲੇ ਮਨਮੋਹਨ ਸਿੰਘ ਨੇ ਇਸ ਯਾਤਰਾ ਤੋਂ ਪਹਿਲਾਂ ਵੀ ਸ੍ਰੀਨਗਰ ਤੋਂ ਲੈਕੇ ਕੰਨਿਆਕੁਮਾਰੀ ਤੱਕ ਦਾ ਲਗਭਗ 3,700 ਕਿਲੋਮੀਟਰ ਦਾ ਸਫ਼ਰ 19 ਦਿਨਾਂ ਵਿੱਚ, ਸੁਨਾਮ ਤੋਂ ਲੇਹ-ਲੱਦਾਖ ਦਾ 1990 ਕਿਲੋਮੀਟਰ ਦਾ ਸਫ਼ਰ 13 ਦਿਨਾਂ ਵਿੱਚ ਤੈਅ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਸੁਨਾਮ ਤੋਂ ਚੀਨ ਦੀ ਸਰਹੱਦ ਨਾਲ ਲੱਗਦੇ ਚਿਤਕੁਲ ਘਾਟੀ ਦੇ ਆਖਰੀ ਭਾਰਤੀ ਪਿੰਡ, ਸੁਨਾਮ ਤੋਂ ਹੇਮਕੁੰਟ ਸਾਹਿਬ ਅਤੇ ਸੁਨਾਮ ਤੋਂ ਜੈਪੁਰ ਵਾਇਆ ਸਾਲਾਸਰ ਧਾਮ ਦਾ ਸਫ਼ਰ ਸਾਇਕਲ ਉਪਰ ਕਰਨ ਦੇ ਕਾਰਨਾਮਿਆਂ ਨੂੰ ਅੰਜਾਮ ਦਿੱਤਾ ਗਿਆ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੀਤਇੰਦਰ ਘਈ, ਤਹਿਸੀਲਦਾਰ ਚੋਣਾਂ ਪਰਮਜੀਤ ਕੌਰ, ਸਵੀਪ ਸੈੱਲ ਤੋਂ ਕੁਲਵੀਰ ਸਿੰਘ ਅਤੇ ਸੁਨਾਮ ਤੋਂ ਪੰਕਜ ਡੋਗਰਾ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here