ਸੰਗਰੂਰ, 21 ਅਪ੍ਰੈਲ, 2023: ਸਿਹਤ ਵਿਭਾਗ ਵੱਲੋਂ 24 ਅਪ੍ਰੈਲ ਤੋਂ 28 ਅਪ੍ਰੈਲ ਤੱਕ ਵਿਸ਼ੇਸ਼ ਟੀਕਾਕਰਨ ਹਫ਼ਤਾ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨਾਲ ਮੀਟਿੰਗ ਕੀਤੀ ਤੇ ਕਿਹਾ ਕਿ ਉਹ ਆਪਣੇ ਬਲਾਕ ਦੇ ਟੀਕਾਕਰਨ ਤੋਂ ਵਾਂਝੇ ਬੱਚਿਆਂ ਦੀ ਸੂਚੀ ਬਣਾ ਕੇ ਉਨ੍ਹਾਂ ਦਾ ਮੁਕੰਮਲ ਟੀਕਾਕਰਨ ਕਰਨਾ ਯਕੀਨੀ ਬਣਾਉਣ।
ਡਾ. ਪਰਮਿੰਦਰ ਕੌਰ ਨੇ ਕਿਹਾ ਕਿ ਇਸ ਵਿਸੇਸ਼ ਟੀਕਾਕਰਨ ਹਫ਼ਤੇ ਦਾ ਮੁੱਖ ਮਕਸਦ 0 ਤੋਂ 5 ਸਾਲ ਤੱਕ ਦੇ ਬੱਚਿਆਂ ਦਾ 100 ਫ਼ੀਸਦੀ ਟੀਕਾਕਰਨ ਕਰਨਾ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੌਰਾਨ 5 ਸਾਲ ਤੱਕ ਦੇ ਬੱਚਿਆਂ, ਜਿਨ੍ਹਾਂ ਦਾ ਅੰਸ਼ਿਕ ਟੀਕਾਕਰਨ ਹੋਇਆ ਹੈ ਜਾਂ ਉਹ ਕਿਸੇ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਹਨ, ਦੀ ਪਛਾਣ ਕੀਤੀ ਜਾਵੇਗੀ ਤੇ ਉਨ੍ਹਾਂ ਦਾ ਮੁਕੰਮਲ ਟੀਕਾਕਰਨ ਕੀਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਅੰਜੂ ਸਿੰਗਲਾ ਨੇ ਦੱਸਿਆ ਕਿ ਇਸ ਵਿਸ਼ੇਸ਼ ਟੀਕਾਕਰਨ ਹਫ਼ਤੇ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਜੋ ਭੱਠੇ, ਪਥੇਰਾਂ , ਫੈਕਟਰੀਆਂ, ਝੁੱਗੀਆਂ ਜਾਂ ਸੈਲਰਾਂ ਆਦਿ ਵਿੱਚ ਰਹਿੰਦੇ ਹਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਆਮ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ਵਿੱਚ ਪੂਰਨ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ ਤਾਂ ਜੋ ਕੋਈ ਵੀ ਬੱਚਾ ਇਸ ਮੁਹਿੰਮ ਦੌਰਾਨ ਟੀਕਾਕਰਨ ਤੋਂ ਵਾਂਝਾ ਨਾ ਰਹੇ ਤੇ 100 ਫ਼ੀ ਸਦੀ ਟੀਕਾਕਰਨ ਕਰਨਾ ਯਕੀਨੀ ਬਣਾਇਆ ਜਾ ਸਕੇ।