ਅੰਤਰ-ਰਾਸ਼ਟਰੀ ਖਿਡਾਰੀ ਗੁਰਬਖਸ਼ ਸਿੰਘ ਸਿੱਧੂ ਅਤੇ ਸੰਦੀਪ ਸੁਲਤਾਨ ਦੇ ਸਨਮਾਨ ਵਿੱਚ ਰਾਤਰੀ ਦੇ ਖਾਣੇ ਦੀ ਦਾਵਤ

0
33

ਅੰਤਰ-ਰਾਸ਼ਟਰੀ ਖਿਡਾਰੀ ਗੁਰਬਖਸ਼ ਸਿੰਘ ਸਿੱਧੂ ਅਤੇ ਸੰਦੀਪ ਸੁਲਤਾਨ ਦੇ ਸਨਮਾਨ ਵਿੱਚ ਰਾਤਰੀ ਦੇ ਖਾਣੇ ਦੀ ਦਾਵਤ
“ਕਰਮਨ ਦੀ ਮੇਅਰ ਮਰੀਆਂ ਪੈਚੀਕੋ ਨੇ ਕਰੀ ਸ਼ਿਰਕਤ”

ਫਰਿਜ਼ਨੋ, ਕੈਲੇਫੋਰਨੀਆਂ , 17 ਦਸੰਬਰ 2024:

ਪੰਜਾਬੀ ਭਾਈਚਾਰੇ ਦਾ ਅੰਤਰ-ਰਾਸ਼ਟਰੀ ਖੇਡਾਂ ਵਿੱਚ ਨਾਂ ਚਮਕਾਉਣ ਵਾਲੇ ਮਾਸਟਰ ਐਥਲੇਟਿਕਸ ਦੇ ਖਿਡਾਰੀ ਗੁਰਬਖਸ਼ ਸਿੰਘ ਸਿੱਧੂ ਅਤੇ ਕਬੱਡੀ ਖਿਡਾਰੀ ਸੰਦੀਪ ਸੁਲਤਾਨ ਦੇ ਸਨਮਾਨ ਵਿੱਚ ਫਰਿਜ਼ਨੋ ਨਜ਼ਦੀਕੀ ਸ਼ਹਿਰ ਕਰਮਨ ਵਿਖੇ ਰਾਤਰੀ ਦੇ ਖਾਣੇ ਦੀ ਦਾਵਤ ਦਿੱਤੀ ਗਈ। ਇਸ ਸਮੇਂ ਜਿੱਥੇ ਖੇਡ ਜਗਤ ਵਿੱਚ ਪੰਜਾਬੀ ਖਿਡਾਰੀਆਂ ਦੀਆਂ ਹਰ ਉਮਰ ਦੇ ਵਰਗ ਵਿੱਚ ਮਾਰੀਆਂ ਮੱਲਾਂ ਦਾ ਜ਼ਿਕਰ ਕੀਤਾ ਗਿਆ, ਉੱਥੇ ਨਵੇਂ ਉੱਭਰ ਰਹੇ ਖਿਡਾਰੀਆਂ ਉਤਸ਼ਾਹਤ ਕਰਨ ਅਤੇ ਉਨ੍ਹਾਂ ਦੇ ਮਨੋਬਲ ਨੂੰ ਚੁੱਕਣ ਲਈ ਭਾਈਚਾਰੇ ਵੱਲੋ ਹੋ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਗਈ। ਪ੍ਰੋਗਰਾਮ ਦੇ ਅਗਲੇ ਦੋਰ ਵਿੱਚ ਬੋਲਦੇ ਹੋਏ ਸਾਬਕਾ ਕਬੱਡੀ ਖਿਡਾਰੀ ਅਤੇ ਗੀਤਕਾਰ ਗੁਲਬਿੰਦਰ ਗੈਰੀ ਢੇਸੀ ਨੇ ਸਭ ਨੂੰ ਜੀ ਆਇਆਂ ਕਹਿੰਦੇ ਹੋਏ ਪ੍ਰੋਗਰਾਮ ਦਾ ਅਰੰਭ ਕੀਤਾ। ਇਸ ਬਾਅਦ ਹਾਜ਼ਰੀਨ ਦੇ ਮਨੋਰੰਜਨ ਲਈ ਗਾਇਕੀ ਦਾ ਦੌਰ ਵੀ ਚੱਲਿਆ। ਜਿਸ ਦੀ ਸ਼ੁਰੂਆਤ ਸਥਾਨਕ ਗਾਇਕ ਅਤੇ ਖਿਡਾਰੀ ਕਮਲਜੀਤ ਬੈਨੀਪਾਲ ਨੇ ਧਾਰਮਿਕ ਗੀਤ ਰਾਹੀਂ ਕੀਤੀ ਅਤੇ ਹੋਰ ਬਹੁਤ ਸਾਰੇ ਗੀਤ ਗਾਏ। ਇਸ ਉਪਰੰਤ ਗਾਇਕ ਅਤੇ ਅਦਾਕਾਰ ਅਵਤਾਰ ਗਰੇਵਾਲ ਨੇ ਆਪਣੇ ਗੀਤਾਂ ਅਤੇ ਕਮੇਡੀ ਰਾਹੀਂ ਸਰੋਤਿਆਂ ਦਾ ਮਨੋਰੰਜਨ ਕੀਤਾ। ਗੀਤਕਾਰ ਸਤਬੀਰ ਹੀਰ ਨੇ ਆਪਣੀਆਂ ਬਹੁਤ ਸਾਰੀਆਂ ਰਚਨਾਵਾਂ ਹਾਜ਼ਰੀਨ ਨਾਲ ਸਾਂਝੀਆਂ ਕੀਤੀਆਂ।

ਇਸ ਪ੍ਰੋਗਰਾਮ ਵਿੱਚ ਕਰਮਨ ਸ਼ਹਿਰ ਦੀ ਮੇਅਰ ਮਰੀਆਂ ਪੈਚੀਕੋ ਅਤੇ ਰੋਟਰੀ ਕਲੱਬ ਦੀ ਮੁੱਖ ਪ੍ਰਬੰਧਕ ਵੈਰੋਣਕਾ ਨੇ ਆਪਣੇ ਮੁੱਖ ਮੈਂਬਰਾਂ ਸਮੇਤ ਹਾਜ਼ਰੀ ਭਰਦੇ ਹੋਏ ਜਿੱਥੇ ਇਨ੍ਹਾਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ, ਉੱਥੇ ਸਮੂੰਹ ਹਾਜ਼ਰੀਨ ਨੂੰ ਕ੍ਰਿਸਮਿਸ ਦੀਆਂ ਵਧਾਈਆਂ ਵੀ ਦਿੱਤੀਆਂ। ਸਮੁੱਚੇ ਪ੍ਰੋਗਰਾਮ ਨੂੰ ਆਯੋਜਿਤ ਅਤੇ ਸਪਾਂਸਰ ਕਰਨ ਵਿੱਚ ਗੁਲਬਿੰਦਰ ਗੈਰੀ ਢੇਸੀ ਦੀ ਅਹਿਮ ਭੂਮਿਕਾ ਰਹੀ। ਅੰਤ ਰਾਤਰੀ ਦੇ ਖਾਣੇ ਦਾ ਸੁਆਦ ਅਤੇ ਅਮੈਰੀਕਨ ਭਾਈਚਾਰੇ ਦੀ ਸਾਂਝ ਨਾਲ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।

LEAVE A REPLY

Please enter your comment!
Please enter your name here