“ਤੀਸਰੇ ਘੱਲੂਘਾਰੇ ਦੀ 42ਵੀਂ ਸ਼ਹੀਦੀ ਵਰ੍ਹੇਗੰਢ ਮੌਕੇ ਦਮਦਮੀ ਟਕਸਾਲ ਵਿਖੇ ਵਿਸ਼ਾਲ ਪੰਥਕ ਇਕੱਠ, ਸ਼ਹੀਦਾਂ ਨੂੰ ਭਾਵਭਿੰਨੀ ਸ਼ਰਧਾਂਜਲੀ”।

0
14
“ਤੀਸਰੇ ਘੱਲੂਘਾਰੇ ਦੀ 42ਵੀਂ ਸ਼ਹੀਦੀ ਵਰ੍ਹੇਗੰਢ ਮੌਕੇ ਦਮਦਮੀ ਟਕਸਾਲ ਵਿਖੇ ਵਿਸ਼ਾਲ ਪੰਥਕ ਇਕੱਠ, ਸ਼ਹੀਦਾਂ ਨੂੰ ਭਾਵਭਿੰਨੀ ਸ਼ਰਧਾਂਜਲੀ”।

ਤੀਸਰੇ ਘੱਲੂਘਾਰੇ ਦੀ 42ਵੀਂ ਸ਼ਹੀਦੀ ਵਰ੍ਹੇਗੰਢ ਮੌਕੇ ਦਮਦਮੀ ਟਕਸਾਲ ਵਿਖੇ ਵਿਸ਼ਾਲ ਪੰਥਕ ਇਕੱਠ, ਸ਼ਹੀਦਾਂ ਨੂੰ ਭਾਵਭਿੰਨੀ ਸ਼ਰਧਾਂਜਲੀ”।
ਸੰਤ ਭਿੰਡਰਾਂਵਾਲਿਆਂ ਦੀ ਸ਼ਹਾਦਤ ਤੇ ਵਿਰਾਸਤ ਨੂੰ ਸਮਰਪਿਤ ਵਿਸ਼ਾਲ ਸਮਾਗਮ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦੀ ਉੱਠੀ ਮੰਗ ।
ਸ਼ਹੀਦਾਂ ਦੀ ਕੁਰਬਾਨੀ ਕੌਮ ਦੀ ਅਮੁੱਲੀ ਧਰੋਹਰ: ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ।
ਸੰਤ ਭਿੰਡਰਾਂਵਾਲਿਆਂ ਦੀ ਵਿਰਾਸਤ ਸਿੱਖ ਕੌਮ ਲਈ ਪ੍ਰੇਰਨਾ ਸਰੋਤ: ਹਰਜਿੰਦਰ ਸਿੰਘ ਧਾਮੀ।

ਚੌਂਕ ਮਹਿਤਾ, 06 ਜੂਨ — ਜੂਨ 1984 ਦੇ ਤੀਸਰੇ ਘੱਲੂਘਾਰੇ ਦੀ 42ਵੀਂ ਸ਼ਹੀਦੀ ਵਰ੍ਹੇਗੰਢ ਅੱਜ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਰਹਿਨੁਮਾਈ ਹੇਠ ਟਕਸਾਲ ਦੇ ਕੇਂਦਰੀ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, ਮਹਿਤਾ ਵਿਖੇ ਮਨਾਈ ਗਈ। ਇਸ ਮੌਕੇ ਲਾਮਿਸਾਲ ਇਕੱਤਰਤਾ ਰਾਹੀਂ ਸ਼ਹੀਦਾਂ ਨੂੰ ਸਿੱਜਦਾ ਕੀਤਾ ਗਿਆ।
ਅੰਤਰਰਾਸ਼ਟਰੀ ਪੱਧਰ ’ਤੇ ਹੋਏ ਇਸ ਸਮਾਗਮ ਦੌਰਾਨ ਵਿਸ਼ਾਲ ਪੰਥਕ ਇਕੱਠ ਕੀਤਾ ਗਿਆ, ਜਿਸ ਵਿੱਚ ਸੰਤ ਸਮਾਜ ਦੇ ਸੰਤ-ਮਹਾਂਪੁਰਸ਼ਾਂ, ਦਿੱਲੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਤੇ ਮੈਂਬਰਾਂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਹੋਰ ਸੰਪਰਦਾਵਾਂ ਦੇ ਮੁਖੀਆਂ ਤੋਂ ਇਲਾਵਾ ਬਹੁਤ ਸਾਰੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ।
ਇਸ ਮੌਕੇ ਆਪਣੇ ਸ਼ਹੀਦਾਂ ਦੇ ਸਤਿਕਾਰ ’ਚ ਆਪ ਮੁਹਾਰੇ ਵਹੀਰਾਂ ਘੱਤ ਕੇ ਲੱਖਾਂ ਦੀ ਗਿਣਤੀ ਵਿੱਚ ਦਮਦਮੀ ਟਕਸਾਲ ਪੁੱਜੀਆਂ ਸੰਗਤਾਂ ਨੇ ਇਸ ਗੱਲ ਦੀ ਪ੍ਰੋੜ੍ਹਤਾ ਕੀਤੀ ਕਿ ਦਮਦਮੀ ਟਕਸਾਲ ਜਥਾ ਭਿੰਡਰਾਂ ਨੇ ਆਪਣੀ ਰਹਿਤ ਮਰਯਾਦਾ ਅਤੇ ਸਿਧਾਂਤਾਂ ਨੂੰ ਇੰਨ-ਬਿੰਨ ਕਾਇਮ ਰੱਖਿਆ ਹੈ ਅਤੇ ਆਪਣੇ ਅਸੂਲਾਂ ’ਤੇ ਚੱਲਦਿਆਂ ਹਮੇਸ਼ਾਂ ਆਪਣੀ ਉੱਚੀ ਤੇ ਸੱਚੀ-ਸੁੱਚੀ ਸੋਚ ’ਤੇ ਡੱਟ ਕੇ ਪਹਿਰਾ ਦਿੱਤਾ ਹੈ।
ਇਸ ਮੌਕੇ ਸੰਤ ਭਿੰਡਰਾਂਵਾਲਿਆਂ ਦੇ ਸਪੁੱਤਰ ਭਾਈ ਈਸ਼ਰ ਸਿੰਘ ਤੋਂ ਇਲਾਵਾ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਅਤੇ ਬੰਦੀ ਸਿੰਘਾਂ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ। ਇਸ ਵਾਰ ਵਿਸ਼ੇਸ਼ ‘ਸੇਵਾ ਰਤਨ ਸਨਮਾਨ’ ਸੰਤ ਬਾਬਾ ਰਾਮ ਸਿੰਘ ਰਿਸ਼ੀਕੇਸ਼ ਨੂੰ ਦਿੱਤਾ ਗਿਆ।
ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਗੁਰੂ ਕਾਲ ਤੋਂ ਬਾਅਦ ਜੇ ਕਿਸੇ ਮਹਾਨ ਸਿੱਖ ਸ਼ਖਸੀਅਤ ਨੂੰ ਸਭ ਤੋਂ ਵੱਧ ਸਤਿਕਾਰ ਅਤੇ ਸਨਮਾਨ ਪ੍ਰਾਪਤ ਹੋਇਆ ਹੈ, ਤਾਂ ਉਹ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਹਿੱਸੇ ਆਇਆ ਹੈ। ਉਨ੍ਹਾਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਵਰਗੇ ਸੂਰਬੀਰ ਯੋਧੇ, ਪਰਉਪਕਾਰੀ ਅਤੇ ਗੁਰਸਿੱਖ ਵਿਰਲੇ ਹੀ ਹੁੰਦੇ ਹਨ, ਜਿਨ੍ਹਾਂ ਨੂੰ ਗੁਰੂ ਮਹਾਰਾਜ ਵੱਲੋਂ ਵਿਸ਼ੇਸ਼ ਬਖ਼ਸ਼ਿਸ਼ਾਂ ਅਤੇ ਗੁਣਾਂ ਨਾਲ ਨਿਵਾਜਿਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਜੂਨ 1984 ਵਿੱਚ ਸਿੱਖ ਕੌਮ ਦੀ ਅਣਖ ਨੂੰ ਮਲੀਆਮੇਟ ਕਰਨ ਲਈ ਬੜੀ ਸੋਚੀ-ਸਮਝੀ ਸਾਜ਼ਿਸ਼ ਤਹਿਤ ਤਤਕਾਲੀ ਇੰਦਰਾ ਗਾਂਧੀ ਦੀ ਕਾਂਗਰਸ ਹਕੂਮਤ ਵੱਲੋਂ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ 37 ਗੁਰਦੁਆਰਿਆਂ ਉੱਤੇ ਹਮਲਾ ਕੀਤਾ ਗਿਆ ਸੀ। ਇਸ ਦੌਰਾਨ ਆਪਣੇ ਗੁਰਧਾਮਾਂ ਦੀ ਰੱਖਿਆ ਕਰਦਿਆਂ ਦਮਦਮੀ ਟਕਸਾਲ ਦੇ ਸੂਰਬੀਰ ਯੋਧਿਆਂ ਨੇ ਡੱਟ ਕੇ ਜਬਰ ਤੇ ਜ਼ੁਲਮ ਦਾ ਸਾਹਮਣਾ ਕੀਤਾ ਅਤੇ ਸਰਕਾਰੀ ਹੁਕਮਾਂ ਅੱਗੇ ਝੁਕਣ ਦੀ ਬਜਾਏ ਹੱਸਦਿਆਂ ਸ਼ਹਾਦਤਾਂ ਦਾ ਜਾਮ ਪੀਤਾ। ਇਸ ਫ਼ੌਜੀ ਹਮਲੇ ਦੌਰਾਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਆਈਆਂ ਸੈਂਕੜੇ ਬੇਕਸੂਰ ਸੰਗਤਾਂ ਵੀ ਇਸ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਹੋਈਆਂ।
ਉਨ੍ਹਾਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਨੇ ਉਸ ਸਮੇਂ ਸਿੱਖ ਨੌਜਵਾਨਾਂ ਨੂੰ ਗੁਰਸਿੱਖੀ ਵੱਲ ਪ੍ਰੇਰਿਤ ਕੀਤਾ, ਜਦੋਂ ਸਿੱਖੀ ਤੋਂ ਦੂਰ ਜਾਣ ਦਾ ਰੁਝਾਨ ਵਧ ਰਿਹਾ ਸੀ। ਉਨ੍ਹਾਂ ਨੇ ਸਿੱਖ ਕੌਮ ਦੇ ਰੁਖ਼ ਨੂੰ ਮੁੜ ਗੁਰਸਿੱਖੀ, ਗੁਰਬਾਣੀ ਅਤੇ ਪੰਥਕ ਚੇਤਨਾ ਵੱਲ ਮੋੜਨ ਵਿੱਚ ਅਹਿਮ ਭੂਮਿਕਾ ਨਿਭਾਈ।
ਇਸ ਮੌਕੇ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬੇਅਦਬੀ ਅਤੇ ਬੇਹੁਰਮਤੀ ਦਾ ਬਦਲਾ ਲੈਣ ਵਾਲੇ ਭਾਈ ਕੇਹਰ ਸਿੰਘ ਜੀ, ਭਾਈ ਬੇਅੰਤ ਸਿੰਘ ਜੀ ਅਤੇ ਭਾਈ ਸਤਵੰਤ ਸਿੰਘ ਜੀ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਅਤੇ ਕੌਮ ਪ੍ਰਤੀ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ।
ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕੇਂਦਰ ਸਰਕਾਰ ਤੋਂ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਨਾਲ ਸਬੰਧਿਤ ਲੰਬੇ ਸਮੇਂ ਤੋਂ ਲਟਕਦੇ ਮਸਲਿਆਂ ਦੇ ਹੱਲ ਲਈ ਵੀ ਠੋਸ ਅਤੇ ਗੰਭੀਰ ਕਦਮ ਚੁੱਕੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਨਸਾਫ਼, ਸੰਵਾਦ ਅਤੇ ਸੰਵਿਧਾਨਕ ਹੱਕਾਂ ਦੇ ਸਤਿਕਾਰ ਰਾਹੀਂ ਹੀ ਪੰਜਾਬ ਅਤੇ ਦੇਸ਼ ਦੀ ਏਕਤਾ ਅਤੇ ਸ਼ਾਂਤੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਅਤੇ ਸਿੰਘ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਤੀਸਰੇ ਘੱਲੂਘਾਰੇ ਦੌਰਾਨ ਦਮਦਮੀ ਟਕਸਾਲ ਦੇ ਸਿੰਘਾਂ ਨੇ ਗੁਰਧਾਮਾਂ ਦੀ ਰੱਖਿਆ ਖ਼ਾਤਰ ਚੜ੍ਹ ਕੇ ਆਈ ਭਾਰਤੀ ਫ਼ੌਜ ਦਾ ਟਾਕਰਾ ਕਰਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ, ਪਰ ਈਨ ਨਾ ਮੰਨੀ। ਉਨ੍ਹਾਂ ਕਿਹਾ ਕਿ ਇਹ ਮਾਣਮੱਤੀ ਸ਼ਹੀਦੀਆਂ ਦਮਦਮੀ ਟਕਸਾਲ ਦੀ ਵਿਰਾਸਤ ਹਨ ਅਤੇ ਇਸ ਸੰਸਥਾ ਦਾ ਇਤਿਹਾਸ ਅਜਿਹੀਆਂ ਸ਼ਹੀਦੀਆਂ ਨਾਲ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਜਥੇਬੰਦੀ ਨੇ ਹਮੇਸ਼ਾਂ ਸਾਰਥਕ ਭੂਮਿਕਾ ਨਿਭਾਈ ਹੈ ਅਤੇ ਸਿਧਾਂਤਾਂ ’ਤੇ ਚੱਲਦਿਆਂ ਬਾਣੀ ਤੇ ਬਾਣੇ ਦਾ ਸਤਿਕਾਰ ਬਰਕਰਾਰ ਰੱਖਦੇ ਹੋਏ ‘ਸ਼ਬਦ’ ਗੁਰੂ ਦੇ ਪ੍ਰਚਾਰ ਅਤੇ ‘ਪੰਥ’ ਦੇ ਪ੍ਰਸਾਰ ਲਈ ਵੱਡੀਆਂ ਸੇਵਾਵਾਂ ਕੀਤੀਆਂ ਹਨ, ਜੋ ਨਿਰੰਤਰ ਜਾਰੀ ਹਨ।
ਪਾਵਨ ਤਖ਼ਤ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ ਵੱਲੋਂ ਪਹੁੰਚੇ ਗਿਆਨੀ ਸਰਬਜੀਤ ਸਿੰਘ ਜੀ ਨੇ ਆਪਣੇ ਸੰਬੋਧਨ ਦੌਰਾਨ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਨਾਂਦੇੜ ਸਾਹਿਬ ਦੀ ਪਵਿੱਤਰ ਧਰਤੀ ਉੱਤੇ ਕੀਤੀ ਗਈ ਬੰਦਗੀ ਅਤੇ ਸੇਵਾ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੰਥ ਦੀ ਚੜ੍ਹਦੀ ਕਲਾ ਅਤੇ ਸਿੱਖ ਕੌਮ ਦੀ ਅਣਖ ਦੀ ਰੱਖਿਆ ਲਈ ਸੰਤ ਭਿੰਡਰਾਂਵਾਲਿਆਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਵੱਡੀਆਂ ਕੁਰਬਾਨੀਆਂ ਅਤੇ ਸ਼ਹਾਦਤਾਂ ਦਿੱਤੀਆਂ। ਉਨ੍ਹਾਂ ਨੇ ਚੜ੍ਹ ਕੇ ਆਈ ਫ਼ੌਜ ਦਾ ਦ੍ਰਿੜ੍ਹਤਾ ਅਤੇ ਦਲੇਰੀ ਨਾਲ ਮੁਕਾਬਲਾ ਕਰਦਿਆਂ ਮੂੰਹ-ਤੋੜ ਜਵਾਬ ਦਿੱਤਾ। ਗਿਆਨੀ ਸਰਬਜੀਤ ਸਿੰਘ ਜੀ ਨੇ ਕਿਹਾ ਕਿ ਮਹਾਰਾਸ਼ਟਰ ਦੇ ਸਿੱਖ ਭਾਈਚਾਰੇ ਵਿੱਚ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਜੀ ਦੇ ਨਿਰੰਤਰ ਯਤਨਾਂ ਸਦਕਾ ਪੰਥਕ ਚੇਤਨਾ, ਗੁਰਮਤਿ ਪ੍ਰਚਾਰ ਅਤੇ ਸਿੱਖ ਸਰੋਕਾਰਾਂ ਪ੍ਰਤੀ ਵਿਸ਼ੇਸ਼ ਜਾਗਰੂਕਤਾ ਆਈ ਹੈ। ਉਨ੍ਹਾਂ ਦੇ ਯਤਨਾਂ ਨੇ ਸਿੱਖ ਸੰਗਤਾਂ ਨੂੰ ਗੁਰੂ ਘਰ ਅਤੇ ਪੰਥ ਨਾਲ ਹੋਰ ਮਜ਼ਬੂਤੀ ਨਾਲ ਜੋੜਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਟਕਸਾਲ ਅੱਜ ਵੀ ਬਾਣੀ, ਬਾਣੇ ਅਤੇ ਸਿੱਖ ਸਿਧਾਂਤਾਂ ਨਾਲ ਸੰਗਤਾਂ ਨੂੰ ਜੋੜਨ ਦਾ ਮਹਾਨ ਕਾਰਜ ਨਿਰੰਤਰ ਨਿਭਾ ਰਹੀ ਹੈ ਅਤੇ ਸਿੱਖੀ ਦੀ ਚੜ੍ਹਦੀ ਕਲਾ ਲਈ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਦਾ ਦੇਸ਼-ਵਿਦੇਸ਼ ਵਿੱਚ ਵਿਸ਼ਾਲ ਪ੍ਰਭਾਵ ਹੈ ਅਤੇ ਇਹ ਸੰਸਥਾ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਅਤੇ ਪੰਥਕ ਚੇਤਨਾ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਸੰਤ ਬਾਬਾ ਹਰਨਾਮ ਸਿੰਘ ਖ਼ਾਲਸਾ ਜੀ ਨੇ ਹਮੇਸ਼ਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦਿੱਤਾ ਹੈ ਅਤੇ ਪੰਥਕ ਮਸਲਿਆਂ ’ਤੇ ਅਹਿਮ ਭੂਮਿਕਾ ਨਿਭਾਈ ਹੈ। ਸਰਦਾਰ ਧਾਮੀ ਨੇ ਕੌਮ ਨੂੰ ਇੱਕਜੁੱਟ ਹੋਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਬੰਦੀ ਸਿੰਘਾਂ ਦੀ ਰਿਹਾਈ ਲਈ ਪੁਰਜ਼ੋਰ ਯਤਨਾਂ ਦੀ ਵਕਾਲਤ ਕੀਤੀ।
ਸਰਦਾਰ ਧਾਮੀ ਨੇ ਦਮਦਮੀ ਟਕਸਾਲ ਦੇ ਸ਼ਾਨਾਮੱਤੇ ਇਤਿਹਾਸ ’ਤੇ ਰੌਸ਼ਨੀ ਪਾਉਂਦਿਆਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੂੰ ‘ਪਾਰਸ ਪੁਰਸ਼’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਨੇ ਆਪਣੀ ਸੰਗਤ ਅਤੇ ਵਿਚਾਰਧਾਰਾ ਨਾਲ ਅਨੇਕਾਂ ਨੌਜਵਾਨਾਂ ਦੀ ਜ਼ਿੰਦਗੀ ਨੂੰ ਬਦਲ ਕੇ ਉਨ੍ਹਾਂ ਨੂੰ ਗੁਰਸਿੱਖੀ ਨਾਲ ਜੋੜਿਆ।
ਧਾਮੀ ਨੇ ਕਿਹਾ ਕਿ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ’ਤੇ ਚੜ੍ਹ ਕੇ ਆਈ ਫ਼ੌਜ ਦਾ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਅਦੁੱਤੀ ਦਲੇਰੀ ਅਤੇ ਦ੍ਰਿੜ੍ਹਤਾ ਨਾਲ ਟਾਕਰਾ ਕੀਤਾ ਅਤੇ ਸ਼ਹਾਦਤ ਪ੍ਰਾਪਤ ਕਰਦਿਆਂ ਬਾਬਾ ਦੀਪ ਸਿੰਘ ਜੀ ਦੀ ਮਹਾਨ ਵਿਰਾਸਤ ਅਤੇ ਰੂਹਾਨੀ ਪਰੰਪਰਾ ਨੂੰ ਕਾਇਮ ਰੱਖਿਆ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਆਪਣੇ ਸੰਬੋਧਨ ਦੌਰਾਨ ਬੰਦੀ ਸਿੱਖਾਂ ਦੀ ਰਿਹਾਈ ਦੀ ਜ਼ੋਰਦਾਰ ਵਕਾਲਤ ਕੀਤੀ। ਉਨ੍ਹਾਂ ਪੰਜਾਬ ਵਿੱਚ ਹੋ ਰਹੇ ਗੈਰ-ਕਾਨੂੰਨੀ ਧਰਮ ਪਰਿਵਰਤਨ ’ਤੇ ਗੰਭੀਰ ਚਿੰਤਾ ਪ੍ਰਗਟਾਈ। ਉਨ੍ਹਾਂ ਪੰਥਕ ਅਤੇ ਧਾਰਮਿਕ ਕਾਰਜਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੂੰ ਭਰੋਸਾ ਦਿਵਾਇਆ ਕਿ ਦਿੱਲੀ ਕਮੇਟੀ ਸਿੱਖ ਸਰੋਕਾਰਾਂ ਦੀ ਰੱਖਿਆ ਅਤੇ ਪ੍ਰਚਾਰ ਲਈ ਸ਼੍ਰੋਮਣੀ ਕਮੇਟੀ ਨੂੰ ਹਰ ਸੰਭਵ ਸਹਿਯੋਗ ਦੇਵੇਗੀ। ਇਸ ਦੇ ਨਾਲ ਹੀ ਉਨ੍ਹਾਂ ਧਰਮ ਪ੍ਰਚਾਰ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਇੱਕ ਸਾਂਝੀ ਕਮੇਟੀ ਦੇ ਗਠਨ ਦਾ ਸੁਝਾਅ ਵੀ ਦਿੱਤਾ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਦੇਵੇਂਦਰ ਫੜਨਵੀਸ ਜੀ ਵੱਲੋਂ ਪਹੁੰਚੇ ਸ੍ਰੀ ਗਿਰੀਸ਼ ਮਹਾਜਨ ਜੀ, ਜਲ ਸਰੋਤ ਮੰਤਰੀ, ਮਹਾਰਾਸ਼ਟਰ ਸਰਕਾਰ ਨੇ 6 ਜੂਨ ਨੂੰ ਸਿੱਖ ਇਤਿਹਾਸ ਦਾ ਇੱਕ ਕਾਲਾ ਦਿਨ ਕਰਾਰ ਦਿੱਤਾ ਅਤੇ ਕਿਹਾ ਕਿ ਇਸ ਦਿਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ’ਤੇ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਹਜ਼ਾਰਾਂ ਬੇਗੁਨਾਹ ਲੋਕਾਂ ਦੀ ਸ਼ਹਾਦਤ ਲਈ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਗ਼ਲਤੀ ਅਤੇ ਪਾਪ ਦਾ ਹੀ ਨਤੀਜਾ ਹੈ ਕਿ ਕਾਂਗਰਸ ਦਾ ਦੇਸ਼ ਭਰ ਵਿੱਚੋਂ ਲਗਾਤਾਰ ਸਫ਼ਾਇਆ ਹੋ ਰਿਹਾ ਹੈ। ਉਨ੍ਹਾਂ ਮਹਾਰਾਸ਼ਟਰ ਵਿੱਚ ਸਿੱਖ ਭਾਈਚਾਰੇ ਦੀ ਭਲਾਈ, ਧਾਰਮਿਕ ਅਧਿਕਾਰਾਂ ਦੀ ਰੱਖਿਆ ਅਤੇ ਸਮਾਜਿਕ ਵਿਕਾਸ ਲਈ ਰਾਜ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਵੀ ਚਾਨਣਾ ਪਾਇਆ।
ਆਪਣੇ ਸੰਬੋਧਨ ’ਚ ਪੰਥ ਦੇ ਉੱਘੇ ਸਿੱਖ ਪ੍ਰਚਾਰਕ ਬਾਬਾ ਬੰਤਾ ਸਿੰਘ ਮੁੰਡਾ ਪਿੰਡ ਵਾਲਿਆਂ ਨੇ ਕਿਹਾ ਕਿ ਸਾਕਾ ਨੀਲਾ ਤਾਰਾ ਹਕੂਮਤ ਵੱਲੋਂ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਦੀ ਕਾਰਵਾਈ ਸੀ, ਪਰ ਦੇਸ਼ ਦਾ ਬਹੁਗਿਣਤੀ ਭਾਈਚਾਰਾ ਇਹ ਭੁੱਲ ਰਿਹਾ ਹੈ ਕਿ ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਨੇ 80 ਫ਼ੀਸਦੀ ਕੁਰਬਾਨੀਆਂ ਕੀਤੀਆਂ ਹਨ ਅਤੇ ਜੇ ਸਿੱਖ ਇੰਨੀ ਵੱਡੀ ਗਿਣਤੀ ਵਿੱਚ ਕੁਰਬਾਨੀਆਂ ਨਾ ਕਰਦੇ ਤਾਂ ਅੱਜ ਹਿੰਦੁਸਤਾਨ ਦਾ ਨਕਸ਼ਾ ਕੁਝ ਹੋਰ ਹੁੰਦਾ।
ਇਸ ਸਮਾਗਮ ਦੌਰਾਨ ਉੱਘੇ ਸਿੱਖ ਵਿਦਵਾਨ ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਬਾਬਾ ਬੁੱਧ ਸਿੰਘ ਨਿੱਕੇ ਘੁੰਮਣਾਂ ਵਾਲੇ, ਸੰਤ ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਵਾਲੇ, ਬਾਬਾ ਗੁਰਪ੍ਰੀਤ ਸਿੰਘ ਰੰਧਾਵਾ, ਭਾਈ ਹਰਜਿੰਦਰ ਸਿੰਘ ਰਾੜਾ ਸਾਹਿਬ, ਬਾਬਾ ਨਿਹੰਗ ਮੇਜਰ ਸਿੰਘ ਸੋਢੀ, ਰਜਿੰਦਰ ਸਿੰਘ ਮਹਿਤਾ ਤੋਂ ਇਲਾਵਾ ਬਹੁਤ ਸਾਰੇ ਬੁਲਾਰਿਆਂ ਨੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਦਮਦਮੀ ਟਕਸਾਲ ਵੱਲੋਂ ਕੌਮ ਪ੍ਰਤੀ ਨਿਭਾਈਆਂ ਜਾ ਰਹੀਆਂ ਅਹਿਮ ਸੇਵਾਵਾਂ ਲਈ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਸ਼ਲਾਘਾ ਕਰਦਿਆਂ ਹਰ ਪੱਖੋਂ ਟਕਸਾਲ ਦਾ ਸਾਥ ਦੇਣ ਦਾ ਭਰੋਸਾ ਦਿੱਤਾ।
ਇਸ ਸਮਾਗਮ ਦੌਰਾਨ ਸਮੂਹ ਬੁਲਾਰਿਆਂ ਨੇ ਦਮਦਮੀ ਟਕਸਾਲ ਵੱਲੋਂ ਬਾਣੀ ਅਤੇ ਬਾਣੇ ਦੇ ਪ੍ਰਚਾਰ-ਪ੍ਰਸਾਰ ਲਈ ਨਿਭਾਈਆਂ ਜਾ ਰਹੀਆਂ ਵਿਸ਼ਾਲ ਪੰਥਕ ਸੇਵਾਵਾਂ ਲਈ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਜਿੱਥੇ ਦਮਦਮੀ ਟਕਸਾਲ ਸ਼ਹਾਦਤਾਂ ਦੇਣ ਵਿੱਚ ਮੋਹਰੀ ਰਹੀ ਹੈ, ਉੱਥੇ ਹੀ ਪੰਥਕ ਪੱਧਰ ’ਤੇ ਵੀ ਇਸ ਨੇ ਅਗਵਾਈ ਕਰਦਿਆਂ ਵੱਡੀਆਂ ਸੇਵਾਵਾਂ ਨਿਭਾਈਆਂ ਹਨ।
ਉਨ੍ਹਾਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵੱਲੋਂ ਸ਼ਹੀਦੀ ਗੈਲਰੀ ਦੀ ਸਥਾਪਨਾ, ਸ਼ਹੀਦੀ ਗੈਲਰੀ ਅੰਦਰ ਤੀਸਰੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀਆਂ ਤਸਵੀਰਾਂ ਸਥਾਪਿਤ ਕਰਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥਾਂ ਦਾ 16 ਭਾਗਾਂ ਵਿੱਚ ਸਟੀਕ ਪ੍ਰਕਾਸ਼ਿਤ ਕਰਨ ਅਤੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਦੇ ਸੁੰਦਰੀਕਰਨ ਲਈ ਨਿਭਾਈ ਜਾ ਰਹੀ ਸੇਵਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਦਮਦਮੀ ਟਕਸਾਲ ਇੱਕ ਵਿਲੱਖਣ ਅਤੇ ਨਿਰਾਲੀ ਸੰਸਥਾ ਹੈ ਅਤੇ ਗੁਰੂ ਦੀ ਅਪਾਰ ਕਿਰਪਾ ਨਾਲ ਇਹ ਮਹੱਤਵਪੂਰਨ ਸੇਵਾਵਾਂ ਇਸ ਸੰਸਥਾ ਦੇ ਹਿੱਸੇ ਆਈਆਂ ਹਨ।
ਉਨ੍ਹਾਂ ਕੌਮ ਖ਼ਾਤਰ ਕੁਰਬਾਨੀਆਂ ਕਰਨ ਵਾਲੇ ਸਿੰਘਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਾਰ ਲੈਣ ਲਈ ਦਮਦਮੀ ਟਕਸਾਲ ਦੇ ਮੁਖੀ ਦੀ ਜ਼ੋਰਦਾਰ ਸ਼ਲਾਘਾ ਕਰਦਿਆਂ ਕਿਹਾ ਕਿ ਦਮਦਮੀ ਟਕਸਾਲ ਅੱਜ ਵੀ ਗੁਰੂ ਸਾਹਿਬਾਨ ਦੇ ਆਸੇ ਦੀ ਪੂਰਤੀ ਲਈ ਨਿਰੰਤਰ ਕਾਰਜਸ਼ੀਲ ਹੈ।
ਸਟੇਜ ਦੀ ਸੇਵਾ ਭਾਈ ਰਣਧੀਰ ਸਿੰਘ ਅਤੇ ਗਿਆਨੀ ਸਾਹਿਬ ਸਿੰਘ ਨੇ ਨਿਭਾਈ। ਸਮਾਗਮ ’ਚ ਸੰਤ ਬਾਬਾ ਪ੍ਰੀਤਮ ਸਿੰਘ ਜੀ ਆਗਰੇ ਵਾਲੇ ਮਹਾਂਪੁਰਖਾਂ ਦੀ ਤਰਫ਼ੋਂ ਪਹੁੰਚੇ ਬਾਬਾ ਰਜਿੰਦਰ ਸਿੰਘ ਜੀ ਆਗਰੇ ਵਾਲੇ, ਸੰਤ ਬਾਬਾ ਦਰਸ਼ਨ ਸਿੰਘ ਜੀ ਟਾਹਲਾ ਸਾਹਿਬ ਵਾਲੇ, ਸੰਤ ਬਾਬਾ ਅਮਰ ਸਿੰਘ ਜੀ ਰਾੜਾ ਸਾਹਿਬ ਵਾਲੇ, ਸੰਤ ਬਾਬਾ ਗੁਰਬਚਨ ਸਿੰਘ ਜੀ ਘੁੜਾਣੀ ਵਾਲੇ, ਸਰਦਾਰ ਸਤਵਿੰਦਰ ਸਿੰਘ ਟੌਹੜਾ (ਮੈਂਬਰ ਸ਼੍ਰੋਮਣੀ ਕਮੇਟੀ),  ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਜਥੇਦਾਰ ਕਸ਼ਮੀਰ ਸਿੰਘ ਬਰਿਆਰ, ਭਾਈ ਅਮਰਜੀਤ ਸਿੰਘ ਚਾਵਲਾ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ, ਲਖਬੀਰ ਸਿੰਘ ਸੇਖੋਂ, ਭਾਈ ਸ਼ਮਸ਼ੇਰ ਸਿੰਘ ਜੇਠੂਵਾਲ, ਬਾਬਾ ਮਨਜੀਤ ਸਿੰਘ ਜੀ ਭੋਰਾ ਸਾਹਿਬ ਵਾਲੇ, ਭਾਈ ਮਨਜੀਤ ਸਿੰਘ ਭੋਮਾ, ਸੰਤ ਬਾਬਾ ਬੀਰ ਸਿੰਘ ਜੀ ਜੌੜਾ ਸਾਹਿਬ ਵਾਲੇ, ਸੰਤ ਬਾਬਾ ਮਹਿੰਦਰ ਸਿੰਘ ਜੀ ਲੰਮੇ ਸਾਹਿਬ ਵਾਲੇ, ਭਾਈ ਹਰਦੀਪ ਸਿੰਘ ਜੀ, ਸੰਤ ਬਾਬਾ ਰੋਸ਼ਨ ਸਿੰਘ ਜੀ ਧਰੌਵਾਲ ਵਾਲੇ, ਭਾਈ ਮਨਦੀਪ ਸਿੰਘ ਜੀ ਅਤਰਸਰ ਸਾਹਿਬ ਵਾਲੇ, ਸੰਤ ਬਾਬਾ ਕਾਕਾ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ, ਸੰਤ ਬਾਬਾ ਹਰੀ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ, ਬੰਦੀ ਸਿੰਘ ਭਾਈ ਹਰਨੇਕ ਸਿੰਘ ਜੀ ਭੱਪ, ਭਾਈ ਲਾਲ ਸਿੰਘ ਜੀ ਅਕਾਲਗੜ੍ਹ, ਭਾਈ ਸਤਵੰਤ ਸਿੰਘ ਜੀ (ਸਪੁੱਤਰ ਸ਼ਹੀਦ ਭਾਈ ਕੇਹਰ ਸਿੰਘ ਜੀ), ਸ਼ਹੀਦ ਭਾਈ ਜਸਵਿੰਦਰ ਸਿੰਘ ਜੀ ਮਨਾਵਾਂ (ਮੋਗਾ) ਦੇ ਭਰਾਤਾ ਭਾਈ ਬਲਵਿੰਦਰ ਸਿੰਘ ਜੀ, ਭਾਈ ਅਮਰਜੀਤ ਸਿੰਘ ਜੀ ਚਹੇੜੂ ਦੇ ਭਰਾਤਾ ਭਾਈ ਮਨਵੀਰ ਸਿੰਘ ਜੀ, ਭਾਈ ਪਰਮਜੀਤ ਸਿੰਘ ਜੀ ਚਹੇੜੂ ਦੇ ਪਰਿਵਾਰਕ ਮੈਂਬਰ, ਭਾਈ ਲਖਵਿੰਦਰ ਸਿੰਘ ਜੀ ਨਾਰੰਗਵਾਲ, ਭਾਈ ਪਰਮਜੀਤ ਸਿੰਘ ਜੀ ਭਿਓਰਾ ਦੇ ਭਰਾਤਾ ਭਾਈ ਅਵਤਾਰ ਸਿੰਘ ਜੀ ਅਤੇ ਭਾਈ ਗੁਰਦੀਪ ਸਿੰਘ ਜੀ ਦੀ ਧਰਮ ਪਤਨੀ ਬੀਬੀ ਸੁਰਜੀਤ ਕੌਰ ਜੀ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।
ਇਸ ਮੌਕੇ ਸੰਤ ਬਾਬਾ ਪ੍ਰੀਤਮ ਸਿੰਘ ਜੀ ਆਗਰੇ ਵਾਲਿਆਂ ਦੇ ਸੇਵਾਦਾਰ ਜਥੇਦਾਰ ਬਾਬਾ ਰਜਿੰਦਰ ਸਿੰਘ ਜੀ, ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਂਡੇ ਵਾਲੇ, ਗਿਆਨੀ ਗੁਰਦੇਵ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਪਾਉਂਟਾ ਸਾਹਿਬ, ਸੰਤ ਬਾਬਾ ਬਲਦੇਵ ਸਿੰਘ ਜੀ ਜੋਗੇਵਾਲ ਵਾਲਿਆਂ ਦੀ ਤਰਫੋਂ ਗਿਆਨੀ ਹਰਪ੍ਰੀਤ ਸਿੰਘ ਜੀ, ਗਿਆਨੀ ਪ੍ਰਗਟ ਸਿੰਘ ਜੀ ਭੀਲੋਵਾਲ, ਭਾਈ ਮੱਖਣ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਅਜੈਬ ਸਿੰਘ ਜੀ ਅਭਿਆਸੀ, ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ, ਸੰਤ ਬਾਬਾ ਪ੍ਰਤਾਪ ਸਿੰਘ ਜੀ ਬਾਜਪੁਰ ਵਾਲੇ, ਸੰਤ ਬਾਬਾ ਦਰਸ਼ਨ ਸਿੰਘ ਜੀ ਘੋੜੇਵਾਹ ਵਾਲੇ, ਸੰਤ ਬਾਬਾ ਕਰਮਜੀਤ ਸਿੰਘ ਜੀ ਟਿੱਬਾ ਸਾਹਿਬ (ਹੁਸ਼ਿਆਰਪੁਰ), ਸੰਤ ਬਾਬਾ ਮਹਾਵੀਰ ਸਿੰਘ ਜੀ ਧਾਲੀਵਾਲ ਵਾਲੇ, ਸੰਤ ਬਾਬਾ ਗੁਰਦੀਪ ਸਿੰਘ ਜੀ ਖਜਾਲਾ ਵਾਲੇ, ਸੰਤ ਬਾਬਾ ਸੱਜਣ ਸਿੰਘ ਜੀ ਗੁਰੂ ਕੀ ਬੇਰ ਵਾਲੇ, ਸੰਤ ਬਾਬਾ ਵਰਿੰਦਰ ਮੁਨੀ ਜੀ ਫੇਰੂਮਾਣ ਵਾਲੇ, ਸੰਤ ਬਾਬਾ ਮਹੇਸ਼ ਮੁਨੀ ਜੀ ਬੜਾ ਅਖਾੜਾ ਕੁਰੂਕਸ਼ੇਤਰ ਵਾਲੇ, ਸੰਤ ਰਾਮ ਮੁਨੀ ਜੀ ਸੇਰੋਂ ਵਾਲੇ, ਸੰਤ ਬਾਬਾ ਅਮਰਜੀਤ ਸਿੰਘ ਜੀ ਹਰਖੋਵਾਲ ਵਾਲੇ, ਭਾਈ ਹਰਪਾਲ ਸਿੰਘ ਜੀ, ਸੰਤ ਬਾਬਾ ਜੋਗਿੰਦਰ ਸਿੰਘ ਜੀ ਰਗੜੇ ਵਾਲੇ, ਸੰਤ ਬਾਬਾ ਅਮਨਦੀਪ ਸਿੰਘ ਜੀ, ਟਕਸਾਲ ਸ਼ਹੀਦ ਭਾਈ ਮਣੀ ਸਿੰਘ ਜੀ, ਬਾਬਾ ਨਰਿੰਦਰ ਸਿੰਘ ਜੀ ਗੁਰਦੁਆਰਾ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ (ਮੋਹਾਲੀ), ਬਾਬਾ ਕੁਲਦੀਪ ਸਿੰਘ ਜੀ ਗੁਰਦੁਆਰਾ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ (ਮੋਹਾਲੀ), ਭਾਈ ਲਖਬੀਰ ਸਿੰਘ ਜੀ ਕਲਕੱਤਾ ਵਾਲੇ, ਭਾਈ ਇੰਦਰਜੀਤ ਸਿੰਘ ਜੀ ਐਨ.ਆਰ.ਆਈ., ਭਾਈ ਮਲਕੀਤ ਸਿੰਘ ਜੀ ਨਿਊਜ਼ੀਲੈਂਡ ਵਾਲੇ, ਗਿਆਨੀ ਸੁਰਜੀਤ ਸਿੰਘ ਜੀ ਸੋਧੀ, ਬਾਬਾ ਧਿਆਨ ਦਾਸ ਜੀ ਪਟਿਆਲਾ, ਮਹੰਤ ਰਜਿੰਦਰ ਦਾਸ ਜੀ, ਬਾਬਾ ਪ੍ਰੇਮਾਨੰਦ ਜੀ, ਜਥੇਦਾਰ ਬਾਬਾ ਮੰਗਾ ਸਿੰਘ ਜੀ ਲੰਗਰ ਸਾਹਿਬ ਧਰਮਕੋਟ, ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਜੀ, ਗਿਆਨੀ ਸੁਖਦੇਵ ਸਿੰਘ ਜੀ ਅਰਦਾਸੀਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸੰਤ ਬਾਬਾ ਸ਼ਮਸ਼ੇਰ ਸਿੰਘ ਜੀ ਡੇਰਾ ਬਾਬਾ ਮੂਲਾ ਸਿੰਘ ਜੀ, ਸੰਤ ਬਾਬਾ ਅਨਹਦ ਰਾਜ ਸਿੰਘ ਜੀ ਨਾਨਕਸਰ ਸਮਰਾਲਾ ਵਾਲੇ, ਜਥੇਦਾਰ ਬਾਬਾ ਬਲਵਿੰਦਰ ਸਿੰਘ ਜੀ ਤਰਨਾ ਦਲ ਖਿਆਲਾ ਵਾਲੇ, ਸੰਤ ਬਾਬਾ ਗੁਰਚਰਨ ਸਿੰਘ ਜੀ ਝਾੜ ਸਾਹਿਬ ਵਾਲੇ, ਗਿਆਨੀ ਭੁਪਿੰਦਰ ਸਿੰਘ ਜੀ ਗਦਲੀ ਵਾਲੇ ਅਤੇ ਜਥੇਦਾਰ ਬਾਬਾ ਹਰੀ ਸਿੰਘ ਜੀ ਤਰਨਾ ਦਲ ਵੀ ਪਹੁੰਚੇ ਹੋਏ ਸਨ।
ਇਸ ਤੋਂ ਇਲਾਵਾ ਭਾਈ ਜੋਤ ਸਿੰਘ ਜੀ, ਭਾਈ ਬਲਵਿੰਦਰ ਸਿੰਘ ਜੀ, ਸੰਤ ਬਾਬਾ ਅਮਰਜੀਤ ਸਿੰਘ ਜੀ, ਭਾਈ ਅਮਰਜੀਤ ਸਿੰਘ ਚਹੇੜੂ, ਭਾਈ ਨਰਿੰਦਰ ਸਿੰਘ ਮਲਸੀਆਂ, ਭਾਈ ਇੰਦਰਜੀਤ ਸਿੰਘ ਜੱਸੋਵਾਲ, ਗਿਆਨੀ ਹਰਨੇਕ ਸਿੰਘ ਘਣੀਏ ਕੇ ਬਾਂਗਰ, ਗਿਆਨੀ ਪ੍ਰਗਟ ਸਿੰਘ ਭੀਲੋਵਾਲ, ਭਾਈ ਹੀਰਾ ਸਿੰਘ ਮਨਿਆਲਾ, ਬਾਬਾ ਸੁਖਦੇਵ ਸਿੰਘ ਪੱਟੀ ਮੋੜ, ਭਾਈ ਸ਼ਮਸ਼ੇਰ ਸਿੰਘ ਪਰਾਂਗਪੁਰਾ, ਭਾਈ ਸੁਖਦੇਵ ਸਿੰਘ ਜੀ, ਭਾਈ ਹਰਦੀਪ ਸਿੰਘ ਜੀ, ਗਿਆਨੀ ਜੀਵਾ ਸਿੰਘ ਜੀ, ਪ੍ਰਿੰਸੀਪਲ ਹਰਸ਼ਦੀਪ ਸਿੰਘ ਰੰਧਾਵਾ ਅਤੇ ਡਾ. ਅਵਤਾਰ ਸਿੰਘ ਬੁੱਟਰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here