ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਉੱਪਰ ਸੀਬੀਆਈ ਦੀ ਛਾਪੇਮਾਰੀ ਵਿਰੁੱਧ ਪੰਜਾਬ ਭਰ ‘ਚ ਕੇਂਦਰ ਸਰਕਾਰ ਖਿਲਾਫ ਅਰਥੀ ਫੂਕ ਮੁਜ਼ਾਹਰੇ

0
189

ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਭੇਜ ਕੇ ਛਾਪੇਮਾਰੀ ਬੰਦ ਕਰਨ ਦੀ ਕੀਤੀ ਮੰਗ

ਛਾਪੇਮਾਰੀ ਸਿਆਸੀ ਬਦਲਾਖ਼ੋਰੀ ਅਤੇ ਕਿਸਾਨ ਲਹਿਰ ਨੂੰ ਬਦਨਾਮ ਕਰਨ ਦੇ ਯਤਨਾਂ ਵਜੋਂ ਭਾਜਪਾ ਦੇ ਅਜੰਡੇ ਦਾ ਹਿੱਸਾ ਕਰਾਰ

ਸੰਯੁਕਤ ਕਿਸਾਨ ਮੋਰਚਾ ਕਿਸਾਨਾਂ ਦੀ ਹੱਕੀ ਆਵਾਜ਼ ਕਰੇਗਾ ਬੁਲੰਦ 20 ਮਾਰਚ ਨੂੰ ਦਿੱਲੀ ਵਿਖੇ ਹੋਵੇਗਾ ਵਿਸ਼ਾਲ ਪ੍ਰਦਰਸ਼ਨ

ਚੰਡੀਗੜ੍ਹ, 13 ਮਾਰਚ, 2023: ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਸ੍ਰੀ ਹਰਿੰਦਰ ਸਿੰਘ ਲੱਖੋਵਾਲ ਅਤੇ ਸ੍ਰੀ ਸਤਨਾਮ ਸਿੰਘ ਬਹਿਰੂ ਦੇ ਘਰਾਂ ਉਪਰ ਸੀ.ਬੀ.ਆਈ. ਵਲੋਂ ਕੀਤੀ ਗਈ ਛਾਪੇਮਾਰੀ ਵਿਰੁੱਧ ਅੱਜ ਜ਼ਿਲ੍ਹਾ ਹੈੱਡਕੁਆਰਟਰਾਂ ਉੱਪਰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਮੁਜ਼ਾਹਰੇ ਕਰਨ ਮਗਰੋਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਅਰਥੀਆਂ ਫੂਕ ਕੇ ਜੋਰਦਾਰ ਵਿਰੋਧ ਦਰਜ਼ ਕਰਵਾਇਆ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰਾਂ ਰਾਹੀ ਦੇਸ਼ ਦੀ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਕਿ ਕਿਸਾਨ ਲਹਿਰ ਵਿਰੁੱਧ ਸਿਆਸੀ ਬਦਲਾਖ਼ੋਰੀ ਦੀ ਕਾਰਵਾਈ ਬੰਦ ਕਰਕੇ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਪੂਰਾ ਕੀਤਾ ਜਾਵੇ।

ਸੂਬੇ ਦੇ ਲਗਭਗ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਉੱੱਪਰ ਇਹ ਮੁਜ਼ਾਹਰੇ ਹੋਏ ਹਨ। ਵਰਣਨਯੋਗ ਹੈ ਕਿ ਬੀਤੀ 21 ਫਰਵਰੀ 2023 ਨੂੰ ਸੀ.ਬੀ.ਆਈ., ਏ.ਸੀ.-1, ਨਵੀਂ ਦਿੱਲੀ ਤੋਂ ਆਈਆਂ ਵੱਖ-ਵੱਖ ਟੀਮਾਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਘਰਾਂ ਅਤੇ ਕਾਰੋਬਾਰੀ ਥਾਵਾਂ ’ਤੇ ਛਾਪੇਮਾਰੀ ਕੀਤੀ ਸੀ। ਸ੍ਰੀ ਲੱਖੋਵਾਲ ਜੀ ਦੇ ਪਿੰਡ ਲੱਖੋਵਾਲ, ਮੋਹਾਲੀ ਰਿਹਾਇਸ਼ ਤੋਂ ਇਲਾਵਾ ਕੋਲਡ ਸਟੋਰ, ਪੈਟਰੋਲ ਪੰਪ ਆਦਿ ਵਿਖੇ ਅਤੇ ਸ੍ਰੀ ਬਹਿਰੂ ਜੀ ਦੇ ਪਿੰਡ ਬਹਿਰੂ ਵਿਖੇ ਸਥਿਤ ਰਿਹਾਇਸ਼ ਉਪਰ ਇਹ ਛਾਪੇ ਮਾਰੇ ਗਏ ਸਨ। ਛਾਪੇਮਾਰੀ ਦੌਰਾਨ ਸੀ.ਬੀ.ਆਈ. ਅਧਿਕਾਰੀਆਂ ਨੇ ਨਿਯਮਾਂ ਅਨੁਸਾਰ ਨਾ ਤਾਂ ਸਹੀ ਢੰਗ ਨਾਲ ਜਾਣਕਾਰੀ ਦਿੱਤੀ, ਨਾ ਹੀ ਸਰਚ ਵਾਰੰਟ ਦਿਖਾਇਆ ਅਤੇ ਨਾ ਹੀ ਕੋਈ ਐਫ.ਆਈ.ਆਰ. ਮੁਹੱਈਆ ਕਰਵਾਈ। ਉਲਟਾ ਕਿਸਾਨ ਆਗੂਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੁਜਮਰਾਨਾ ਢੰਗ ਨਾਲ ਵਿਹਾਰ ਕਰਦੇ ਹੋਏ ਨਗਦੀ, ਗਹਿਣਿਆਂ, ਸ਼ੈਲਰ ਅਤੇ ਆੜਤ ਵਰਗੇ ਵਪਾਰਕ ਅਦਾਰਿਆਂ ਬਾਰੇ ਸਵਾਲ ਕਰਨ ਦੇ ਨਾਲ-ਨਾਲ ਘਰਾਂ ਦੀ ਫਰੋਲਾ ਫਰਾਲੀ ਕੀਤੀ ਗਈ ਸੀ। ਸੀਬੀਆਈ ਟੀਮਾਂ ਆਗੂਆਂ ਕੋਲੋਂ ਉਨ੍ਹਾਂ ਦੇ ਚੈਕ, ਬੈਂਕ ਪਾਸ ਬੁੱਕਾਂ ਅਤੇ ਜਥੇਬੰਦੀਆਂ ਦੀਆਂ ਲੈਟਰ ਪੈਡ ਅਤੇ ਆਪਣੇ ਕੁਝ ਜ਼ਰੂਰੀ ਕਾਗਜ਼ਾਤ ਆਦਿ ਆਪਣੇ ਨਾਲ ਲੈ ਕੇ ਗਏ। ਕਿਸਾਨ ਆਗੂਆਂ ਵਲੋਂ ਮੰਗ ਕਰਨ ਉਤੇ ਸੀ.ਬੀ.ਆਈ. ਟੀਮਾਂ ਨੇ ਸਰਚ ਲਿਸਟ ਦਿੱਤੀ ਜਿਸ ਮਗਰੋਂ ਕਿਸਾਨ ਆਗੂਆਂ ਅਤੇ ਸੰਯੁਕਤ ਕਿਸਾਨ ਮੋਰਚੇ ਨੂੰ ਜਾਣਕਾਰੀ ਮਿਲੀ ਕਿ ਉਪਰੋਕਤ ਛਾਪੇਮਾਰੀ U/S 165 CRPC ਅਧੀਨ ਸਰਚ ਵਾਰੰਟਾਂ ਅਤੇ Cr. No and Section RC-216-2023-A-0001 U/S 120-B IPC and Sec. 7,8,9,10 & 12 PC Act 1988 (Amended in 2018) ਅਧੀਨ ਕੀਤੀ ਗਈ ਸੀ।

ਰਾਸ਼ਟਰਪਤੀ ਨੂੰ ਭੇਜੇ ਮੰਗ ਪੱਤਰ ਵਿੱਚ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਹੈ ਕਿ ਹਾਲੇ ਤੱਕ ਤਾਂ ਇਹ ਤੱਥ ਵੀ ਸਪਸ਼ਟ ਨਹੀਂ ਕਿ ਕੀ ਕਿਸਾਨ ਆਗੂਆਂ ਦਾ ਨਾਂ ਇਸੇ ਮੁਕੱਦਮੇ/ਕੇਸ ਵਿਚ ਦਰਜ ਕੀਤਾ ਗਿਆ ਹੈ ਜਾਂ ਨਹੀਂ? ਕਿਸਾਨ ਆਗੂਆਂ ਨੇ ਕਿਹਾ ਕਿ ਇਹ ਛਾਪੇਮਾਰੀ ਸਮਾਜ ਵਿਚ ਦੋਵੇਂ ਆਗੂਆਂ ਦੀ ਇੱਜ਼ਤ ਅਤੇ ਮਾਣ-ਸਤਿਕਾਰ ਨੂੰ ਠੇਸ ਪਹੁੰਚਾਉਣ ਲਈ ਕੀਤੀ ਗਈ ਹੈ।

ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਸੀ.ਬੀ.ਆਈ. ਅਤੇ ਕੇਂਦਰ ਦੀ ਸੱਤਾ ਉਪਰ ਬੈਠੀ ਮੋਦੀ ਸਰਕਾਰ ਬੁਖਲਾਹਟ ਚ ਆਕੇ ਕਿਸਾਨ ਲਹਿਰ ਨੂੰ ਬਦਨਾਮ ਕਰਨ ਅਤੇ ਲੋਕਾਂ ਵਿੱਚੋਂ ਨਿਖੇੜਣ ਦੇ ਯਤਨਾਂ ਵਜੋਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰਨ ਤੇ ਉਤਾਰੂ ਹੈ । ਉਨ੍ਹਾਂ ਇਸ ਕਾਰਵਾਈ ਨੂੰ ‘ਸਿਆਸੀ ਬਦਲਾਲੋਰੀ’ ਕਰਾਰ ਦਿੰਦਿਆਂ ਕਿਹਾ ਕਿ ਅਜਿਹੇ ਘਟੀਆਂ ਹੱਥਕੰਡੇ ਸੰਯੁਕਤ ਕਿਸਾਨ ਮੋਰਚਾ ਨੂੰ ਕਿਸਾਨਾਂ ਦੇ ਹੱਕੀ ਮੰਗਾਂ ਮਸਲਿਆਂ ਲਈ ਆਵਾਜ਼ ਉਠਾਉਣ ਤੋਂ ਰੋਕ ਨਹੀ ਸਕਦੇ। ਉਨ੍ਹਾਂ ਨੇ ਅਜਿਹੇ ਯਤਨ ਤੁਰੰਤ ਬੰਦ ਕੀਤੇ ਜਾਣ ਦੀ ਮੰਗ ਕੀਤੀ ਹੈ।

ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਐਲਾਨ ਕੀਤਾ ਕਿ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ 20 ਮਾਰਚ ਨੂੰ ਦਿੱਲੀ ਵਿਖੇ ਕੀਤਾ ਜਾਣ ਵਾਲਾ ਵਿਸ਼ਾਲ ਵਿਰੋਧ ਪ੍ਰਦਰਸ਼ਨ ਹਰ ਹਾਲਤ ਵਿੱਚ ਹੋਵੇਗਾ।

ਅੱਜ ਦੇ ਮੁਜ਼ਾਹਰਿਆਂ ਦੀ ਅਗਵਾਈ ਹਰਿੰਦਰ ਸਿੰਘ ਲੱਖੋਵਾਲ, ਰੁਲਦੂ ਸਿੰਘ ਮਾਨਸਾ, ਨਛੱਤਰ ਸਿੰਘ ਜੈਤੋ, ਸਤਨਾਮ ਸਿੰਘ ਬਹਿਰੂ, ਡਾ.ਦਰਸ਼ਨਪਾਲ, ਬਿੰਦਰ ਸਿੰਘ ਗੋਲੇਵਾਲਾ, ਲਖਬੀਰ ਸਿੰਘ ਨਿਜ਼ਾਮਪੁਰ, ਬੂਟਾ ਸਿੰਘ ਬੁਰਜਗਿੱਲ, ਨਿਰਭੈ ਸਿੰਘ ਢੁੱਡੀਕੇ, ਫੁਰਮਾਨ ਸਿੰਘ ਸੰਧੂ, ਮਨਜੀਤ ਸਿੰਘ ਧਨੇਰ, ਡਾ.ਸਤਨਾਮ ਸਿੰਘ ਅਜਨਾਲਾ, ਮਨਜੀਤ ਰਾਏ, ਹਰਮੀਤ ਸਿੰਘ ਕਾਦੀਆਂ, ਬੂਟਾ ਸਿੰਘ ਸ਼ਾਦੀਪੁਰ, ਹਰਜੀਤ ਸਿੰਘ ਰਵੀ, ਵੀਰ ਸਿੰਘ ਬੜਵਾ, ਕੁਲਦੀਪ ਸਿੰਘ ਵਜੀਦਪੁਰ, ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਜੰਗਵੀਰ ਸਿੰਘ ਚੌਹਾਨ, ਬਲਵਿੰਦਰ ਸਿੰਘ ਰਾਜੂ ਔਲਖ, ਨਿਰਵੈਲ ਸਿੰਘ ਡਾਲੇਕੇ ਅਤੇ ਰਛਪਾਲ ਸਿੰਘ ਆਦਿ ਨੇ ਕੀਤੀ।

LEAVE A REPLY

Please enter your comment!
Please enter your name here