ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦੀ ਸ਼ਹੀਦੀ ਨੂੰ ਸਮਰਪਤ
ਇਕ ਪ੍ਰਭਾਵਸ਼ਾਲੀ ਪ੍ਰੋਗਰਾਮ
ਗਦਰ ਮੈਮੋਰੀਅਲ ਸਾਨਫਰਾਂਸਿਸਕੋ ਵਿਚ ਹੋੇਇਆ
ਦਸੰਬਰ 17 ,2024 , ਸਾਨਫਰਾਂਸਿਸਕੋ
ਲੰਘੇ ਸ਼ਨੀਵਾਰ, 14 ਦਸੰਬਰ 2024 ਨੂੰ ਗਦਰ ਪਾਰਟੀ ਦੇ ਮੁਢਲੇ ਦਫਤਰ 5 ਵੱੁਡ ਸਟਰੀਟ ਸਾਨਫਰਾਂਸਿਸਕੋ ਵਿਚ ਹੋਏ ਇਕ ਪ੍ਰਭਾਵਸ਼ਾਲੀ ਪ੍ਰੋਗਰਾਮ ਵਿਚ ਛੋਟੀ ਉਮਰ ਵਿਚ ਵੱਡੀਆਂ ਘਾਲਣਾ ਕਰਨ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨਾਂ ਦੇ ਨਾਲ ਫਾਂਸੀ ਦਾ ਰੱਸਾ ਚੁੰਮ ਕੇ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਸ਼ਹੀਦਾਂ ਸ੍ਰੀ ਵਿਸ਼ਨੂੰ ਗਣੇਸ਼ ਪਿੰਗਲੇ, ਸ੍ਰ ਸੁਰੈਣ ਸਿੰਘ ਵੱਡਾ ਗਿਲਵਾਲੀ, ਸ੍ਰ ਸੁਰੈਣ ਸਿੰਘ ਛੋਟਾ ਗਿਲਵਾਲੀ, ਸ੍ਰ ਜਗਤ ਸਿੰਘ ਸੁਰਸਿੰਘ ਵਾਲਾ, ਸ੍ਰ ਹਰਨਾਮ ਸਿੰਘ ਸਿਆਲਕੋਟ ਅਤੇ ਸ੍ਰ ਬਖਸ਼ੀਸ਼ ਸਿੰਘ ਗਿਲਵਾਲੀ ਨੂੰ ਸ਼ਰਧਾਜਲੀ ਭੇਂਟ ਕੀਤੀ ਗਈ। ਇਹ ਸੱਤੇ ਯੋਧੇ ਉਹਨਾਂ ਹਜ਼ਾਰਾਂ ਮਹਾਨ ਲੋਕਾਂ ਵਿਚ ਸ਼ਾਮਲ ਸੰਨ ਜੋ ਅਮਰੀਕਾ ਦੀ ਧਰਤੀ ਤੇ 1913 ਵਿਚ ਬਣੀ ਗਦਰ ਪਾਰਟੀ ਦੀ ਅਗਵਾਈ ਵਿਚ ਅਮਰੀਕਾ ਕਨੇਡਾ ਅਤੇ ਹੋਰ ਦੇਸ਼ਾ ਤੋਂ ਆਪਣੇ ਕੰਮਕਾਰ, ਬਣੀਆਂ ਹੋਈਆ ਜਾਇਦਾਦਾ ਅਤੇ ਉਜਵਲ ਭਵਿਖ ਦੇ ਸੁਪਨੇ ਤੱਜ ਕੇ ਭਾਰਤ ਦੀ ਆਜ਼ਾਦੀ ਲਈ ਆਪਣਾ ਆਪ ਕੁਰਬਾਨ ਕਰਨ ਲਈ ਕੋਈ 8000 ਦੀ ਵੱਡੀ ਗਿਣਤੀ ਵਿਚ ਭਾਰਤ ਲਈ ਤੁਰੇ ਸਨ। ਰਾਹ ਦੀਆਂ ਬੇਸ਼ੁਮਾਰ ਕਠਨਾਈਆਂ ਤੋ ਬਾਅਦ ਭਾਰਤ ਪਹੁੰਚਣ ਵਾਲੇ ਗਦਰੀ ਸ਼ੂਰਬੀਰਾਂ ਨੇ ਦੇਸ਼ ਨੂੰ ਅੰਗਰੇਜ਼ ਸਾਮਰਾਜ ਤੋਂ ਆਜ਼ਾਦ ਕਰਵਾਉਣ ਦੀ ਜਦੋ ਜਹਿਦ ਪੂਰੀ ਸ਼ਿਦਤ ਅਤੇ ਹਿੰਮਤ ਨਾਲ ਲੜੀ। ਭਾਂਵੇ ਗਦਰ ਪਾਰਟੀ ਵਲੋਂ ਫੌਜੀ ਛੌਣੀਆਂ ਵਿਚ ਅੰਗਰੇਜ ਸਰਕਾਰ ਵਿਰੁਧ ਬਗਾਵਤ ਸ਼ੁਰੂ ਕਰਨ ਦਾ ਪਲੈਨ ਮੋਟੇ ਰੂਪ ਵਿਚ ਕਾਮਯਾਬ ਨਹੀਂ ਹੋਇਆ। ਸਰਕਾਰ ਨੂੰ ਇਸ ਬਗਾਵਤ ਦੀ ਸੂਚਨਾ ਪਹਿਲਾਂ ਹੀ ਮਿਲ ਜਾਣ ਕਾਰਣ ਬਹੁਤ ਸਾਰੇ ਗਦਰੀ ਯੋਧੇ ਗ੍ਰਿਫਤਾਰ ਕਰ ਲਏ ਗਏ। ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ, ਜਗਤ ਸਿੰਘ ਅਤੇ ਕੁਝ ਹੋਰ ਸਾਥੀ ਪੁਲੀਸ ਨੂੰ ਚਕਮਾ ਦੇ ਕੇ ਅਫਗਾਨਿਸਤਾਨ ਜਾਣ ਲਈ ਨਿਕਲੇ ਪਰ ਬਾਕੀ ਗਦਰੀਆਂ ਨੂੰ ਇਹਨਾਂ ਮੁਸ਼ਕਲ ਹਾਲਤਾਂ ਵਿਚ ਛੱਡ ਕੇ ਆਪ ਸਰੱਖਿਅਤ ਚਲੇ ਜਾਣਾ ਵੀ ਉਨਾਂ ਨੂੰ ਗਵਾਰਾ ਨਾ ਹੋਇਆ ਤੇ ਉਹ ਵਾਪਸ ਆ ਸਰਗੋਧੇ ਚੱਕ ਨੰਬਰ 5 ਵਿਚ ਇਕ ਫੌਜੀ ਛੌਣੀ ਵਿਚ ਬਗਾਵਤ ਕਰਵਾਉਣ ਦੀ ਕੋਸ਼ਿਸ ਵਿਚ ਲੱਗ ਗਏ। ਇਥੋਂ ਹੀ ਉਨਾਂ ਨੂੰ ਰਸਾਲਦਾਰ ਗੰਡਾ ਸਿੰਘ ਦੀ ਸੂਹ ਤੇ ਗਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਹੋਣ ਤੋਂ ਬਾਅਦ ਇਨਾਂ ਮਰਜੀਵੜਿਆਂ ਨੂੰ 16 ਨਵੰਬਰ 1915 ਨੂੰ ਲਾਹੌਰ ਜੇਲ ਵਿਚ ਫਾਸ਼ੀ ਦੇ ਦਿਤੀ ਗਈ ਸੀ।
ਇਸ ਪ੍ਰੋਗਰਾਮ ਵਿਚ ਭਾਰਤੀ ਕਾਂਸਲੇਟ ਦਫਤਰ ਵਲੋਂ ਡਿਪਟੀ ਕਾਸਲੇਟ ਜਨਰਨ ਰਾਕੇਸ ਅਦਲੱਖਾ, ਕੌਸਲ ਅਭੀਸ਼ੇਕ ਸ਼ਰਮਾ ਅਤੇ ਐਨ ਪੀ ਸਿੰਘ ਹੁਣਾ ਨੇ ਹਿਸਾ ਲਿਆ। ਡਿਪਟੀ ਕਾਸਲੇਟ ਜਨਰਲ ਰਾਕੇਸ ਅਦਲੱਖਾ ਨੇ ਬੋਲਦਿਆਂ ਭਾਰਤ ਨੂੰ ਆਜ਼ਾਦ ਕਰਵਾਉਣ ਲਈ 8000 ਦੀ ਗਿਣਤੀ ਵਿਚ ਅਮਰੀਕਾ ਕਨੇਡਾ ਤੋਂ ਜਾਣ ਵਾਲੇ ਗਦਰੀ ਸੂਰਬੀਰਾਂ ਨੂੰ ਸ਼ਰਧਾਜਲੀ ਦਿਤੀ ਅਤੇ ਉਨਾਂ ਦੀਆਂ ਕੁਰਬਾਨੀਆਂ ਨੂੰ ਅੱਜ ਦੀ ਪੀੜੀ ਨੂੰ ਦੱਸਣ ਤੇ ਜੋਰ ਦਿਤਾ। ਉਨਾਂ ਨੇ ਗਦਰ ਮੈਮੋਰੀਅਲ ਦੀ ਮੁੜ ਉਸਾਰੀ ਲਈ ਵੀ ਗੰਭੀਰਤਾ ਨਾਲ ਯਤਨ ਕਰਨ ਦਾ ਭਰੋਸਾ ਦਵਾਇਆ।
ਸਟੇਜ ਦੀ ਕਾਰਵਾਈ ਹਰਜਿੰਦਰ ਢੇਸੀ ਨੇ ਨਿਭਾਈ ਅਤੇ ਵੱਖ ਵੱਖ ਬੁਲਾਰਿਆ ਨੂੰ ਪੇਸ਼ ਕੀਤਾ ਜਿਨਾਂ ਵਿਚ ਪ੍ਰਿਸੀਪਲ ਬਲਵਿੰਦਰ ਸਿੰਘ ਬੁਟਰ, ਕੁਲਦੀਪ ਸਿੰਘ ਸੁਜੋਂ, ਡਾ ਦਲਜੀਤ ਸਿੰਘ ਸਾਬਕਾ ਪ੍ਰਿਸੀਪਲ ਖਾਲਸਾ ਕਾਲਜ ਅਮ੍ਰਿਤਸਰ), ਕੁਲਵੰਤ ਸਿੰਘ ਗਿੱਲ, ਸੁਰਿੰਦਰ ਕੌਰ ਪੱਖੋਕੇ (ਡਾ ਸਵੈਮਾਨ ਸਿੰਘ ਦੀ ਮਾਤਾ ਜੀ), ਡਾ ਅਰਜਨ ਸਿੰਘ ਜੋਸ਼ਨ, ਡਾ ਮਲਕੀਤ ਸਿੰਘ ਕਿੰਗਰਾ, ਸ੍ਰ ਹਰਦੇਵ ਸਿੰਘ, ਪੰਕਜ ਆਂਸਲ, ਰਾਜ ਮੋਗਾ, ਗੁਰਨਾਮ ਸਿੰਘ ਬਿੰਜਲ ਅਤੇ ਸੁਰਿੰਦਰ ਮੰਢਾਲੀ ਸ਼ਾਮਲ ਸਨ। ਹਰਜੀਤ ਸ਼ੇਰਗਿਲ, ਹਰਿੰਦਰ ਮੰਢਾਲੀ, ਪੰਕਜ ਆਂਸਲ, ਨਰਿੰਦਰ ਸੁਜੋਂ, ਪ੍ਰਸਿਧ ਗਜ਼ਲ ਲੇਖਕ ਕੁਲਵਿੰਦਰ ਅਤੇ ਹਰਜਿੰਦਰ ਢੇਸੀ ਨੇ ਆਪਣੇ ਗੀਤ ਕਵਿਤਾਵਾ ਨਾਲ ਸ਼ਹੀਦਾ ਨੂੰ ਸ਼ਰਧਾਜਲੀ ਦਿਤੀ।
ਸਾਰੇ ਬੁਲਾਰਿਆਂ ਦਾ ਇਹ ਸਾਂਝਾ ਫਿਕਰ ਸੀ ਕਿ ਗਦਰੀ ਬਾਬਿਆਂ ਦਾ ਭਾਰਤ ਲਈ ‘ਧਰਮ ਨਿਰਪੱਖਤਾ, ਬਰਾਬਰਤਾ ਅਤੇ ਨਿਆਂ ਦਾ ਲਿਆ ਸੁਪਨਾ ਅੱਜ ਹੋਰ ਵੀ ਧੁੰਦਲਾ ਹੋ ਰਿਹਾ ਹੈ। ਲੋਕਾਂ ਦੇ ਅਸਲ ਮਸਲਿਆਂ ਦੇ ਹਲ ਕਰਨ ਤੋਂ ਅਸਮਰਥ ਸਰਕਾਰਾਂ, ਸੰਪਰਦਾਇਕਤਾ ਦਾ ਸਹਾਰਾ ਲੈ ਕੇ ਆਪਣੀ ਸੱਤਾ ਤੇ ਕਾਬਜ ਹੋ ਰਹੀਆਂ ਹਨ ਅਤੇ ਆਜ਼ਾਦੀ ਦੇ 77 ਸਾਲਾ ਤੋਂ ਬਾਅਦ ਅਤੇ ਵਿਦਿਆ ਦੇ ਪਸਾਰ ਦੇ ਬਾਵਜੂਦ ਵੀ ਭਾਰਤ ਦੀਆਂ ਬਹੁਤੀਆਂ ਵੱਡੀਆਂ ਪਾਰਟੀਆ ਅਤੇ ਸਰਕਾਰਾਂ ਲੋਕਾਂ ਨੂੰ ਧਰਮ, ਜਾਤ, ਗੋਤ ਅਤੇ ਇਲਾਕਿਆਂ ਦੇ ਨਾਂ ਤੇ ਵੰਡਣ ਵਿਚ ਕਾਮਯਾਬ ਹੋ ਰਹੀਆਂ ਹਨ। ਇਹ ਦੇਸ਼ ਭਗਤਾਂ ਦੀ ਸੋਚ ਨਾਲ ਮੇਲ ਨਹੀਂ ਖਾਦਾਂ ਜਿਨਾਂ ਨੇ ਸਾਂਝੇ ਯਤਨਾ ਅਤੇ ਕੁਰਬਾਨੀਆਂ ਨਾਲ ਦੇਸ਼ ਨੂੰ ਅੰਗਰੇਜ਼ ਸਾਮਰਾਜ ਤੋਂ ਆਜ਼ਾਦ ਕਰਾਇਆ ਸੀ। ਬੁਲਾਰਿਆਂ ਨੇ ਆਸ ਕੀਤੀ ਕਿ ਲੋਕ ਗਦਰੀ ਬਾਬਿਆਂ ਅਤੇ ਹੋਰ ਦੇਸ਼ ਭਗਤਾਂ ਦੀ ਸੋਚ ਤੋਂ ਪ੍ਰੇਰਣਾ ਲੈ ਕੇ ਚੰਗੇ ਲੋਕਾਂ, ਨੇਤਾਵਾਂ ਅਤੇ ਪਾਰਟੀਆਂ ਨੂੰ ਅਗੇ ਲੈ ਕੇ ਆਉਣਗੇ ਤਾਂ ਕੇ ਸਾਰੇ ਭਾਰਤੀਆਂ ਦਾ ਸਾਝਾਂ ਵਿਕਾਸ ਹੋ ਸਕੇ।
ਪ੍ਰੋਗਰਾਮ ਵਿਚ ਬੋਲਦਿਆਂ ਖਾਲਸਾ ਕਾਲਜ ਅਮ੍ਰਿਤਸਰ ਦੇ ਸਾਬਕਾ ਪ੍ਰਿਸੀਪਲ ਸ੍ਰ ਦਲਜੀਤ ਸਿੰਘ ਨੇ ਕਾਂਸਲੇਟ ਜਨਰਲ ਨੂੰ ਕਾਸਲੇਟ ਦੇ ਵੈਬ ਸਾਈਟ ਤੇ ਹੋਰ ਗਦਰੀ ਯੋਧਿਆਂ ਬਾਰੇ ਜਾਣਕਾਰੀ ਸਾਂਝੀ ਕਰਨ ਦਾ ਸੁਝਾ ਦਿਤਾ। ਇੰਡੋ ਅਮੈਰੀਕਨ ਹੈਰੀਟੇਜ਼ ਫੋਰਮ ਦੇ ਸਰਪ੍ਰ੍ਰਸਤ ਸੁਰਿੰਦਰ ਮੰਢਾਲੀ ਨੇ ਆਉਣ ਵਾਲੇ ਸਮੇਂ ਵਿਚ ਸਕੂਲੀ ਬੱਚਿਆ ਦੇ ਗਰੁਪ ਗਦਰ ਮੈਮੋਰੀਅਲ ਤੇ ਲਿਆਉਣ ਦਾ ਵਿਚਾਰ ਪ੍ਰਗਟ ਕੀਤਾ ਤਾਂ ਕੇ ਉਨਾਂ ਨੂੰ ਇਸ ਸ਼ਾਨਾਮੱਤੇ ਇਤਿਹਾਸ ਤੋਂ ਜਾਣੂ ਕਰਵਾਇਆਂ ਜਾ ਸਕੇ। ਡਿਪਟੀ ਕਾਸਲੇਟ ਸ੍ਰੀ ਰਾਕੇਸ ਅਦਲੱਖਾ ਹੁਣਾਂ ਇਸ ਤਰਾ ਦੇ ਯਤਨਾ ਲਈ ਪੂਰਾ ਸਾਥ ਦੇਣ ਦਾ ਵਾਅਦਾ ਕੀਤਾ।
ਇਹ ਪ੍ਰੋਗਰਾਮ ਕੈਲੇਫੋਰਨੀਆਂ ਦੇ ਵੱਖ ਵੱਖ ਸ਼ੁਹਿਰਾਂ ਵਿਚ ਗਦਰੀ ਬਾਬਿਆਂ ਦੀ ਸੋਚ ਨੂੰ ਪ੍ਰਚਾਰਣ ਅਤੇ ਪਰਸਾਰਣ ਦੇ ਉਦੇਸ਼ ਨੂੰ ਲੈ ਕੇ ਕੰਮ ਕਰ ਰਹੀਆਂ ਸੰਸਥਾਵਾਂ, ਇੰਡੋ ਅਮੈਰੀਕਨ ਹੈਰੀਟੇਜ਼ ਫੋਰਮ ਫਰਿਜਨੋ, ਦਾ ਗਦਰ ਹੈਰੀਟੇਜ਼ ਫਾਉਡੇਸ਼ਨ, ਇੰਡੋ ਅਮੈਰੀਕਨ ਹੈਰੀਟੇਜ਼ ਫਾਉਡੇਸ਼ਨ ਆਫ ਬੇ ਏਰੀਆਂ, ਅਤੇ ਇੰਡੀਅਨ ਐਜੂਕੇਸ਼ਨਲ ਅਤੇ ਕਲਚਰਲ ਔਰਗੇਨਾਈਜੇਸ਼ਨ ਦੇ ਸਾਂਝੇ ਯਤਨਾ ਨਾਲ ਕਰਵਾਇਆ ਗਿਆ। ਫਰਿਜਨੋ ਤੋ ਇੰਡੋ ਅਮੈਰੀਕਨ ਹੈਰੀਟੇਜ਼ ਫੋਰਮ ਦੀ ਅਗਵਾਈ ਵਿਚ ਕੋਈ 60 ਦੇ ਕਰੀਬ ਆਦਮੀ ਤੇ ਔਰਤਾਂ ਦਾ ਜੱਥਾ ਸ਼ਾਮਲ ਹੋਇਆ। ਇਥੇ ਪਹੁੰਚੇ ਸਾਰੇ ਲੋਕਾਂ ਲਈ ਦੁਪਿਹਰ ਦੇ ਖਾਣੇ ਦਾ ਪ੍ਰਬੰਧ ਗਦਰ ਹੈਰੀਟੇਜ਼ ਫਾਉਡੇਸ਼ਨ ਅਤੇ ਇੰਡੋ ਅਮੈਰੀਕਨ ਹੈਰੀਟੇਜ਼ ਫਾਉਡੇਸ਼ਨ ਆਫ ਬੇ ਏਰੀਆਂ ਦੇ ਦੋਸਤਾਂ ਨੇ ਕੀਤਾ। ਅਟਵਾਲ ਬਰੱਦਰਜ ਵਲੋਂ ਸੁਰਜੀਤ ਸਿੰਘ ਅਟਵਾਲ ਅਤੇ ਕੁਲਦੀਪ ਸਿੰਘ ਅਟਵਾਲ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੇ ਸਾਰੇ ਦੋਸਤਾਂ ਦੇ ਖਾਣ ਲਈ ਬਦਾਮ ਲੈ ਕੇ ਸ਼ਾਮਲ ਹੋਏ।
ਇਸ ਪ੍ਰੋਗਰਾਮ ਵਿਚ ਸ਼ਾਮਲ ਹੋਏ ਸਾਰੇ ਦੋਸਤਾਂ ਦਾ ਇਹ ਸਾਝਾਂ ਪ੍ਰਭਾਵ ਸੀ ਕਿ ਅਜਿਹੇ ਪ੍ਰੋਗਰਾਮ ਹਰ ਸਾਲ ਹੁਣੇ ਚਾਹੀਦੇ ਹਨ ਅਤੇ ਇਸ ਇਤਿਹਾਸਕ ਥਾਂ ਨੂੰ ਆਉਣ ਵਾਲੀਆਂ ਪੀੜੀਆਂ ਲਈ ਸਾਂਭ ਕੇ ਰੱਖਣਾ ਵੀ ਬੇਹੱਦ ਲਾਜ਼ਮੀ ਹੈ।