2024-25 ਲਈ ਪੰਜਾਬ ਦੀ ਨਵੀਂ ਆਬਕਾਰੀ ਨੀਤੀ ਦਾ ਉਦੇਸ਼ ਮਾਲੀਆ ਟੀਚਿਆਂ ਦੀਆਂ ਨਵੀਆਂ ਉਚਾਈਆਂ ਨੂੰ ਹਾਸਲ ਕਰਨਾ: ਹਰਪਾਲ ਸਿੰਘ ਚੀਮਾ

0
35
ਦਰਾਮਦ ਵਿਦੇਸ਼ੀ ਸ਼ਰਾਬ ਦੀਆਂ ਕੀਮਤਾਂ ਘਟਣਗੀਆਂ, ਦੇਸੀ ਸ਼ਰਾਬ ਦੀ ਕੀਮਤ ਵਿੱਚ ਨਹੀਂ ਹੋਵੇਗਾ ਵਾਧਾ
ਚੰਡੀਗੜ੍ਹ, 09 ਮਾਰਚ
ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਵਿੱਤੀ ਵਰ੍ਹੇ 2024-25 ਲਈ ਨਵੀਂ ਆਬਕਾਰੀ ਨੀਤੀ 10145.95 ਕਰੋੜ ਰੁਪਏ ਦੇ ਇਤਿਹਾਸਕ ਮਾਲੀਆ ਉਗਰਾਹੀ ਦੇ ਟੀਚੇ ਨੂੰ ਹਾਸਲ ਕਰਨ ਲਈ ਤੈਅ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਵੱਲੋਂ ਮਨਜ਼ੂਰ ਕੀਤੀ ਗਈ ਇਸ ਨੀਤੀ ਤਹਿਤ ਸ਼ਰਾਬ ਦੇ ਵਪਾਰ ਨੂੰ ਸਥਿਰ ਕਰਨ ਅਤੇ ਇਸ਼ ਵਿੱਚ ਸੁਧਾਰ ਕਰਨ ਲਈ ਮਹੱਤਵਪੂਰਨ ਬਦਲਾਅ ਕੀਤੇ ਗਏ ਹਨ।
ਨਵੀਂ ਆਬਕਾਰੀ ਨੀਤੀ ਦੇ ਮੁੱਖ ਨੁਕਤਿਆਂ ਬਾਰੇ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬੀਤੇ 2 ਸਾਲਾਂ ਦੌਰਾਨ ਕਰ ਤੇ ਆਬਕਾਰੀ ਵਿਭਾਗ ਵੱਲੋਂ ਸ਼ੁਰੂ ਕੀਤੇ ਗਏ ਸੁਧਾਰਾਂ ਨੂੰ ਜਾਰੀ ਰੱਖਦਿਆਂ ਪ੍ਰਚੂਨ ਵਿਕਰੀ ਲਾਇਸੈਂਸ ਐਲ-2/ਐਲ-14ਏ  ਦੀ ਤਾਜਾ ਅਲਾਟਮੈਂਟ ਡਰਾਅ ਰਾਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲਾਇਸੈਂਸਾਂ ਲਈ ਸਮੂਹ ਦਾ ਆਕਾਰ ਰਣਨੀਤਕ ਤੌਰ ‘ਤੇ ਘਟਾ ਦਿੱਤਾ ਗਿਆ ਹੈ, ਅਤੇ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਇੱਕ ਅਨੁਕੂਲ ਲਾਇਸੈਂਸ ਫੀਸ ਦੀ ਸ਼ੁਰੂਆਤ ਕੀਤੀ ਗਈ ਹੈ।
ਵਿੱਤ ਮੰਤਰੀ ਚੀਮਾ ਨੇ ਅੱਗੇ ਕਿਹਾ ਕਿ ਸਾਲ 2024-25 ਲਈ ਗਰੁਪਾਂ ਦਾ ਆਕਾਰ ਘਟਾਉਂਦਿਆਂ 15 ਪ੍ਰਤੀਸ਼ਤ ਘੱਟ ਜਾਂ ਵੱਧ ਦੇ ਅੰਤਰ ਨਾਲ 35 ਕਰੋੜ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਐਡਜਸਟਬਲ ਲਾਇਸੈਂਸ ਫੀਸ ਰੁਪਏ ਦੀ ਦਰ ਨਾਲ ਵਸੂਲੀ ਗਈ ਹੈ। ਪ੍ਰਚੂਨ ਆਈ.ਐਮ.ਐਫ.ਐਲ/ਆਈ.ਐਫ.ਐਲ ਪਾਸ ਜਾਰੀ ਕਰਨ ਲਈ 200 ਰੁਪਏ ਪ੍ਰਤੀ ਪਰੂਫ ਲੀਟਰ ਅਤੇ ਪ੍ਰਚੂਨ ਬੀਅਰ ਪਾਸ ਜਾਰੀ ਕਰਨ ਸਮੇਂ 50 ਰੁਪਏ ਪ੍ਰਤੀ ਬਲਕ ਲੀਟਰ ਲਾਇਸੈਂਸ ਫੀਸ ਰੱਖੀ ਗਈ ਹੈ।
ਵਾਧੂ ਮਾਲੀਆ ਜੁਟਾਉਣ ਅਤੇ ਦੇਸੀ ਸ਼ਰਾਬ ਦੀ ਲੋੜੀਂਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਵਿੱਤੀ ਸਾਲ 2024-25 ਵਿੱਚ ਦੇਸੀ ਸ਼ਰਾਬ (ਪੀ.ਐਮ.ਐਲ) ਦੇ ਕੋਟੇ ਵਿੱਚ ਪਿਛਲੇ ਸਾਲ ਨਾਲੋਂ 3 ਫੀਸਦੀ ਭਾਵ 8.286 ਕਰੋੜ ਪਰੂਫ ਲੀਟਰ ਦਾ ਵਾਧਾ ਕੀਤਾ ਗਿਆ ਹੈ, ਅਤੇ ਸਾਲ 2024-25 ਵਿੱਚ ਦੇਸੀ ਸ਼ਰਾਬ ਦੀ ਕੀਮਤ ਵਿੱਚ ਕੋਈ ਵਾਧਾ ਨਹੀਂ ਹੋਵੇਗਾ।
ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਕੇਂਦਰੀ ਪੁਲਿਸ ਸੰਗਠਨਾਂ ਨੂੰ ਰਾਹਤ ਦਿੰਦੇ ਹੋਏ, ਐਲ-1 ਦੀ ਲਾਇਸੈਂਸ ਫੀਸ 5 ਲੱਖ ਰੁਪਏ ਤੋਂ ਘਟਾ ਕੇ 25000 ਰੁਪਏ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਦਰਾਮਦ ਵਿਦੇਸ਼ੀ ਸ਼ਰਾਬ (ਆਈ.ਐਫ,ਐਲ) ਦੀਆਂ ਕੀਮਤਾਂ ਸਾਲ 2024-25 ਫੀਸ ਢਾਂਚੇ ਦੇ ਤਰਕਸੰਗਤ ਹੋਣ ਕਾਰਨ ਘਟਣਗੀਆਂ । ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਕਿਊਰਟੀ ਦੀ ਰਾਸ਼ੀ ਵੀ 17 ਫੀਸਦੀ ਤੋਂ ਘਟਾ ਕੇ 15 ਫੀਸਦੀ ਕਰ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਇਹ ਨੀਤੀ ਇਹ ਯਕੀਨੀ ਬਣਾਉਂਦੀ ਹੈ ਕਿ ਸਾਰੇ ਲਾਇਸੰਸਧਾਰਕ ਲਾਜ਼ਮੀ ਨਿਯਮਾਂ ਜਿਵੇਂ ਕਿ ਈ.ਪੀ.ਐਫ/ਈ.ਐਸ.ਆਈ, ਅੱਗ ਸੁਰੱਖਿਆ ਅਤੇ ਇਮਾਰਤੀ ਨਿਯਮਾਂ ਦੀ ਪਾਲਣਾ ਕਰਨਗੇ। ਉਨ੍ਹਾਂ ਕਿਹਾ ਕਿ ਨਕਲੀ ਸ਼ਰਾਬ ਦੇ ਮੁੱਦੇ ਨਾਲ ਨਜਿੱਠਣ ਲਈ ਇਸ ਨੀਤੀ ਤਹਿਤ ਆਬਕਾਰੀ ਇੰਸਪੈਕਟਰਾਂ ਦੀ ਨਿਗਰਾਨੀ ਹੇਠ ਹੋਏ ਸਮਾਗਮ ਤੋਂ ਬਾਅਦ ਮੈਰਿਜ ਪੈਲੇਸਾਂ ਵਿੱਚ ਵਰਤੀਆਂ ਜਾਂਦੀਆਂ ਸ਼ਰਾਬ ਦੀਆਂ ਬੋਤਲਾਂ ਨੂੰ ਤੋੜਨਾ ਯਕੀਨੀ ਬਣਾਇਆ ਗਿਆ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਬਾਰ ਲਾਇਸੰਸਧਾਰਕਾਂ ਨੂੰ ਹੁਣ ਗਾਹਕਾਂ ਲਈ ਸਵੈ-ਇੱਛਤ ਅਲਕੋਹਲ ਦੇ ਪੱਧਰ ਦੇ ਮੁਲਾਂਕਣ ਲਈ ਅਲਕੋਮੀਟਰ ਪ੍ਰਦਾਨ ਕਰਨੇ ਹੋਣਗੇ ਅਤੇ ‘ਸੁਰੱਖਿਅਤ ਰਹੋ-ਸ਼ਰਾਬ ਪੀ ਕੇ ਗੱਡੀ ਨਾ ਚਲਾਓ’ ਵਰਗੇ ਜ਼ਿੰਮੇਵਾਰ ਢੰਗ ਨਾਲ ਸ਼ਰਾਬ ਪੀਣ ਨੂੰ ਉਤਸ਼ਾਹਿਤ ਕਰਨ ਵਾਲੇ ਸੰਦੇਸ਼ ਵੀ ਲਗਾਉਣੇ ਪੈਣਗੇ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਉਪਾਅ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਜਨਤਕ ਸੁਰੱਖਿਆ ਅਤੇ ਸ਼ਰਾਬ ਦੀ ਜ਼ਿੰਮੇਵਾਰ ਖਪਤ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੇ ਹਨ।

LEAVE A REPLY

Please enter your comment!
Please enter your name here