ਲੰਗਰ ਹਾਲ ਵਿੱਚ ਲੰਗਰ ਪ੍ਰਥਾ ਦਾ ਅਪਮਾਨ

0
9
Screenshot

ਲੰਗਰ ਹਾਲ ਵਿੱਚ ਲੰਗਰ ਪ੍ਰਥਾ ਦਾ ਅਪਮਾਨ

ਫੇਸਬੁੱਕ ਪੇਜ “Punjabi Travel Couple” ਨਾਲ ਜੁੜੇ ਇੱਕ ਸਰਦਾਰ ਵਿਅਕਤੀ ਵੱਲੋਂ ਪੁਰਤਗਾਲ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਲੰਗਰ ਹਾਲ ਦੀ ਵੀਡੀਓ ਬਣਾ ਕੇ ਇਹ ਕਹਿਣਾ ਕਿ “ਇੱਥੇ ਲੋਕ ਭੁੱਖੇ ਮਰਦੇ ਹਨ”, ਬਹੁਤ ਹੀ ਦੁਖਦਾਈ ਅਤੇ ਨਿੰਦਣਯੋਗ ਗੱਲ ਹੈ। ਗੁਰੂ ਘਰ ਦਾ ਲੰਗਰ ਕਿਸੇ ਦੀ ਗਰੀਬੀ ਜਾਂ ਮਜ਼ਬੂਰੀ ਨਹੀਂ, ਸਗੋਂ ਸਿੱਖ ਧਰਮ ਦੀ ਸਭ ਤੋਂ ਵੱਡੀ ਸੇਵਾ ਅਤੇ ਬਰਾਬਰੀ ਦੀ ਨਿਸ਼ਾਨੀ ਹੈ। ਲੰਗਰ ਵਿੱਚ ਹਰ ਵਰਗ, ਹਰ ਧਰਮ ਅਤੇ ਹਰ ਦੇਸ਼ ਦਾ ਵਿਅਕਤੀ ਇਕੱਠੇ ਬੈਠ ਕੇ ਪ੍ਰਸ਼ਾਦਾ ਛਕਦਾ ਹੈ।

ਇਸ ਦੇ ਨਾਲ ਹੀ ਉਸ ਵਿਅਕਤੀ ਵੱਲੋਂ ਕੁਝ ਪੰਜਾਬੀਆਂ ਦੀ ਵੀਡੀਓ ਬਣਾ ਕੇ ਉਨ੍ਹਾਂ ਦੀ ਬੇਇੱਜ਼ਤੀ ਵੀ ਕੀਤੀ ਗਈ, ਜੋ ਆਪਣੀ ਮਿਹਨਤ ਨਾਲ ਸਮੋਸੇ ਜਾਂ ਪਰੌਂਠੇ ਵੇਚ ਕੇ ਰੋਜ਼ੀ-ਰੋਟੀ ਕਮਾ ਰਹੇ ਹਨ। ਸਿੱਖੀ ਸਾਨੂੰ ਮਿਹਨਤ ਦੀ ਕਮਾਈ ਅਤੇ ਅਣਖ ਨਾਲ ਜੀਣਾ ਸਿਖਾਉਂਦੀ ਹੈ। ਕਿਸੇ ਦੀ ਮਿਹਨਤ ਦਾ ਮਜ਼ਾਕ ਉਡਾਉਣਾ ਕਦੇ ਵੀ ਠੀਕ ਨਹੀਂ ਹੋ ਸਕਦਾ।

ਸ਼ਾਇਦ ਉਸ ਵਿਅਕਤੀ ਨੂੰ ਗੁਰੂ ਘਰ ਦੇ ਲੰਗਰ ਦੀ ਮਰਿਆਦਾ ਅਤੇ ਮਹੱਤਤਾ ਦਾ ਪੂਰਾ ਅਹਿਸਾਸ ਨਹੀਂ। ਯੂਰਪ ਦੇ ਕਈ ਦੇਸ਼ਾਂ ਤੋਂ ਲੋਕ ਪੁਰਤਗਾਲ ਕਾਗਜ਼ਾਂ ਜਾਂ ਰੋਜ਼ਗਾਰ ਦੀ ਖਾਤਰ ਜਾਂਦੇ ਹਨ ਅਤੇ ਇਹ ਦੇਸ਼ ਬਹੁਤ ਸਾਰੇ ਲੋਕਾਂ ਨੂੰ ਆਪਣੇ ਅੰਦਰ ਸਾਂਭ ਰਿਹਾ ਹੈ। ਇਸ ਲਈ ਕਿਸੇ ਦੇਸ਼ ਜਾਂ ਉੱਥੇ ਰਹਿੰਦੇ ਲੋਕਾਂ ਬਾਰੇ ਮਾੜਾ ਕਹਿਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ।

ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੂੰ ਬੇਨਤੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵੀ ਵਿਅਕਤੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਲੰਗਰ ਪ੍ਰਥਾ ਦਾ ਅਪਮਾਨ ਕਰਨ ਦੀ ਹਿੰਮਤ ਨਾ ਕਰੇ।

ਪੁਰਤਗਾਲ ਵਿੱਚ ਵੱਸਦੇ ਪੰਜਾਬੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਸੋਸ਼ਲ ਮੀਡੀਆ ‘ਤੇ ਸੁਚੇਤ ਰਹਿਣ ਅਤੇ ਗਲਤ ਸਮੱਗਰੀ ਦਾ ਵਿਰੋਧ ਕਰਨ। ਹਰ ਦੇਸ਼ ਵਿੱਚ ਚੰਗੇ ਤੇ ਮਾੜੇ ਲੋਕ ਹੁੰਦੇ ਹਨ, ਅਮੀਰ ਤੇ ਗਰੀਬ ਵੀ ਹੁੰਦੇ ਹਨ, ਪਰ ਜਿਸ ਧਰਤੀ ਤੋਂ ਰੋਜ਼ਗਾਰ ਮਿਲਦਾ ਹੋਵੇ, ਉਸ ਬਾਰੇ ਮਾੜਾ ਸੋਚਣਾ ਜਾਂ ਕਹਿਣਾ ਠੀਕ ਨਹੀਂ।

ਅੱਜ ਦੇ ਸਮੇਂ ਵਿੱਚ ਸੋਸ਼ਲ ਮੀਡੀਆ ‘ਤੇ ਪਾਈ ਜਾ ਰਹੀ ਗਲਤ ਅਤੇ ਭੜਕਾਊ ਸਮੱਗਰੀ ਕਾਰਨ ਪੰਜਾਬੀਆਂ ਦੀ ਛਵੀ ਨੂੰ ਨੁਕਸਾਨ ਪਹੁੰਚ ਰਿਹਾ ਹੈ। ਇਹ ਸਾਡੇ ਆਪਣੇ ਹੱਥ ਵਿੱਚ ਹੈ ਕਿ ਅਸੀਂ ਚੰਗੇ ਰਾਹ ਵੱਲ ਵਧਣਾ ਹੈ ਜਾਂ ਮਾੜੇ ਰਾਹ ਵੱਲ। ਸਾਨੂੰ ਹਰ ਸਮੇਂ ਜ਼ਿੰਮੇਵਾਰੀ ਅਤੇ ਸੂਝਬੂਝ ਨਾਲ ਕੰਮ ਲੈਣਾ ਚਾਹੀਦਾ ਹੈ।

LEAVE A REPLY

Please enter your comment!
Please enter your name here