(ਬਲਰਾਜ ਸਿੰਘ ਰਾਜਾ)
ਸੰਤ ਗਿ.ਹਰਨਾਮ ਸਿੰਘ ਖਾਲਸਾ ਦੀ ਅਗਵਾਈ ‘ਚ ਹੋ ਰਹੇ ਸਮਾਗਮਾਂ ਦੌਰਾਨ ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਸ਼ਾਹ ਹੋਣਗੇ ਸ਼ਾਮਿਲ
ਮਹਾਰਾਸ਼ਟਰ ਵਿਖੇ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਦੇ ਵਿਸ਼ੇਸ਼ ਸਹਿਯੋਗ ਨਾਲ ਦਮਦਮੀ ਟਕਸਾਲ ਮੁਖੀ ਤੇ ਸੰਤ ਸਮਾਜ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਰਹਿਨੁਮਾਈ ਹੇਠ ‘ਹਿੰਦ ਦੀ ਚਾਦਰ’ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਮਹਾਂਰਾਸ਼ਟਰ ਵਿਖੇ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਜਾਣ ਦੇ ਦੋ ਪੜਾਅ ਮੁਕੰਮਲ ਹੋਣ ਤੋਂ ਬਾਅਦ ਹੁਣ ਤੀਸਰੇ ਪੜਾਅ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।ਨਾਗਪੁਰ ਤੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਬਾਅਦ ਅਗਲਾ ਦੋ ਦਿਨਾਂ ਸ਼ਹੀਦੀ ਸ਼ਤਾਬਦੀ ਸਮਾਗਮ ਉਵੇ ਮੈਦਾਨ ਖਾਰਘਰ ਨਵੀਂ ਮੁੰਬਈ ਵਿਖੇ ਰੱਖੇ ਗਏ ਹਨ,ਜੋ 28 ਫਰਵਰੀ ਦਿਨ ਸ਼ਨੀਵਾਰ ਤੇ 01 ਮਾਰਚ ਦਿਨ ਐਤਵਾਰ ਨੂੰ ਰਾਜ ਪੱਧਰ ‘ਤੇ ਮਨਾਏ ਜਾਣਗੇ।
ਮਹਾਰਾਸ਼ਟਰ ਸਰਕਾਰ ਵੱਲੋਂ ਵਿਸ਼ੇਸ਼ ਤੌਰ ‘ਤੇ ਗਠਿਤ ਸ਼ਹੀਦੀ ਸ਼ਤਾਬਦੀ ਸਮਾਗਮ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਤੇ ਮੁੱਖ ਮੰਤਰੀ ਮਹਾਰਾਸ਼ਟਰਾ ਰਾਹਤ ਫੰਡ ਦੇ ਇੰਚਾਰਜ ਸ੍ਰੀ ਰਾਮੇਸ਼ਵਰ ਨਾਇਕ ਦੀ ਅਗਵਾਈ ਹੇਠ ਅੱਜ ਤੀਸਰੇ ਪੜਾਅ ਦੇ ਸ਼ਹੀਦੀ ਸਮਾਗਮਾਂ ਲਈ ਲਗਾਏ ਜਾ ਰਹੇ ਪੰਡਾਲ ਦੇ ਨਿਰਮਾਣ ਕਾਰਜ ਤੋਂ ਪਹਿਲਾਂ ਅਰਦਾਸ ਸਮਾਗਮ(ਭੂਮੀ ਪੂਜਨ) ਰੱਖਿਆ ਗਿਆ,ਜਿਸ ਵਿੱਚ ਮਹਾਂਰਾਸ਼ਟਰ ਸਰਕਾਰ ਦੇ ਪ੍ਰਤੀਨਿਧੀ,ਸੰਤ ਮਹਾਂਪੁਰਸ਼ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਭਾਗ ਲਿਆ।
ਇਸ ਦੌਰਾਨ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ ਧੰਨਵਾਦ ਕਰਦੇ ਹੋਏ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਮਹਾਂਰਾਸ਼ਟਰ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਨੂੰ ਬੜੀ ਸ਼ਰਧਾ,ਲਗਨ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।ਮਹਾਰਾਸ਼ਟਰ ਵਿਖੇ 8 ਦਸੰਬਰ ਨੂੰ ਨਾਗਪੁਰ ਤੇ 24-25 ਜਨਵਰੀ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਸੰਪੂਰਨ ਹੋਏ ਇਤਿਹਾਸਕ ਸਮਾਗਮਾਂ ਤੋਂ ਬਾਅਦ ਅਗਲੇ ਸਮਾਗਮ ਖਾਰਗਰ ਵਿਖੇ ਆਯੋਜਿਤ ਕੀਤੇ ਜਾ ਰਹੇ ਹਨ,ਜਿਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨੇਰੇਂਦਰ ਮੋਦੀ ਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਉਚੇਚੇ ਤੌਰ ‘ਤੇ ਸ਼ਾਮਿਲ ਹੋਣਗੇ,ਜਿੰਨ੍ਹਾਂ ਨਾਲ ਹੋਰ ਵੀ ਬਹੁਤ ਸਾਰੀਆਂ ਅਹਿਮ ਧਾਰਮਿਕ,ਰਾਜਨੀਤਿਕ ਤੇ ਸਮਾਜਿਕ ਸ਼ਖਸ਼ੀਅਤਾਂ ਹਾਜ਼ਰੀ ਭਰਨਗੀਆ।ਦਮਦਮੀ ਟਕਸਾਲ ਮੁਖੀ ਨੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਗੁਰੂ ਸਾਹਿਬ ਤੇ ਉਨ੍ਹਾਂ ਨਾਲ ਸ਼ਹੀਦ ਹੋਏ ਭਾਈ ਮਤੀ ਦਾਸ,ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਦੀ ਅਮੁੱਲੀ ਸ਼ਹਾਦਤ ਪ੍ਰਤੀ ਸਤਿਕਾਰ ਰੱਖਦੇ ਹੋਏ ਇੰਨ੍ਹਾਂ ਦੋ ਦਿਨਾਂ ਸ਼ਹੀਦੀ ਸ਼ਤਾਬਦੀ ਸਮਾਗਮਾਂ ‘ਚ ਜ਼ਰੂਰ ਸ਼ਾਮਿਲ ਹੋਣ।
ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਰਾਮੇਸ਼ਵਰ ਨਾਇਕ ਨੇ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਤੇ ਵਿਸ਼ੇਸ਼ ਤੌਰ ‘ਤੇ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦਾ ਧੰੰਨਵਾਦ ਕਰਦੇ ਹੋਏ ਕਿਹਾ ਕਿ ਇੰਨ੍ਹਾਂ ਦੇ ਸਹਿਯੋਗ ਤੋਂ ਬਿੰਨ੍ਹਾਂ ਇਹ ਸਮਾਗਮ ਅਯੋਜਿਤ ਕੀਤੇ ਜਾਣਾ ਬਹੁਤ ਕਠਿਨ ਕਾਰਜ ਸੀ,ਪਰ ਬਾਬਾ ਹਰਨਾਮ ਸਿੰਘ ਖਾਲਸਾ ਦੇ ਸ਼ਤਾਬਦੀ ਸਮਾਗਮਾਂ ਪ੍ਰਤੀ ਅਥਾਹ ਸ਼ਰਧਾਂ ਤੇ ਉਤਸ਼ਾਹ ਨੂੰ ਦੇਖਦੇ ਹੋਏ ਗੁਰੂ ਸਾਹਿਬ ਨੇ ਆਪ ਅੱਗੇ ਹੋ ਕੇ ਉਨ੍ਹਾਂ ਤੋਂ ਇਹ ਸੇਵਾ ਲਈ ਹੈ ।ਅੱਜ ਬਾਬਾ ਜੀ ਦੇ ਵੱਡੇ ਉਪਰਾਲੇ ਸਦਕਾ 350 ਸ਼ਤਾਬਦੀ ਸਮਾਗਮਾਂ ਨੂੰ ਬਹੁਤ ਹੀ ਵਿਸ਼ਾਲਤਾ ਨਾਲ ਮਨਾਇਆ ਜਾ ਰਿਹਾ ਹੈ।
ਇਸ ਮੌਕੇ ਚੇਅਰਮੈਚ ਸੱਚਖੰਡ ਬੋਰਡ ਵਿਜੇ ਸਤਬੀਰ,ਐੱਮ.ਡੀ.ਸਿਡਕੋ ਸ੍ਰੀ ਵਿਜੇ ਸਿੰਘਾਲ,ਡਿਵਿਜ਼ਨ ਕਮਿਸ਼ਨਰ ਸ੍ਰੀ ਵਿਜੇ ਸੂਰਯਵੰਸ਼ੀ, ਨਵੀਂ ਮੁੰਬਈ ਪੁਲਸ ਕਮਿਸ਼ਨਰ ਮਿਲੰਦ ਬਾਰੰਬੇ,ਕੁਲੈਕਟਰ ਥਾਣੇ ਸ੍ਰੀ ਕ੍ਰਿਸ਼ਨਾ ਪੰਚਾਲ,ਮਿਉਸੀਪਲ ਕਾਰਪੋਰੇਸ਼ਨ ਨਵੀਂ ਮੁੰਬਈ ਕਮਿਸ਼ਨਰ ਸ੍ਰੀ ਕੈਲਾਸ਼ ਸ਼ਿੰਦੇ,ਸ੍ਰੀ ਵਿਜੇ ਸਤਬੀਰ ਸਿੰਘ ਚੇਅਰਮੈਨ ਸ੍ਰੀ ਹਜੂਰ ਸਾਹਿਬ ਸੱਚਖੰਡ ਬੋਰਡ, ਭਾਈ ਜਸਪਾਲ ਸਿੰਘ ਸਿੱਧੂ ਚੇਅਰਮੈਨ ਸੁਪਰੀਮ ਕੌਂਸਲ ਨਵੀਂ ਮੁੰਬਈ ਗੁਰਦੁਆਰਾ,ਭਾਈ ਚਰਨਦੀਪ ਸਿੰਘ ਹੈਪੀ ਮੈਂਬਰ ਮਨਓਰਟੀ ਕਮਿਸ਼ਨ ਮਹਾਂਰਾਸ਼ਟਰ ਸਰਕਾਰ, ਗੁਰੁਦਆਰਾ ਸ੍ਰੀ ਖਾਰਗਰ ਪ੍ਰਧਾਨ ਭਾਈ ਪਰਮਜੀਤ ਸਿੰਘ, ਪ੍ਰਧਾਨ ਅਮਰਪਾਲ ਸਿੰਘ ਰੰਧਾਵਾ, ਦਮਦਮੀ ਟਕਸਾਲ ਤੋਂ ਗਿਆਨੀ ਸਾਹਬ ਸਿੰਘ,ਭਾਈ ਹਰਸ਼ਦੀਪ ਸਿੰਘ ਰੰਧਾਵਾ ਤੇ ਡਾ.ਅਵਤਾਰ ਸਿੰਘ ਬੁੱਟਰ ਆਦਿ ਮੌਜੂਦ ਸਨ।
ਫੋਟੋ ਕੈਪਸ਼ਨ-ਮਹਾਰਾਸ਼ਟਰ ਵਿਖੇ ਤੀਸਰੇ ਪੜਾਅ ‘ਚ ਹੋ ਰਹੇ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੀ ‘ਅਰਦਾਸ’ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਤੇ ਮੰਚ ‘ਤੇ ਮੌਜੂਦ ਸ੍ਰੀ ਰਾਮੇਸ਼ਵਰ ਨਾਇਕ ਤੇ ਹੋਰ







