ਸੰਧੂ ਸਮੁੰਦਰੀ ਦੇ ਉੱਦਮਾਂ ਸਦਕਾ ‘ਵਿਕਸਿਤ ਅੰਮ੍ਰਿਤਸਰ ਇਨਵੈਸਟਮੈਂਟ’ ਨੇ ਅੰਮ੍ਰਿਤਸਰ ’ਚ ਨੌਜਵਾਨਾਂ ਦੇ ਸਟਾਰਟ-ਅੱਪ ਲਈ 800 ਕਰੋੜ ਰੁਪਏ ਤੋਂ ਵੱਧ ਦੀ ਰਕਮ ਜੁਟਾਈ।

0
18
ਸੰਧੂ ਸਮੁੰਦਰੀ ਦੇ ਉੱਦਮਾਂ ਸਦਕਾ ‘ਵਿਕਸਿਤ ਅੰਮ੍ਰਿਤਸਰ ਇਨਵੈਸਟਮੈਂਟ’ ਨੇ ਅੰਮ੍ਰਿਤਸਰ ’ਚ ਨੌਜਵਾਨਾਂ ਦੇ ਸਟਾਰਟ-ਅੱਪ ਲਈ 800 ਕਰੋੜ ਰੁਪਏ ਤੋਂ ਵੱਧ ਦੀ ਰਕਮ ਜੁਟਾਈ।

ਸੰਧੂ ਸਮੁੰਦਰੀ ਦੇ ਉੱਦਮਾਂ ਸਦਕਾ ‘ਵਿਕਸਿਤ ਅੰਮ੍ਰਿਤਸਰ ਇਨਵੈਸਟਮੈਂਟ’ ਨੇ ਅੰਮ੍ਰਿਤਸਰ ’ਚ ਨੌਜਵਾਨਾਂ ਦੇ ਸਟਾਰਟ-ਅੱਪ ਲਈ 800 ਕਰੋੜ ਰੁਪਏ ਤੋਂ ਵੱਧ ਦੀ ਰਕਮ ਜੁਟਾਈ।
ਨਸ਼ਿਆਂ ਦਾ ਖ਼ਾਤਮਾ ਅਤੇ ਗੁਰੂ ਨਗਰੀ ਦਾ ਵਿਕਾਸ ਪ੍ਰਮੁੱਖ ਏਜੰਡਾ – ਤਰਨਜੀਤ ਸਿੰਘ ਸੰਧੂ ਸਮੁੰਦਰੀ।
ਵੀ ਐਫ ਐਸ ਗਲੋਬਲ ਸੈਂਟਰ, ਐਸ ਈ ਜੈਡ, ਏਮਜ਼ ਅਤੇ ਕੇਂਦਰੀ ਯੂਨੀਵਰਸਿਟੀ, ਆਈ ਟੀ ਹੱਬ ਬਣਾਉਣ ਦਾ ਵੀ ਦਿੱਤਾ ਭਰੋਸਾ।
ਅੰਮ੍ਰਿਤਸਰ 3 ਮਈ (        ) ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਵੱਲੋਂ ਅੰਮ੍ਰਿਤਸਰ ਦੇ ਨੌਜਵਾਨਾਂ ਨੂੰ ਸਮਰੱਥ ਬਣਾਉਣ ਦੀ ਸ਼ੁਰੂ ਕੀਤੀ ਗਈ ਕਵਾਇਦ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਇਹ ਸ਼ਹਿਰ ਲਈ ਇਕ ਵੱਡੀ ਪ੍ਰਾਪਤੀ ਹੈ ਕਿ ਸੰਧੂ ਸਮੁੰਦਰੀ ਦੇ ਉੱਦਮਾਂ ਸਦਕਾ ਅੰਮ੍ਰਿਤਸਰ ਵਿਚ 2 ਅਪ੍ਰੈਲ ਨੂੰ ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ਫੋਰਮ ਅਤੇ ਫਿੱਕੀ ਦੇ ਸਹਿਯੋਗ ਨਾਲ ਕਰਾਏ ਗਏ ਅਮਰੀਕਾ ਭਾਰਤ ਸਿਖਿਆ ਅਤੇ ਵਪਾਰ ਸੰਮੇਲਨ 2024 ਦੌਰਾਨ ਲਏ ਗਏ ਫ਼ੈਸਲਿਆਂ ਦੀ ਰੋਸ਼ਨੀ ਵਿਚ ਅਮਰੀਕੀ ਨਾਗਰਿਕਾਂ ਅਤੇ ਪ੍ਰਵਾਸੀ ਭਾਰਤੀ ਭਾਈਚਾਰੇ ਵੱਲੋਂ ਇਕ ‘ਵਿਕਸਿਤ ਅੰਮ੍ਰਿਤਸਰ ਇਨਵੈਸਟਮੈਂਟ (ਐਲ ਐਲ ਸੀ)’ ਦਾ ਗਠਨ ਕੀਤਾ ਗਿਆ। ਜਿਸ ਦਾ ਉਦੇਸ਼ ਅੰਮ੍ਰਿਤਸਰ ਵਿੱਚ ਨੌਜਵਾਨ ਉੱਦਮੀਆਂ ਨੂੰ ਰੋਜ਼ਗਾਰ ਅਤੇ ਆਪਣਾ ਸਟਾਰਟ-ਅੱਪ ਸ਼ੁਰੂ ਕਰਨ ਦੀ ਇੱਕ ਨਿਵੇਸ਼ ਪਹਿਲਕਦਮੀ ਹੈ। ਜਿਸ ਤਹਿਤ ਵੀ.ਏ.ਆਈ. ਵੱਲੋਂ ਇਕ ਸੌ ਮਿਲੀਅਨ ਡਾਲਰ ਭਾਵ ਕਿ 800 ਕਰੋੜ ਤੋਂ ਵੱਧ ਦੀ ਰਕਮ ਜੁਟਾਈ ਗਈ ਹੈ।
ਅੱਜ ਸਮੁੰਦਰੀ ਹਾਊਸ ਗਰੀਨ ਐਵਿਨਿਊ ਵਿਖੇ ਇਸ ਬਾਰੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਦੱਸਿਆ ਕਿ ਉਕਤ ਪ੍ਰਾਪਤੀ ਦੇ ਮੁੱਖ ਸੂਤਰਧਾਰ ਅਮਰੀਕਾ ’ਚ ਅੰਮ੍ਰਿਤਸਰ ਮੂਲ ਦੇ ਨਾਮਵਰ ਕਾਰਡੀਅਕ ਸਰਜਨ ਡਾ. ਸੰਜੀਵ ਲਖਨਪਾਲ ਅਤੇ ਸੰਯੁਕਤ ਰਾਜ- ਭਾਰਤ ਰਣਨੀਤਕ ਭਾਈਵਾਲੀ ਫੋਰਮ (ਯੂਐਸਆਈਐਸਪੀਐਫ) ਦੇ ਸੀਈਓ ਡਾ. ਮੁਕੇਸ਼ ਆਘੀ ਅਤੇ ਫੈਡਰੇਸ਼ਨ ਆਨ ਇੰਡੀਅਨ ਚੈਂਬਰ ਆਫ ਕਾਮਰਸ, ਐਂਡ ਇੰਡਸਟਰੀਜ਼ (ਫਿੱਕੀ) ਦੇ ਜਨਰਲ ਸਕੱਤਰ ਸ਼੍ਰੀ ਸ਼ੈਲੇਸ਼ ਕੁਮਾਰ ਦੀ ਸਾਂਝੇਦਾਰੀ ਵਿੱਚ ਅੰਮ੍ਰਿਤਸਰ ਵਿਖੇ ਪਿਛਲੇ ਮਹੀਨੇ  ਆਯੋਜਿਤ ਬਿਜ਼ਨਸ ਕਨਕਲੇਵ ਦੇ ਸਿੱਟੇ ਵਜੋਂ ਹਾਸਲ ਹੋਈ ਹੈ। ਜਿਸ ਨਾਲ ਅੰਮ੍ਰਿਤਸਰ ਦੇ ਵਿੱਚ ਉਦਮਤਾ ਅਤੇ ਸਟਾਰਟ-ਅੱਪਸ ਨੂੰ ਉਤਸ਼ਾਹਿਤ ਕਰਕੇ ਹਲਕੇ ਦੇ ਵਿਕਾਸ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕੀਤਾ ਜਾਵੇਗਾ।  ਇਸ ਤਹਿਤ ਖੇਤੀਬਾੜੀ, ਉਦਯੋਗ ਅਤੇ ਵਣਜ, ਹੁਨਰ ਵਿਕਾਸ, ਸਿਖਿਆ, ਸੂਚਨਾ ਤਕਨਾਲੋਜੀ, ਸਿਹਤ ਸੰਭਾਲ, ਸੈਰ-ਸਪਾਟਾ, ਹੋਸਪੀਟੈਲਟੀ ਆਦਿ ਦੇ ਖੇਤਰਾਂ ਵਿੱਚ ਨਿਵੇਸ਼ ਹੋਵੇਗਾ।  ਤਾਂ ਜੋ ਉਦਯੋਗਿਕ ਖੇਤਰ ਖ਼ਾਸ ਕਰਕੇ ਔਰਤਾਂ ਅਤੇ ਨੌਜਵਾਨਾਂ ਨੂੰ ਅੰਮ੍ਰਿਤਸਰ ਵਿੱਚ ਵਧਣ-ਫੁੱਲਣ ਦੇ ਮੌਕੇ ਪ੍ਰਦਾਨ ਕੀਤੇ ਜਾ ਸਕਣ। ਸਾਰੇ ਨਿਵੇਸ਼ਾਂ ਨੂੰ ਵੀ.ਏ.ਆਈ. ਦੀ ਉੱਚ ਨਿਵੇਸ਼ ਕਮੇਟੀ ਦੁਆਰਾ ਮਨਜ਼ੂਰੀ ਦਿੱਤੀ ਜਾਵੇਗੀ। ਇਸ ਫੰਡਿੰਗ ਲਈ startup.applications@viksitamritsar.org ‘ਤੇ ਐਪਲਾਈ ਕੀਤੀ ਜਾ ਸਕਦੀ ਹੈ।
ਭਾਜਪਾ ਉਮੀਦਵਾਰ ਸੰਧੂ ਸਮੁੰਦਰੀ ਨੇ ਇਸ ਮੌਕੇ ਕਿਹਾ ਕਿ ਗੁਰੂ ਨਗਰੀ ਦਾ ਵਿਕਾਸ ਉਸ ਦਾ ਪ੍ਰਮੁੱਖ ਏਜੰਡਾ ਹੈ, ਪਰ ਨਸ਼ਿਆਂ ਦੇ ਕੋਹੜ ਨੂੰ ਜੜ੍ਹੋਂ ਖ਼ਤਮ ਕਰਨਾ ਵੀ ਇਸ ਵਕਤ ਬਹੁਤ ਜ਼ਰੂਰੀ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਪਿੰਡਾਂ ਅਤੇ ਸ਼ਹਿਰਾਂ ਵਿੱਚ ਅਨੇਕਾਂ ਭੈਣਾਂ ਅਤੇ ਮਾਵਾਂ ਨੇ ਨਸ਼ਿਆਂ ਦੇ ਕਾਰਨ ਉਨ੍ਹਾਂ ਦੇ ਘਰਾਂ ਦੀ ਬਰਬਾਦੀ ਦੀ ਦਰਦ ਭਰੀ ਕਹਾਣੀ ਸੁਣਾਈ ਹੈ। ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਹੀ ਇਹ ਹੈ ਕਿ ਅਨੇਕਾਂ ਘਰ ਨਸ਼ਿਆਂ ਕਾਰਨ ਬਰਬਾਦ ਹੋ ਚੁੱਕੇ ਹਨ। ਉਨ੍ਹਾਂ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਜਿੰਨੀਆਂ ਵੀ ਸਰਕਾਰਾਂ ਆਈਆਂ, ਉਨ੍ਹਾਂ ਨੇ ਕੇਵਲ ਝੂਠੇ ਵਾਅਦੇ ਕੀਤੇ। ਉਨ੍ਹਾਂ ਕਿਹਾ ਕਿ ਸਾਨੂੰ ਸੰਜੀਦਗੀ ਅਤੇ ਜ਼ੀਰੋ ਟਾਲਰੈਸ ਅਪਣਾਉਂਦਿਆਂ ਨਸ਼ਿਆਂ ਵਿਰੁੱਧ ਵਿਆਪਕ ਜੰਗ ਕਰਨਾ ਹੋਵੇਗਾ। ਉਨ੍ਹਾਂ ਇਸ ਜੰਗ ਦਾ ਐਲਾਨ ਕਰਦਿਆਂ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਬਣਾਉਣ ਲਈ ਮਿਲ ਕੇ ਕੰਮ ਕਰਨ ਦਾ ਸਦਾ ਦਿੱਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਲੱਗੀ ਨਸ਼ਿਆਂ ਦੀ ਲਤ ਛਡਵਾਉਣ ਲਈ ਮਾਹਿਰ ਡਾਕਟਰਾਂ ਦੀਆਂ ਸੇਵਾਵਾਂ ਦੇ ਨਾਲ ਅਸਰਦਾਇਕ ਵਿਦੇਸ਼ੀ ਦਵਾਈਆਂ ਦੀ ਵਰਤੋਂ ਵੀ ਕੀਤੀ ਜਾਵੇਗੀ।  ਉਨ੍ਹਾਂ ਨਸ਼ਾ ਛਡਾਊ ਕੇਂਦਰਾਂ ਰਾਹੀਂ ਨਸ਼ਿਆਂ ਦੇ ਪ੍ਰਭਾਵ ਤੋਂ ਨੌਜਵਾਨਾਂ ਨੂੰ ਮੁਕਤ ਕਰਦਿਆਂ ਉਨ੍ਹਾਂ ਨੂੰ ਸਮਾਜ ’ਚ ਸਨਮਾਨਜਨਕ ਜੀਵਨ ਪ੍ਰਦਾਨ ਕਰਨ ਲਈ ਚੰਗੀ ਪੜਾਈ, ਚੰਗੀਆਂ ਨੌਕਰੀਆਂ ਅਤੇ ਰੁਜ਼ਗਾਰ ਮੁਹੱਈਆ ਕਰਾਉਣ ਦਾ ਵੀ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਲੋਕ ਸਾਡੀ ਪੀੜ੍ਹੀ ਨੂੰ ਬਰਬਾਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨਾਕਾਮ ਹੁੰਦੀ ਹੈ ਤਾਂ ਕੇਂਦਰ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਵੇਗੀ। ਨਾਰਕੋਟਿਕ ਰਿਜਨਲ ਸੈਂਟਰ ਨੂੰ ਮਜ਼ਬੂਤ ਕਰਦਿਆਂ ਨਸ਼ੇ ਦੇ ਧੰਦੇ ’ਚ ਲੱਗੇ ਤੱਤਾਂ ਖਿਲਾਫ ਸਖ਼ਤ ਕਾਰਵਾਈ ਨੂੰ ਅੰਜਾਮ ਦੇਣ ਦਾ ਵੀ ਉਨ੍ਹਾਂ ਭਰੋਸਾ ਦਿੱਤਾ ਹੈ। ਸੰਧੂ ਸਮੁੰਦਰੀ ਨੇ ਕਿਹਾ ਕਿ ਤਕਨਾਲੋਜੀ ਦੀ ਵਰਤੋਂ ਕਰਦਿਆਂ ਸਰਹੱਦ ‘ਤੇ ਡਰੋਨ ਰਾਹੀਂ ਹੋ ਰਹੀ ਨਸ਼ਿਆਂ ਦੀ ਤਸਕਰੀ ਨੂੰ ਰੋਕਿਆ ਜਾਵੇਗਾ।
ਉਨਾਂ ਹੋਰ ਦਸਿਆ ਕਿ ਅੰਮ੍ਰਿਤਸਰ ’ਚ ਜਿੱਥੇ ਅਮਰੀਕਨ ਕੌਂਸਲੇਟ ਖੋਲਿਆਂ ਜਾਣਾ ਹੈ ਉੱਥੇ ਹੀ ਮਲਟੀਪਲ ਵੀਜ਼ਾ ਅਪਲਾਈ ਸੈਂਟਰ ’ਵੀ ਐਫ ਐਸ ਗਲੋਬਲ ਸੈਂਟਰ’ ਨੂੰ ਅੰਮ੍ਰਿਤਸਰ ਵਿਖੇ ਸਥਾਪਿਤ ਕਰਨ ਬਾਰੇ ਵੀ ਐਫ ਐਸ ਵੱਲੋਂ ਸਾਰਥਿਕ ਹੁੰਗਾਰਾ ਭਰਿਆ ਗਿਆ ਹੈ। ਉਨ੍ਹਾਂ ਲੋਕਾਂ ਨੂੰ ਬਾਇਓ ਮੈਟਰਿਕ ਲਈ ਕਿਸੇ ਹੋਰ ਸ਼ਹਿਰ ਨਾ ਜਾਣਾ ਪਵੇ, ਇਸ ਲਈ ਇਥੇ ਹੀ ਉਪਕਰਨ ਉਪਲਬਧ ਕਰਾਉਣ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਸੰਧੂ ਸਮੁੰਦਰੀ ਨੇ ਸਰਹੱਦੀ ਖੇਤਰ ਅੰਮ੍ਰਿਤਸਰ ’ਚ ਐਸ ਈ ਜੈਡ ਸਥਾਪਿਤ ਕਰਨ, ਏਮਜ਼ ਅਤੇ ਕੇਂਦਰੀ ਯੂਨੀਵਰਸਿਟੀ ਲਿਆਉਣ, ਅੰਮ੍ਰਿਤਸਰ ਨੂੰ ਆਈ ਟੀ ਹੱਬ ਬਣਾਉਣ, ਕੇਂਦਰ ਤੋਂ ਵਿਸ਼ੇਸ਼ ਪੈਕੇਜ ਲਿਆਉਣ, ਅਟਾਰੀ ਬਾਡਰ ਰਾਹੀ ਵਪਾਰ, ਏਅਰ ਕਾਰਗੋ, ਅੰਮ੍ਰਿਤਸਰ ਮਖੂ ਵਾਇਆ ਗੁਜਰਾਤ ਅਤੇ ਮੁੰਬਈ ਪੋਰਟ ਰਾਹੀਂ ਖਾੜੀ ਦੇਸ਼ਾਂ ਨਾਲ ਵਪਾਰ ਨੂੰ ਉਤਸ਼ਾਹਿਤ ਕਰਨ, ਏਅਰ ਕੁਨੈਕਟੀਵਿਟੀ ਵਧਾਉਣ ਦੀ ਗਲ ਵੀ ਕੀਤੀ।
ਉਨਾਂ ਨਰੇਂਦਰ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਨੇ ਕਾਲੀ ਸੂਚੀ ਬਣਾਈ ਤੇ ਭਾਜਪਾ ਨੇ ਖ਼ਤਮ ਕੀਤੀ। ਕਰਤਾਰਪੁਰ ਕਾਰੀਡੋਰ ਬਣਾਉਣ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਿੱਜਦਾ ਕਰਨ ਲਈ ਵੀਰ ਬਾਲ ਦਿਵਸ ਅਤੇ ਗੁਰੂ ਸਾਹਿਬਾਨ ਦੇ ਦਿਹਾੜੇ ਮਨਾਏ ਜਾਣ ਬਾਰੇ ਦੱਸਿਆ।
ਇਸ ਮੌਕੇ ਭਾਜਪਾ ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਦਿਹਾਤੀ ਦੇ ਆਗੂ ਡਾ. ਸੁਸ਼ੀਲ ਦੇਵਗਨ, ਪ੍ਰਧਾਨ ਇਸਤਰੀ ਮੋਰਚਾ ਸ੍ਰੀਮਤੀ ਸ਼ਰੂਤੀ ਵਿਜ, ਸ੍ਰੀਮਤੀ ਹਰਪ੍ਰੀਤ ਕੌਰ, ਗੁਰਪ੍ਰਤਾਪ ਸਿੰਘ ਟਿੱਕਾ, ਪ੍ਰੋ. ਸਰਚਾਂਦ‌ ਸਿੰਘ ਖਿਆਲਾ, ਸੌਰਵ ਮਹਾਜਨ, ਗੌਰਵ ਗਿੱਲ, ਅਕਸ਼ੈ ਸ਼ਰਮਾ, ਭੁਪਿੰਦਰ ਸਿੰਘ ਰੰਧਾਵਾ, ਸੁਖਪਾਲ ਸਿੰਘ ਧਨੋਆ ਵੀ ਮੌਜੂਦ ਸਨ।

LEAVE A REPLY

Please enter your comment!
Please enter your name here