ਅੰਮ੍ਰਿਤਸਰ ਵਿਖੇ ਆਯੋਜਿਤ ਤਿੰਨ ਦਿਨਾਂ ਦੇ ਆਧਿਆਤਮਿਕ ਪ੍ਰਵਚਨ ਸਮਾਗਮ

0
9
ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਮਾਨਾਂਵਾਲਾ ਆਸ਼ਰਮ, ਅੰਮ੍ਰਿਤਸਰ ਵਿਖੇ ਆਯੋਜਿਤ ਤਿੰਨ ਦਿਨਾਂ ਦੇ ਆਧਿਆਤਮਿਕ ਪ੍ਰਵਚਨ ਸਮਾਗਮ ਦੇ ਤੀਜੇ ਦਿਨ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੇ ਪਰਮ ਸ਼ਿਸ਼ ਭਾਈ ਸਾਹਿਬ ਭਾਈ ਮੰਗਲ ਸਿੰਘ ਜੀ ਨੇ ਸੰਗਤ ਨੂੰ ਆਤਮਿਕ ਵਿਚਾਰਾਂ ਨਾਲ ਜੋੜਦਿਆਂ ਪ੍ਰਵਚਨ ਕੀਤੇ। ਉਨ੍ਹਾਂ ਕਿਹਾ ਕਿ ਸੰਤ ਮਹਾਪੁਰਸ਼ ਹਰ ਯੁੱਗ ਵਿੱਚ ਮਨੁੱਖਤਾ ਨੂੰ ਜਗਾਉਣ ਲਈ ਪ੍ਰਗਟ ਹੁੰਦੇ ਹਨ। ਉਹ ਇੱਕ ਸਚੇ ਪਹਿਰੇਦਾਰ ਵਾਂਗ ਮਨੁੱਖ ਨੂੰ ਮੋਹ-ਮਾਇਆ ਅਤੇ ਅਗਿਆਨਤਾ ਦੀ ਗਹਿਰੀ ਨੀਂਦ ਵਿੱਚੋਂ ਜਗਾਉਂਦੇ ਹਨ। ਜਿਹੜੇ ਮਨੁੱਖ ਉਨ੍ਹਾਂ ਦੀ ਬਾਣੀ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਅਪਣਾਉਂਦੇ ਹਨ, ਉਹ ਜੀਵਨ ਦਾ ਸਹੀ ਰਾਹ ਪਾ ਲੈਂਦੇ ਹਨ, ਜਦਕਿ ਜੋ ਇਸ ਸੱਚਾਈ ਵੱਲ ਧਿਆਨ ਨਹੀਂ ਦਿੰਦੇ, ਉਹ ਮਾਇਆ ਦੇ ਜਾਲ ਵਿੱਚ ਫਸੇ ਰਹਿੰਦੇ ਹਨ। ਉਨ੍ਹਾਂ ਸੰਤ ਕਬੀਰ ਜੀ ਦੀ ਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਮਨੁੱਖ ਨੂੰ ਸਮੇਂ ਸਿਰ ਆਪਣੇ ਜੀਵਨ ਦੀ ਅਸਲੀਅਤ ਨੂੰ ਸਮਝਣਾ ਚਾਹੀਦਾ ਹੈ। ਇਹ ਸੰਸਾਰ ਇੱਕ ਸਮੁੰਦਰ ਵਾਂਗ ਹੈ ਅਤੇ ਹਰ ਮਨੁੱਖ ਦਾ ਮਕਸਦ ਇਸਨੂੰ ਪਾਰ ਕਰਨਾ ਹੈ। ਪਰ ਇਹ ਯਾਤਰਾ ਆਤਮਿਕ ਗਿਆਨ ਦੀ ਕਿਸ਼ਤੀ ਤੋਂ ਬਿਨਾਂ ਸੰਭਵ ਨਹੀਂ। ਹਰ ਕੋਈ ਜਾਣਦਾ ਹੈ ਕਿ ਇਹ ਦੁਨੀਆ ਸਾਡਾ ਸਦੀਵੀ ਨਿਵਾਸ ਨਹੀਂ, ਸਗੋਂ ਅਸੀਂ ਇੱਥੇ ਕੁਝ ਸਮੇਂ ਲਈ ਆਏ ਹਾਂ ਅਤੇ ਇੱਕ ਦਿਨ ਇਥੋਂ ਵਿਦਾ ਹੋਣਾ ਹੈ। ਇਸ ਦੇ ਬਾਵਜੂਦ ਮਨੁੱਖ ਇਸ ਸੰਸਾਰ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ।

ਭਾਈ ਸਾਹਿਬ ਜੀ ਨੇ ਅੱਗੇ ਕਿਹਾ ਕਿ ਮਨੁੱਖ ਨੂੰ ਝੂਠ, ਕਪਟ ਅਤੇ ਮਾਇਆ ਦੇ ਜਾਲ ਤੋਂ ਉੱਪਰ ਉੱਠ ਕੇ ਆਪਣੇ ਅਸਲ ਮਕਸਦ ਨੂੰ ਪਛਾਣਣਾ ਚਾਹੀਦਾ ਹੈ, ਜੋ ਪਰਮਾਤਮਾ ਦੀ ਪ੍ਰਾਪਤੀ ਹੈ। ਅੱਜਕੱਲ੍ਹ ਲੋਕ ਪਰਮਾਤਮਾ ਦੇ ਦਰ ਤੇ ਤਾਂ ਜਾਂਦੇ ਹਨ, ਪਰ ਉਥੇ ਜਾ ਕੇ ਵੀ ਉਹ ਸੰਸਾਰਿਕ ਅਤੇ ਨਾਸਵੰਤ ਚੀਜ਼ਾਂ ਦੀ ਮੰਗ ਕਰਦੇ ਹਨ, ਜਿਹੜੀਆਂ ਮਨੁੱਖ ਨੂੰ ਪਰਮਾਤਮਾ ਤੋਂ ਦੂਰ ਕਰਦੀਆਂ ਹਨ। ਜੇਕਰ ਕੋਈ ਸੱਚੇ ਦਿਲ ਨਾਲ ਪਰਮਾਤਮਾ ਨੂੰ ਹੀ ਮੰਗੇ, ਤਾਂ ਉਹ ਆਪਣੀ ਕਿਰਪਾ ਨਾਲ ਉਸਦੀ ਪੁਕਾਰ ਸੁਣਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕ ਅਕਸਰ ਕਹਿੰਦੇ ਹਨ ਕਿ ਪਰਮਾਤਮਾ ਦੇ ਘਰ ਦੇਰ ਹੈ ਪਰ ਅੰਧੇਰ ਨਹੀਂ, ਪਰ ਸੰਤ ਮਹਾਪੁਰਸ਼ਾਂ ਅਨੁਸਾਰ ਉਸਦੇ ਦਰ ਤੇ ਨਾ ਦੇਰ ਹੈ ਅਤੇ ਨਾ ਹੀ ਅੰਧੇਰ। ਦੇਰ ਸਿਰਫ ਮਨੁੱਖ ਦੀ ਸੱਚੀ ਲਗਨ ਅਤੇ ਪੁਕਾਰ ਵਿੱਚ ਹੁੰਦੀ ਹੈ। ਇਸ ਲਈ ਮਨੁੱਖ ਨੂੰ ਪਰਮਾਤਮਾ ਕੋਲੋਂ ਇਹ ਅਰਦਾਸ ਕਰਨੀ ਚਾਹੀਦੀ ਹੈ ਕਿ ਉਹ ਉਸਨੂੰ ਮਾਇਆ ਦੇ ਬੰਧਨਾਂ ਤੋਂ ਮੁਕਤ ਕਰਕੇ ਜੀਵਨ ਦੀ ਅਸਲ ਮੰਜ਼ਿਲ ਵੱਲ ਲੈ ਜਾਵੇ। ਭਾਈ ਸਾਹਿਬ ਜੀ ਨੇ ਦੱਸਿਆ ਕਿ ਪਰਮਾਤਮਾ ਦੀ ਕਿਰਪਾ ਨਾਲ ਜਦੋਂ ਕਿਸੇ ਪੂਰਨ ਸੰਤ ਦਾ ਸਾਥ ਮਿਲਦਾ ਹੈ, ਤਾਂ ਉਹ ਮਨੁੱਖ ਨੂੰ ਉਸਦੇ ਅੰਦਰ ਵੱਸਦੇ ਪਰਮਾਤਮਾ ਦਾ ਅਨੁਭਵ ਕਰਵਾਉਂਦਾ ਹੈ। ਜਦੋਂ ਜੀਵ ਆਤਮਾ ਆਪਣੇ ਅੰਦਰ ਉਸ ਪ੍ਰਭੂ ਦਾ ਦਰਸ਼ਨ ਕਰਦੀ ਹੈ, ਤਦੋਂ ਉਹ ਭਗਤੀ ਦੇ ਮਾਰਗ ਤੇ ਚੱਲ ਕੇ ਮੁਕਤੀ ਪ੍ਰਾਪਤ ਕਰਦੀ ਹੈ। ਇਸ ਲਈ ਜੀਵਨ ਵਿੱਚ ਬ੍ਰਹਮ ਗਿਆਨ ਦੀ ਮਹੱਤਤਾ ਬਹੁਤ ਵੱਡੀ ਹੈ, ਜੋ ਸਿਰਫ ਇੱਕ ਪੂਰਨ ਸੰਤ ਦੀ ਰਹਿਨੁਮਾਈ ਨਾਲ ਪ੍ਰਾਪਤ ਹੁੰਦਾ ਹੈ।
ਪ੍ਰੋਗਰਾਮ ਦੌਰਾਨ ਹਰਭਜਨ ਸਿੰਘ ਈ.ਟੀ.ਓ ਕੈਬਨਿਟ ਮੰਤਰੀ ਪੰਜਾਬ, ਸੁਰਿੰਦਰ ਸਿੰਘ ਕੌਂਸਲਰ, ਸਤਪਾਲ ਸਿੰਘ ਢੱਡੇ, ਸਵਿੰਦਰ ਸਿੰਘ ਬਬਲਾ ਜੀ, ਚਰਨਜੀਤ ਸਿੰਘ, ਪਰਮਿੰਦਰ ਸਿੰਘ, ਅਵਤਾਰ ਸਿੰਘ ਰਿੰਕੂ, ਸਰਦਾਰਾ ਸਿੰਘ, ਸਵਾਮੀ ਰਣਜੀਤਾਨੰਦ ਜੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

LEAVE A REPLY

Please enter your comment!
Please enter your name here