ਲਹਿਰਾਗਾਗਾ,
ਬਾਬਾ ਹੀਰਾ ਸਿੰਘ ਭੱਠਲ ਕਾਲਜ ਬਚਾਓ ਸੰਘਰਸ਼ ਕਮੇਟੀ ਦੀ ਮੀਟਿੰਗ ਕਾਲਜ ਵਿੱਚ ਚੱਲ ਰਹੇ ਪੱਕੇ ਮੋਰਚੇ ਦੇ ਪੰਡਾਲ ਵਿੱਚ ਹੋਈ। ਸਾਥੀ ਧਰਮਿੰਦਰ ਸਿੰਘ ਪਿਸ਼ੌਰ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਸੰਘਰਸ਼ ਕਮੇਟੀ ਵਿੱਚ ਸ਼ਾਮਲ ਸਮੂਹ ਜਥੇਬੰਦੀਆਂ ਦੇ ਨੁਮਾਇੰਦਾ ਮੈਂਬਰਾਂ ਨੇ ਹਿੱਸਾ ਲਿਆ।
ਮੀਟਿੰਗ ਵਿੱਚ ਮਿਤੀ 15 ਅਕਤੂਬਰ ਨੂੂੰ ਭੱਠਲ ਕਾਲਜ਼ ਬਚਾਓ ਸੰਘਰਸ਼ ਕਮੇਟੀ, ਲਹਿਰਾਗਾਗਾ ਵੱਲੋਂ ਸ਼ਹਿਰ ਵਿੱਚ ਕੀਤੇ ਰੋਸ ਮਾਰਚ ਵਿੱਚ ਜਥੇਬੰਦੀਆਂ ਦੀ ਸ਼ਮੂਲੀਅਤ ਅਤੇ ਲੋਕਾਂ ਵੱਲੋਂ ਮਿਲੇ ਭਰਵੇਂ ਹੁੰਗਾਰੇ ‘ਤੇ ਤਸੱਲੀ ਪ੍ਰਗਟ ਕੀਤੀ ਅਤੇ ਅਗਲੇ ਪ੍ਰੋਗਰਾਮ ਨੂੂੰ ਹੋਰ ਵਧੇਰੇ ਜ਼ੋਰ-ਸ਼ੋਰ ਨਾਲ ਕਰਨ ਦੀ ਰੂਪ-ਰੇਖਾ ਤਿਆਰ ਕੀਤੀ ਗਈ।
ਸੰਘਰਸ਼ ਕਮੇਟੀ ਵੱਲੋਂ ਅਗਲਾ ਐਕਸ਼ਨ ਮਿਤੀ 27 ਅਕਤੂਬਰ ਨੂੰ ਐੱਸ. ਡੀ. ਐੱਮ. ਲਹਿਰਾ ਦਾ ਘਿਰਾਓ ਕਰਨ ਦਾ ਤਹਿ ਗਿਆ। ਇਹ ਘਿਰਾਓ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਕੀਤਾ ਜਾਵੇਗਾ। ਸੰਘਰਸ਼ ਕਮੇਟੀ ਨੇ ਸਮੂਹ ਇਨਸਾਫ਼ ਪਸੰਦ ਲੋਕਾਂ ਨੂੰ ਘਿਰਾਓ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਇਹ ਗੱਲ ਜ਼ਿਕਰਯੋਗ ਹੈ ਕਿ ਮਿਤੀ 9 ਅਕਤੂਬਰ ਤੋਂ ਕਾਲਜ ਦੇ ਗੇਟ ‘ਤੇ ਸੰਘਰਸ਼ ਕਮੇਟੀ ਵੱਲੋਂ ਪੱਕਾ ਮੋਰਚਾ ਲਗਾਤਾਰ ਚੱਲ ਰਿਹਾ ਹੈ।
ਇਸ ਮੌਕੇ ਛੇ ਹੋਰ ਜਥੇਬੰਦੀਆਂ ਨੇ ਭੱਠਲ ਕਾਲਜ ਬਚਾਓ ਸੰਘਰਸ਼ ਕਮੇਟੀ ਵਿੱਚ ਸ਼ਾਮਲ ਹੋਣ ਦੀ਼ ਇੱਛਾ ਪਰਗਟ ਕੀਤੀ। ਉਨ੍ਹਾਂ ਜਥੇਬੰਦੀਆਂ ਨੂੰ ਸੰਘਰਸ਼ ਕਮੇਟੀ ਵਿੱਚ ਬਾਕਾਇਦਾ ਸ਼ਾਮਲ ਕਰਨ ਦਾ ਫੈਸਲਾ ਅਗਲੀ ਮੀਟਿੰਗ ਵਿੱਚ ਕੀਤਾ ਜਾਵੇਗਾ। ਇਹਨਾਂ ਜਥੇਬੰਦੀਆਂ ਵਿਚ ਟਰੇਡ ਯੂਨੀਅਨ ਏਟਕ, ਜ਼ਮਹੂਰੀ ਕਿਸਾਨ ਸਭਾ, ਡੀ. ਟੀ. ਐੱਫ. ਅਤੇ ਤਿੰਨ ਹੋਰ ਜਥੇਬੰਦੀਆਂ ਸ਼ਾਮਲ ਹਨ।
ਇਸ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਪ੍ਰਧਾਨ ਧਰਮਿੰਦਰ ਪਿਸ਼ੌਰ, ਲੋਕ ਚੇਤਨਾ ਮੰਚ ਦੇ ਮਹਿੰਦਰ ਸਿੰਘ, ਰਣਜੀਤ ਲਹਿਰਾ, ਪੀ ਐੱਸ ਪੀ ਸੀ ਐੱਲ ਪੈਨਸ਼ਨਰਜ਼ ਐਸੋਸੀਏਸ਼ਨ ਦੇ ਗੁਰਚਰਨ ਸਿੰਘ, ਪਾਵਰਕਾਮ ਇੰਪਲਾਈਜ਼ ਫੈਡਰੇਸ਼ਨ ਦੇ ਰਾਮਚੰਦਰ ਸਿੰਘ, ਪੂਰਨ ਸਿੰਘ ਖਾਈ, ਬੱਬੀ ਲਹਿਰਾ, ਸੇਬੀ ਖੰਡੇਬਾਦ, ਡੀਟੀਐੱਚ ਦੇ ਹਰਭਗਵਾਨ ਗੁਰਨੇ, ਨੰਬਰਦਾਰਾ ਯੂਨੀਅਨ ਦੇ ਗੁਰਨਾਮ ਸਿੰਘ ਸੰਧੂ, ਮਜਦੂਰ ਮੁਕਤੀ ਮੋਰਚੇ ਦੇ ਬਿੱਟੂ ਖੋਖਰ, ਐੱਚ ਐੱਸ ਧਾਲੀਵਾਲ, ਮੋਹਨ ਸਿੰਘ ਅਤੇ ਸੁਖਦੇਵ ਚੰਗਾਲੀਵਾਲਾ ਨੇ ਆਪਣੇ ਵਿਚਾਰ ਪ੍ਰਗਟ ਕੀਤੇ।