ਕਪੂਰਥਲਾ,ਸੁਖਪਾਲ ਸਿੰਘ ਹੁੰਦਲ -ਸਥਾਨਕ ਕੈਮਰਾ ਬਾਗ਼ ਵਿਖੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਕਪੂਰਥਲਾ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਅੱਲੂਵਾਲ਼, ਜਨਰਲ ਸਕੱਤਰ ਤਜਿੰਦਰ ਅਲਾਉਦੀਪੁਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ 25 ਸਤੰਬਰ ਨੂੰ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੀ ਸੂਬਾ ਪੱਧਰੀ “ਇਨਸਾਫ਼ ਰੈਲੀ” ਦੀ ਤਿਆਰੀਆਂ ਅਤੇ ਸਕੂਲ ਪੱਧਰ ‘ਤੇ ਅਧਿਆਪਕਾਂ ਨੂੰ ਲਾਮਬੰਦ ਕਰਨ ਲਈ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਸੀਨੀਅਰ ਮੀਤ ਪ੍ਰਧਾਨ ਜੈਮਲ ਸਿੰਘ ਨੇ ਬੋਲਦਿਆਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਓ.ਡੀ.ਐਲ. ਅਧਿਆਪਕਾਂ ਦੇ ਹੱਕ ਵਿੱਚ ਅਦਾਲਤੀ ਫੈਸਲਾ ਆਉਣ ਦੇ ਬਾਵਜੂਦ ਸਰਕਾਰ ਉਹਨਾਂ ਦੀਆਂ ਸੇਵਾਵਾਂ ਨਿਯਮਿਤ ਨਹੀਂ ਕਰ ਰਹੀ ਅਤੇ ਮੁੱਢਲੀ ਤਨਖਾਹ ਦੇ ਕੇ ਉਹਨਾਂ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਕਰ ਰਹੀ ਹੈ। ਅਦਾਲਤੀ ਆਦੇਸ਼ਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਲੋਕਾਂ ਦੇ ਮਸਲਿਆਂ ਪ੍ਰਤੀ ਆਮ ਆਦਮੀ ਪਾਰਟੀ ਦਾ ਰਵੱਈਆ ਵੀ ਪਿਛਲੀਆਂ ਸਰਕਾਰਾਂ ਵਾਂਗ ਹੀ ਹੈ। ਪ੍ਰੈੱਸ ਸਕੱਤਰ ਪਵਨ ਕੁਮਾਰ ਜੋਸ਼ੀ ਨੇ ਕਿਹਾ ਕਿ 180 ਈ.ਟੀ.ਟੀ. ਅਧਿਆਪਕਾਂ ਨੂੰ ਨਵਾਂ ਕੇਂਦਰੀ ਪੇ ਸਕੇਲ ਦੇ ਕੇ ਧੱਕਾ ਕੀਤਾ ਜਾ ਰਿਹਾ ਹੈ ਜਦਕਿ ਬਾਕੀ ਈ.ਟੀ.ਟੀ. ਅਧਿਆਪਕ ਦੋ ਸਾਲ- ਪਹਿਲਾਂ ਹੀ ਨਿਯਮਿਤ ਹੋ ਚੁੱਕੇ ਹਨ ਤੇ ਪੁਰਾਣਾ ਪੇ ਸਕੇਲ਼ ਲੈ ਰਹੇ ਹਨ। ਉਹਨਾਂ ਨੂੰ ਇਨਸਾਫ ਦਿਵਾਉਣ ਲਈ ਸਿੱਖਿਆ ਮੰਤਰੀ ਦੇ ਹਲਕੇ ਵਿੱਚ ਇਨਸਾਫ ਰੈਲੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕਪੂਰਥਲਾ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਦੀ ਬੂਥ ਲੈਵਲ ਅਫਸਰਾਂ (ਬੀ.ਐੱਲ.ਓ.) ਦੀਆਂ ਡਿਊਟੀਆਂ ਲਗਾਉਣ ਦੀ ਵੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਆਗੂਆਂ ਕਿਹਾ ਕਿ ਸਿੱਖਿਆ ਸੁਧਾਰਾਂ ਦਾ ਦਾਅਵਾ ਕਰਨ ਵਾਲੀ ਸਰਕਾਰ ਸੈਂਕੜੇ ਅਧਿਆਪਕ ਸਕੂਲਾਂ ਚੋਂ ਬਾਹਰ ਕੱਢ ਕੇ ਜ਼ਬਰਨ ਬੀ ਐੱਲ ਓ ਡਿਊਟੀਆਂ ਤੇ ਲਗਾ ਰਹੀ ਹੈ। ਉਹਨਾਂ ਐਲਾਨ ਕੀਤਾ ਕਿ ਜੇਕਰ ਇਸ ਦੇ ਖ਼ਿਲਾਫ਼ ਸਾਂਝਾ ਰੋਸ ਪ੍ਰਦਰਸ਼ਨ ਰੱਖਿਆ ਜਾਂਦਾ ਹੈ ਤਾਂ ਡੀ.ਟੀ.ਐੱਫ. ਮੋਹਰੀ ਰੋਲ ਨਿਭਾਏਗੀ। ਇਸ ਮੌਕੇ ਬਲਵਿੰਦਰ ਭੰਡਾਲ, ਬਲਵੀਰ ਸਿੰਘ, ਜਸਵਿੰਦਰ ਸਿੰਘ, ਅਵਤਾਰ ਗਿੱਲ, ਨਰਿੰਦਰ ਭੰਡਾਰੀ, ਮਲਕੀਤ ਸਿੰਘ, ਐਸ ਪੀ ਸਿੰਘ, ਮੈਡਮ ਅਮਨ ਢਿੱਲੋ, ਮੈਡਮ ਜਤਿੰਦਰ ਕੌਰ ਆਦਿ ਹਾਜਰ ਸਨ।
Boota Singh Basi
President & Chief Editor