4161 ਮਾਸਟਰ ਕੇਡਰ ਯੂਨੀਅਨ ਦੀ ਡੀ ਪੀ ਆਈ (ਸੈ.ਸਿ) ਨਾਲ ਹੋਈ ਮੀਟਿੰਗ

0
95

ਇੱਕ ਅਕਤੂਬਰ ਤੋਂ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਅਣਮਿੱਥੇ ਸਮੇਂ ਲਈ ਧਰਨੇ ਦਾ ਐਲਾਨ

ਐੱਸ ਏ ਐੱਸ ਨਗਰ/ਸੰਗਰੂਰ, 19 ਸਤੰਬਰ, 2023: 4161 ਮਾਸਟਰ ਕੇਡਰ ਯੂਨੀਅਨ ਦੀ ਮੀਟਿੰਗ ਡੀ ਪੀ ਆਈ ਸ਼੍ਰੀ ਸੰਜੀਵ ਸ਼ਰਮਾ ਨਾਲ ਹੋਈ। ਮੀਟਿੰਗ ਵਿੱਚ 4161 ਮਾਸਟਰ ਕੇਡਰ ਦੀ ਦੂਜੀ ਲਿਸਟ ਜਾਰੀ ਕਰਨ, ਮਿਊਜ਼ਿਕ ਵਿਸ਼ੇ ਦੀਆਂ ਲਿਸਟਾਂ ਜਾਰੀ ਕਰਨ ਅਤੇ 4161 ਭਰਤੀ ਵਿਚ ਨਿਯੁਕਤ ਹੋ ਚੁੱਕੇ ਉਮੀਦਵਾਰਾਂ ਦੀ ਡਾਈਟਾਂ ਵਿਚ ਟ੍ਰੇਨਿੰਗ ਲੱਗਣ ਦੀ ਤਰੀਕ ਤੋਂ ਤਨਖਾਹ ਜਾਰੀ ਕਰਵਾਉਣ ਸਬੰਧੀ ਗੱਲਬਾਤ ਹੋਈ।

ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ 4161 ਯੂਨੀਅਨ ਦੇ ਸੂਬਾ ਪ੍ਰਧਾਨ ਰਸ਼ਪਾਲ ਜਲਾਲਾਬਾਦ, ਮੀਤ ਪ੍ਰਧਾਨ ਮਾਲਵਿੰਦਰ ਬਰਨਾਲਾ ਅਤੇ ਸੰਦੀਪ ਸਿੰਘ ਗਿੱਲ ਨੇ ਦੱਸਿਆ ਕੇ 4161 ਭਰਤੀ ਜਿਹੜੀ ਕਿ ਲੰਬੇ ਸਮੇਂ ਤੋਂ ਚੱਲ ਰਹੀ ਹੈ ਹੁਣ ਤੱਕ ਵੀ ਪੂਰੀ ਹੋਣ ਦੀ ਉਡੀਕ ਵਿੱਚ ਹੈ। 4161 ਭਰਤੀ ਦੇ ਦੂਜੀ ਲਿਸਟ ਵਾਲੇ ਉਮੀਦਵਾਰ ਲੰਬੇ ਸਮੇਂ ਤੋਂ ਆਪਣੀਆਂ ਲਿਸਟਾਂ ਦਾ ਇੰਤਜ਼ਾਰ ਕਰ ਰਹੇ ਹਨ। ਇਸ ਸਬੰਧੀ ਡੀ ਪੀ ਆਈ ਸ਼੍ਰੀ ਸੰਜੀਵ ਸ਼ਰਮਾ ਨੇ ਦੱਸਿਆ ਕਿ ਕਾਫ਼ੀ ਉਮੀਦਵਾਰਾਂ ਵੱਲੋਂ ਹਜੇ ਤੱਕ ਈ ਪੰਜਾਬ ਉੱਤੇ ਆਪਣੀਆਂ ਆਈ ਡੀ ਨਹੀਂ ਬਣਾਈ ਗਈ ਹੈ। ਜਿਸ ਕਾਰਨ ਦੂਜੀ ਲਿਸਟ ਜਾਰੀ ਕਰਨ ਲਈ ਖਾਲੀ ਸੀਟਾਂ ਦਾ ਸਹੀ ਵੇਰਵਾ ਨਹੀਂ ਬਣ ਸਕਿਆ। ਉਹਨਾਂ ਭਰੋਸਾ ਦਿੱਤਾ ਕਿ ਦਸ ਦਿਨਾਂ ਦੇ ਅੰਦਰ ਦੂਜੀ ਲਿਸਟ ਵਾਲੇ ਉਮੀਦਵਾਰਾਂ ਨੂੰ ਰਹਿੰਦੀ ਪ੍ਰਕਿਰਿਆ ਪੂਰੀ ਕਰਕੇ ਸਕੂਲਾਂ ਵਿੱਚ ਭੇਜ ਦਿੱਤਾ ਜਾਵੇਗਾ। ਉਹਨਾਂ ਨੇ ਇਹ ਵੀ ਭਰੋਸਾ ਦਿੱਤਾ ਕੇ 4161 ਦੀ ਕੋਈ ਵੀ ਸੀਟ ਖਾਲੀ ਨਹੀਂ ਰਹਿਣ ਦਿੱਤੀ ਜਾਵੇਗੀ। ਮਿਊਜ਼ਿਕ ਵਿਸ਼ੇ ਦੀਆਂ ਲਿਸਟਾਂ ਜਾਰੀ ਕਰਨ ਸਬੰਧੀ ਉਹਨਾਂ ਨੇ ਕਿਹਾ ਕਿ ਉਹ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ ਸਬੰਧੀ ਜਾਣਕਾਰੀ ਦੇਣਗੇ।

ਇਸ ਤੋਂ ਇਲਾਵਾ 4161 ਭਰਤੀ ਵਿਚ ਜਿਹੜੇ ਉਮੀਦਵਾਰ ਜੁਆਇੰਨ ਕਰ ਚੁੱਕੇ ਹਨ ਉਹਨਾਂ ਟ੍ਰੇਨਿੰਗ ਸਮੇਂ ਤੋਂ ਤਨਖਾਹ ਜਾਰੀ ਕਰਵਾਉਣ ਸਬੰਧੀ ਵੀ ਗੱਲਬਾਤ ਕੀਤੀ ਗਈ। ਪਿਛਲੇ ਦਿਨੀਂ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਕਰਕੇ ਇਹਨਾਂ ਅਧਿਆਪਕਾਂ ਦੀ ਜੁਇਨਿੰਗ ਤਰੀਕ 9 ਮਈ ਮੰਨ ਲਈ ਗਈ ਸੀ, ਪਰੰਤੂ ਹਜੇ ਵੀ 9 ਮਈ ਤੋਂ ਤਨਖਾਹ ਕਢਵਾਉਣ ਸਬੰਧੀ ਸਮੱਸਿਆ ਆ ਰਹੀ ਹੈ। ਇਸ ਸਬੰਧੀ ਡੀ ਪੀ ਆਈ ਸਾਹਿਬ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਪਿਛਲੇ ਪੱਤਰ ਵਿੱਚ ਸੋਧ ਕਰਕੇ ਤਨਖਾਹ ਸਬੰਧੀ ਸਪਸ਼ਟੀਕਰਨ ਵਾਲਾ ਪੱਤਰ ਜਾਰੀ ਕਰ ਦਿੱਤਾ ਜਾਵੇਗਾ।

4161 ਮਾਸਟਰ ਕੇਡਰ ਯੂਨੀਅਨ ਦੇ ਆਗੂ ਲਵੀ ਢਿੰਗੀ, ਬਲਕਾਰ ਮਘਾਣੀਆ, ਹਰਜੋਤ ਸਿੰਘ ਅਨੰਦਪੁਰ ਸਾਹਿਬ, ਕੁਲਵਿੰਦਰ ਕੌਰ ਅਨੰਦਪੁਰ ਸਾਹਿਬ, ਅਜੀਤ ਜੈਨ ਸਰਦੂਲਗੜ੍ਹ ਅਤੇ ਹਰਦੀਪ ਸਿੰਘ ਰੋਪੜ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦੀ ਹੀ 4161 ਦੇ ਸਾਰੇ ਵਿਸ਼ਿਆਂ ਦੀ ਦੂਜੀ ਲਿਸਟ ਅਤੇ ਮਿਊਜ਼ਿਕ ਵਿਸ਼ੇ ਦੀ ਲਿਸਟ ਜਾਰੀ ਕਰਕੇ ਸਕੂਲਾਂ ਵਿੱਚ ਨਾ ਭੇਜਿਆ ਗਿਆ ਤਾਂ ਉਹਨਾਂ ਵੱਲੋਂ ਇੱਕ ਅਕਤੂਬਰ ਤੋਂ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ਤੇ ਸੁਰਿੰਦਰ ਬਰਨਾਲਾ, ਰਣਵੀਰ ਅਬੋਹਰ, ਕਰਨ ਕੰਬੋਜ਼, ਮਨਪ੍ਰੀਤ ਬੋਹਾ ਆਦਿ ਯੂਨੀਅਨ ਆਗੂ ਹਾਜ਼ਰ ਸਨ।

LEAVE A REPLY

Please enter your comment!
Please enter your name here