ਗੁਰਪੁਰਬ ਮਨਾਈਏ ਪੰਜਾਬ ਬਚਾਈਏ

0
17
ਦੁਆਬੇ ਦੀ ਜੰਨਤ ਪਿੰਡ ਬਜੀਦ ਪੁਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹਮੇਸ਼ਾ ਉੱਚੀਆਂ ਤੇ ਵਿਸ਼ੇਸ਼ ਖੋਜਾਂ ਕਰਨ ਵਿੱਚ ਪਹਿਲਾਂ ਹੀ ਸਿੱਖ ਰਤਨ ਭਾਈ ਗੁਰਮੇਜ ਸਿੰਘ ਜੀ ਕਰਕੇ ਦੁਨੀਆ ਭਰ ਵਿੱਚ ਨਾਮਣਾ ਕਮਾ ਚੁੱਕਿਆ ਹੈ। ਕੁਝ ਦਿਨ ਪਹਿਲਾਂ ਇਸੇ ਪਿੰਡ ਦੇ ਨੌਜਵਾਨਾਂ ਨੇ ਆਪਣੀ ਕਿਰਤ ਕਮਾਈ ਵਿੱਚੋਂ ਗੁਰਧਾਮਾਂ ਦੀ ਯਾਤਰਾ ਸ਼ੁਰੂ ਕੀਤੀ ਹੈ ਜੋ ਪਿੰਡ ਦੀਆਂ ਸੰਗਤਾਂ ਨੂੰ ਸਮੇਂ ਸਮੇਂ ਤੇ ਪੰਜਾਬ ਦੇ ਇਤਿਹਾਸਕ ਗੁਰਦੁਆਰਿਆਂ ਦੀ ਯਾਤਰਾ ਤੇ ਲੈ ਕੇ ਜਾਵੇਗੀ। ਇਸੇ ਪਿੰਡ ਦੇ ਉੱਚੀ ਸੁੱਚੀ ਸੋਚ ਵਾਲੇ ਨੌਜਵਾਨਾਂ ਨੇ ਸਾਉਣ (ਸਾਵਣ) ਦੇ ਮਹੀਨੇ ਨੂੰ ਵੱਖਰੀ ਤਰਾਂ ਮਨਾਉਣ ਦੀ ਤੇ ਨਵੀਂ ਪਿਰਤ ਪਾਉਣ ਲਈ ਇੱਕ ਬਹੁਤ ਸ਼ਲਾਘਾਯੋਗ ਉਪਰਾਲਾ ਉਲੀਕਿਆ ਹੈ।
ਸਾਡੇ ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਗੁਰਪੁਰਬ ਨੂੰ ਪਿੰਡ ਦੇ ਗੁਰਦੁਆਰਾ ਸਿੰਘ ਸਾਹਿਬ ਵਿੱਚ 07/08/26 ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ ਤੇ 09/08/26 ਨੂੰ ਭੋਗ ਪਾਏ ਜਾਣਗੇ ਜਿਸ ਵਿੱਚ ਭਾਈ ਕਮਲਜੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਕਰਮਜੀਤ ਸਿੰਘ ਜੀ ਪਿੰਡ ਬਜੀਦ ਪੁਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਭਾਈ ਪ੍ਰਕਾਸ਼ ਸਿੰਘ ਜੀ ਹੈੱਡ ਗ੍ਰੰਥੀ ਪਿੰਡ ਬਜੀਦ ਪੁਰ ਗੁਰਬਾਣੀ ਵਿਚਾਰ ਨਾਲ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ। ਇਸ ਦਿਨ ਭੋਗ ਪੈਣ ਉਪਰੰਤ ਸਾਉਣ ਮਹੀਨੇ ਨੂੰ ਮੁੱਖ ਰੱਖਦਿਆਂ ਮਾਲ੍ਹ ਪੂੜੇ ਦੇ ਲੰਗਰ ਅਤੇ ਪੰਜਾਬ ਦੇ ਵਿਰਾਸਤੀ ਰੁੱਖ ਜਿਹਨਾਂ ਵਿੱਚ ਟਾਹਲੀ, ਨਿੰਮ, ਸ਼ਰੀਂਹ, ਤੂਤ, ਸੁਹਾਂਜਣਾ, ਬੇਰੀ, ਕਿੱਕਰ, ਅਰਜਨ, ਬੋਹੜ, ਪਿੱਪਲ, ਡੇਕ(ਧਰੇਕ) ਆਦਿ 500+ ਬੂਟਿਆਂ ਦੇ ਲੰਗਰ ਲਗਾਏ ਜਾਣਗੇ। ਸਾਰੀਆਂ ਸੰਗਤਾਂ ਨੂੰ ਪ੍ਰਬੰਧਕਾਂ ਵਲੋਂ ਬੇਨਤੀ ਹੈ ਕਿ ਤੁਸੀਂ ਆਪਣੀ ਮਰਜ਼ੀ ਅਨੁਸਾਰ ਛਾਂ ਦਾਰ, ਫ਼ਲ ਦਾਰ ਬੂਟਾ ਲਓ ਤੇ ਆਪਣੇ ਘਰ ਜਾਂ ਖੇਤ ਵਿੱਚ ਘੱਟ ਤੋਂ ਘੱਟ ਇੱਕ ਰੁੱਖ ਜ਼ਰੂਰ ਲਗਾਓ ਤਾਂ ਜੋ ਅਸੀਂ ਰਲ ਮਿਲ ਕੇ ਪੰਜਾਬ ਨੂੰ ਮੁੜ ਹਰਿਆਂ ਭਰਿਆ ਬਣਾ ਸਕੀਏ। ਬੂਟਿਆਂ ਦੀ ਸੇਵਾ ‘ਆਸ ਸ਼ੋਸ਼ਲ ਵੈਲਫੇਅਰ ਸੋਸਾਇਟੀ ਪੰਜਾਬ’ (ਰਜਿ: ਨੰਬਰ 231), ‘ਕਲਗੀਧਰ ਸਪੋਰਟਸ ਐਂਡ ਵੈਲਫੇਅਰ ਕਲੱਬ’ (ਪਿੰਡ ਬਜੀਦ ਪੁਰ), ‘ਗੁਰਦੁਆਰਾ ਪ੍ਰਬੰਧਕ ਕਮੇਟੀ’ ਅਤੇ ਸਮੂਹ ਐਨ.ਆਰ.ਆਈ. ਪਿੰਡ ਬਜੀਦ ਪੁਰ ਮਿਲ ਕੇ ਕਰ ਰਹੇ ਹਨ। ਸੇਵਾ ਕਰਨ ਵਾਲੇ ਵੀਰਾਂ  ਵੱਲੋਂ ਪਿੰਡ ਬਜੀਦ ਪੁਰ ਤੋਂ ਇਲਾਵਾ ਹੋਰ ਲਾਗਲੇ ਪਿੰਡਾਂ ਦੀਆਂ ਸੰਗਤਾਂ ਨੂੰ ਵੀ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਕਿ ਸੰਗਤਾਂ ਇਸ ਦਿਨ ਸਾਡੇ ਪਿੰਡ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਨਤਮਸਤਕ ਹੋਣ ਲਈ ਪਹੁੰਚਣ ਤੇ ਸੇਵਾ ਦਾ ਲਾਭ ਉਠਾਉਣ।
ਵੱਧ ਰਹੀ ਗਰਮੀ (ਗਲੋਬਲ ਵਾਰਮਿੰਗ), ਤਾਪਮਾਨ ਦਾ ਵਧਣਾ, ਦੂਸ਼ਿਤ ਹਵਾ, ਪੀਣ ਵਾਲੇ ਪਾਣੀ ਦਾ ਦਿਨੋ-ਦਿਨ ਡੂੰਘਾ ਹੋਣਾ, ਪੀਣ ਵਾਲਾ ਪਾਣੀ ਪੀਣ ਯੋਗ ਨਾ ਰਹਿਣਾ, ਰੁੱਖਾਂ ਦੀ ਕਟਾਈ, ਰੁੱਖਾਂ ਦਾ ਖਾਤਮਾ, ਆਕਸੀਜਨ ਦੀ ਕਮੀ ਹੋਣ ਨਾਲ ਬਜ਼ੁਰਗਾਂ ਤੇ ਬੱਚਿਆਂ ਨੂੰ ਸਾਹ ਲੈਣ ਚ ਤਕਲੀਫ਼, ਪੰਜਾਬ ਵਿੱਚ ਥਾਂ-ਥਾਂ ਤੇ ਮਿੱਟੀ ਨੂੰ ਕੈਂਸਰ ਹੋਣਾ, ਮੀਂਹ ਦੀ ਘਾਟ ਜਾਂ ਸੋਕਾ, ਮਿੱਟੀ ਦਾ ਇਕਦਮ ਖੁਰਨਾ, ਕਦੇ ਪਾਣੀ ਦੀ ਘਾਟ ਤੇ ਕਦੋਂ ਮੀਂਹ ਕਾਰਨ ਪੰਜਾਬ ਵਿੱਚ ਹਰ ਸਾਲ ਹੜ੍ਹਾਂ ਕਾਰਨ ਜਾਨੀ ਮਾਲੀ ਨੁਕਸਾਨ,  ਜੰਗਲੀ  ਜੀਵਾਂ ਦੇ ਘਰਾਂ ਦੀ ਤਬਾਹੀ ਹੋਣਾ, ਸਬਜ਼ੀਆਂ ਅਤੇ ਫਲਾਂ ਦੀ ਕਮੀ, ਲੱਕੜਾਂ ਅਤੇ ਜੜ੍ਹੀ-ਬੂਟੀਆਂ ਦੀ ਕਮੀ ਕਰਕੇ ਹਵਾ ਵਿੱਚ ਲਗਾਤਾਰ ਪ੍ਰਦੂਸ਼ਣ ਵਿੱਚ ਵਾਧਾ ਆਦਿ ਹਜ਼ਾਰਾਂ ਆਫ਼ਤਾਂ  ਦਾ ਇੱਕੋ ਇੱਕ ਸੁਖਾਵਾਂ ਹੱਲ ਹੈ ਕਿ “ਰੁੱਖ ਲਗਾਓ ਸੁੱਖ ਪਾਓ”, “ਰੁੱਖ ਲਗਾਓ ਪੰਜਾਬ ਬਚਾਓ” ਹਰ ਇੱਕ ਪਿੰਡ ਨੂੰ ਪਿੰਡ ਬਜੀਦ ਪੁਰ ਤੋਂ ਇਸ ਤਰ੍ਹਾਂ ਦੇ ਕਾਰਜਾਂ ਲਈ ਸੇਧ ਲੈਣੀ ਚਾਹੀਦੀ ਹੈ ਤੇ ਇਸ ਤਰ੍ਹਾਂ ਦੇ ਨੇਕ ਉਪਰਾਲੇ ਜ਼ਰੂਰ ਕਰਨੇ ਚਾਹੀਦੇ ਹਨ ਨਾ ਕਿ ਸਰਕਾਰਾਂ ਤੇ ਸਭ ਕੁਝ ਆਸ ਰੱਖ ਕੇ ਆਪਣੇ ਆਲੇ ਦੁਆਲੇ ਦੀ ਤਬਾਹੀ ਕਰਨੀ ਤੇ ਨਵੀਆਂ ਇਮਾਰਤਾਂ ਜਾਂ ਸੜਕਾਂ ਦੀ ਆੜ ਚ ਰੁੱਖਾਂ ਦਾ ਖ਼ਾਤਮਾ ਤੇ ਵਾਤਾਵਰਨ ਦਾ ਉਜਾੜਾ ਕਰਨਾ।
ਰੁੱਖ ਲਗਾਈਏ ਪੰਜਾਬ ਬਚਾਈਏ!

ਸਰਬਜੀਤ ਸਿੰਘ ਜਰਮਨੀ

LEAVE A REPLY

Please enter your comment!
Please enter your name here