ਮਹਿਤਾ ਚੌਂਕ ‘ਚ ਬਣੀਆਂ ਝੁੱਗੀਆਂ ਅੰਦਰ ਧਮਾਕਾ ਹੋਣ ਦਾ ਦਾਅਵਾ ਆਇਆ ਸਾਮਣੇ
ਡੀ.ਐਸ.ਪੀ. ਜੰਡਿਆਲਾ ਗੁਰੂ ਨੇ ਦਾਅਵੇ ਨੂੰ ਨਕਾਰਿਆਂ -ਕਥਿਤ ਬੰਬ ਧਮਾਕੇ ਦੀ ਪੁਸ਼ਟੀ ਦਾ ਕੋਈ ਠੋਸ ਸਬੂਤ ਨਹੀਂ
ਮਹਿਤਾ ਚੌਂਕ (ਬਲਰਾਜ ਸਿੰਘ ਰਾਜਾ)
: ਸਥਾਨਕ ਕਸਬੇ ਦੀ ਅੰਮ੍ਰਿਤਸਰ-ਊਨਾ ਨੈਸ਼ਨਲ ਹਾਈਵੇਅ `ਤੇ ਦਾਣਾ ਮੰਡੀ ਕੋਲ ਸਥਿਤ ਕਥਿਤ ਨਜ਼ਾਇਜ਼ ਤੌਰ ‘ਤੇ ਝੁੱਗੀਆਂ ਬਣਾ ਕੇ ਰਹਿ ਰਹੇ ਪਰਿਵਾਰਾਂ ਵੱਲੋਂ ਬੀਤੀ 4 ਅਗਸਤ ਦੀ ਰਾਤ ਕਰੀਬ 9 ਵਜੇ ਕਥਿਤ ਬੰਬ ਧਮਾਕਾ ਹੋਣ ਦੇ ਦਾਅਵੇ ਤੋਂ ਬਾਅਦ ਅੱਜ ਪੂਰੇ ਇਲਾਕੇ ਵਿੱਚ ਚਰਚਾ ਦਾ ਮਾਹੌਲ ਬਣਿਆ ਰਿਹਾ।
ਝੁੱਗੀਆਂ ‘ਚ ਰਹਿ ਰਹੇ ਲੋਕਾਂ ਨੇ ਦੱਸਿਆ ਕਿ ਬੀਤੀ 4 ਅਗਸਤ ਦੀ ਰਾਤ ਕਰੀਬ 9 ਵਜੇ ਝੁੱਗੀਆਂ ਅੰਦਰ ਬਣੀ ਇੱਕ ਕਬਾੜ ਦੀ ਦੁਕਾਨ ਕੋਲੋਂ ਜ਼ੋਰਦਾਰ ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ,ਜਿਸਤੋਂ ਬਾਅਦ ਮੌਕੇ `ਤੇ ਜਾ ਕੇ ਦੇਖਣ `ਤੇ ਇਹ ਇੱਕ ਤਰ੍ਹਾਂ ਨਾਲ ਬੰਬ ਧਮਾਕਾ ਲੱਗ ਰਿਹਾ ਸੀ। ਉੱਥੇ ਮੌਜੂਦ ਪਰਿਵਾਰਾਂ ਦਾ ਕਹਿਣਾ ਸੀ ਕਿ ਦਾਣਾ ਮੰਡੀ ਵਾਲੇ ਪਾਸਿਓਂ ਆਏ ਇੱਕ ਮੋਟਰਸਾਈਕਲ ਸਵਾਰ ਨੇ ਕੋਈ ਵਿਸਫੋਟਕ ਵਸਤੂ ਸੁੱਟੀ ਸੀ, ਜਿਸ ਦਾ ਮਕਸਦ ਉਨ੍ਹਾਂ ਨੂੰ ਡਰਾ-ਧਮਕਾ ਕੇ ਝੁੱਗੀਆਂ ਖਾਲੀ ਕਰਵਾਉਣਾ ਸੀ।ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇਸ ਤੋਂ ਪਹਿਲਾਂ 16 ਜੁਲਾਈ ਨੂੰ ਵੀ ਕਥਿਤ ਗ੍ਰਨੇਡ ਹਮਲੇ ਦੀ ਚਰਚਾ ਹੋਈ ਸੀ ਤੇ ਬਾਅਦ ‘ਚ ਉਨ੍ਹਾਂ ਨੂੰ ਖਲਿਸਤਾਨ ਬੱਬਰ ਖਾਲਸਾ ਦੇ ਨਾਮ ਦੀਆਂ ਧਮਕੀ ਭਰੀਆਂ ਕਥਿਤ ਚਿੱਠੀਆਂ ਵੀ ਮਿਲੀਆਂ ਸਨ। ਇਸ ਦੌਰਾਨ ਸਮੂਹ ਪੀੜਤ ਪਰਿਵਾਰਾਂ ਨੇ ਕਿਹਾ ਕਿ ਉਹ ਇਸ ਸਮੇਂ ਡਰ ਦੇ ਮਾਹੌਲ ਵਿੱਚ ਰਹਿ ਰਹੇ ਹਨ ,ਜਿਸ ਲਈ ਉਨ੍ਹਾਂ ਨੇ ਪ੍ਰਸ਼ਾਸਨ ਤੋਂ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੇ ਨਾਲ-ਨਾਲ ਆਪਣੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਡੀ.ਐੱਸ.ਪੀ. ਜੰਡਿਆਲਾ ਗੁਰੂ ਬਲਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ `ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੁਲਿਸ ਦੀ ਹੁਣ ਤੱਕ ਦੀ ਮੁੱਢਲੀ ਜਾਂਚ ਵਿੱਚ ਕਥਿਤ ਬੰਬ ਧਮਾਕੇ ਦੀ ਪੁਸ਼ਟੀ ਕਰਨ ਵਾਲਾ ਕੋਈ ਸਬੂਤ ਸਾਹਮਣੇ ਨਹੀਂ ਆਇਆ।ਉਨ੍ਹਾਂ ਦੱਸਿਆ ਕਿ ਮੌਕੇ ਤੋਂ ਮਿਲੇ ਤੱਥਾਂ ਅਤੇ ਹੋਰ ਸਬੂਤਾਂ ਦੇ ਆਧਾਰ `ਤੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।ਜੇਕਰ ਜਾਂਚ ਦੌਰਾਨ ਕਿਸੇ ਸਾਜਿਸ਼ ਜਾਂ ਅਪਰਾਧ ਸਬੰਧੀ ਤੱਥ ਸਾਹਮਣੇ ਆਉਂਦੇ ਹਨ ਤਾਂ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਥਾਣਾ ਮੁਖੀ ਮਹਿਤਾ ਇੰਸਪੈਕਟਰ ਸਿਮਰਨਜੀਤ ਕੌਰ ਵੀ ਮੌਜੂਦ ਸਨ।
ਇਸ ਦੌਰਾਨ ਨੈਸ਼ਨਲ ਹਾਈਵੇਅ ਦੇ ਕਿਨਾਰੇ ਸਰਕਾਰੀ ਜ਼ਮੀਨ `ਤੇ ਬਣੀਆਂ ਝੁੱਗੀਆਂ ਖਿਲਾਫ ਜਨਤਕ ਤੌਰ ‘ਤੇ ਮੁੱਦਾ ਚੁੱਕਣ ਵਾਲੇ ਅਕਾਲੀ ਦਲ (ਅੰਮ੍ਰਿਤਸਰ) ਦੇ ਹਲਕਾ ਜੰਡਿਆਲਾ ਗੁਰੂ ਇੰਚਾਰਜ ਬਲਜੀਤ ਸਿੰਘ ਬੁੱਟਰ ਨੇ ਕੁਝ ਸਮਾਜ ਸੇਵਕਾਂ ਤੇ ਇਲਾਕੇ ਦੇ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਡੀ.ਐੱਸ.ਪੀ. ਜੰਡਿਆਲਾ ਗੁਰੂ ਨੂੰ ਮੰਗ ਪੱਤਰ ਸੌਂਪਿਆਂ ਤੇ ਸਰਕਾਰੀ ਜ਼ਮੀਨ `ਤੇ ਕਥਿਤ ਨਾਜਾਇਜ਼ ਕਬਜ਼ਿਆਂ ਦੀ ਜਾਂਚ ਕਰਵਾ ਕੇ ਕਾਨੂੰਨ ਅਨੁਸਾਰ ਕਾਰਵਾਈ ਕਰਨ ਅਤੇ ਝੁੱਗੀਆਂ ਹਟਾਉਣ ਦੀ ਮੰਗ ਕੀਤੀ।ਇਸਦੇ ਨਾਲ ਹੀ ਉਨ੍ਹਾਂ ਨੇ ਡੀ.ਐੱਸ.ਪੀ. ਅੱਗੇ ਇਹ ਵੀ ਦਾਅਵਾ ਰੱਖਿਆ ਕਿ ਇਨ੍ਹਾਂ ਝੁੱਗੀਆਂ ਵਿੱਚ ਰਹਿ ਰਹੇ ਕੁਝ ਲੋਕਾਂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਕਾਰਨ ਇਲਾਕਾ ਵਾਸੀਆਂ ਵਿੱਚ ਚਿੰਤਾ ਤੇ ਅਸੁਰੱਖਿਆ ਦਾ ਮਾਹੌਲ ਹੈ,ਜਿਸ ਨੂੂੰ ਉਨ੍ਹਾਂ ਪ੍ਰਸ਼ਾਸਨ ਤੋਂ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਇਸਨੂੰ ਰੋਕਣ ਤੇ ਗਲਤ ਅਨਸਰਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ






