ਰਿਵਾਇਤੀ ‘ਤੀਆਂ ਫਰਿਜ਼ਨੋ ਦੀਆ’ ਨੇ ਹਮੇਸ਼ਾ ਵਾਂਗ ਵਿਰਾਸਤੀ ਰੰਗਾਂ ਵਿੱਚ ਰੰਗਿਆ ਕਾਰਨੀ ਪਾਰਕ

0
10
ਰਿਵਾਇਤੀ ‘ਤੀਆਂ ਫਰਿਜ਼ਨੋ ਦੀਆ’ ਨੇ ਹਮੇਸ਼ਾ ਵਾਂਗ ਵਿਰਾਸਤੀ ਰੰਗਾਂ ਵਿੱਚ ਰੰਗਿਆ ਕਾਰਨੀ ਪਾਰਕ

ਰਿਵਾਇਤੀ ‘ਤੀਆਂ ਫਰਿਜ਼ਨੋ ਦੀਆ’ ਨੇ ਹਮੇਸ਼ਾ ਵਾਂਗ ਵਿਰਾਸਤੀ ਰੰਗਾਂ ਵਿੱਚ ਰੰਗਿਆ ਕਾਰਨੀ ਪਾਰਕ

ਫਰਿਜ਼ਨੋ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਸੈਂਟਰਲ ਵੈਲੀ ਕੈਲੀਫੋਰਨੀਆਂ ਦਾ ਸ਼ਹਿਰ ਫਰਿਜ਼ਨੋ, ਪੰਜਾਬੀਅਤ ਦੀ ਭਰਪੂਰ ਵਸੋਂ ਹੋਣ ਕਰਕੇ ਕਿਸੇ ਜਾਣਕਾਰੀ ਦਾ ਮੁਹਤਾਜ਼ ਨਹੀਂ। ਜੇ ਇਸ ਨੂੰ ਮਿੰਨੀ ਪੰਜਾਬ ਕਿਹਾ ਜਾਵੇ ਤਾਂ ਕੋਈ ਅੱਤਕਥਨੀ ਨਹੀਂ ਹੋਵੇਗੀ। ਇਸੇ ਸ਼ਹਿਰ ਅੰਦਰ ਪਿਛਲੇ ਤਿੰਨ ਦਹਾਕਿਆਂ ਤੋਂ ਵਧੀਕ ਕੈਲੇਫੋਰਨੀਆ ਵਿੱਚ ਸਭ ਤੋਂ ਪਹਿਲਾ ਰਾਜਪਾਲ ਕੌਰ ਬਰਾੜ, ਗੁੱਡੀ ਰਾਣੂ, ਗੁੱਡੀ ਸਿੱਧੂ ਅਤੇ ਹੋਰ ਸਹੇਲੀਆਂ ਨੇ ਸਮੂੰਹ ਪੰਜਾਬੀ ਔਰਤਾ ਨਾਲ ਰਲ ਕੇ ਸ਼ਹਿਰ ਦੀ ਸੰਘਣੀ ਵਸੋਂ ਤੋਂ ਦੂਰ ਖੁਲੇ ‘ਕਾਰਨੀ ਪਾਰਕ’ ਦੇ ਦਰੱਖਤਾਂ ਦੀ ਸੰਘਣੀ ਛਾਂ ਹੇਠ ਤੀਆਂ ਦੀ ਸੁਰੂਆਤ ਕੀਤੀ ਸੀ, ਜੋ ਅੱਜ ਵੀ ਬਰਕਰਾਰ ਹੈ। ਕੁਝ ਸਾਲ ਪਹਿਲਾ ਪ੍ਰਬੰਧਕਾ ਵਿੱਚੋਂ ਗੁੱਡੀ ਸਿੱਧੂ ਅਚਾਨਕ ਅਕਾਲ ਚਲਾਣਾ ਕਰ ਗਏ ਸਨ। ਪਰ ਉਨ੍ਹਾਂ ਦੀਆਂ ਸਹੇਲੀਆਂ ਗੁੱਡੀ ਰਾਣੂ ਅਤੇ ਰਾਜਪਾਲ ਬਰਾੜ ਹੋਰ ਸਹਿਯੋਗੀ ਸਹੇਲੀਆਂ ਨਾਲ ਰਲ ਕੇ ਉਸੇ ਤਰ੍ਹਾਂ ਰਿਵਾਇਤ ਨੂੰ ਕਾਇਮ ਰੱਖਦੇ ਹੋਏ ਤੀਆਂ ਲਾਉਂਦੀਆਂ ਆ ਰਹੀਆਂ ਹਨ। ਬੇਸੱਕ ਅੱਜ ਪਿੱਪਲਾ ਜਾਂ ਬਰੋਟਿਆਂ ਦੀ ਪੰਜਾਬ ਵਾਂਗ ਛਾਂ ਨਹੀਂ ਹੈ। ਪਰ ਹੋਰ ਬਹੁਤ ਸੋਹਣੇ ਸੰਘਣੇ ਦਰੱਖਤਾਂ ਦੀ ਛਾਂ ਅਤੇ ਆਪਸੀ ਸੱਭਿਆਚਾਰ ਪ੍ਰਤੀ ਪਿਆਰ ਸਦਕਾ ਅੱਜ ਵੀ ਉਸੇ ਤਰ੍ਹਾਂ ਇਹ ਤੀਆਂ ਪਰੰਪਰਾਗਤ ਤਰੀਕੇ ਨਾਲ ਹਰ ਸਾਲ ਲਗਦੀਆਂ ਹਨ।
                          ਅੱਜ ਸਮੇਂ ਦੇ ਬਦਲਣ ਨਾਲ ਸਾਡੇ ਤਿਉਹਾਰ ਮਨੁੱਖੀ ਜ਼ਿੰਦਗੀ ਸੂਖਮ ਹੋਣ ਕਰਕੇ ਬਾਹਰੀ ਮਹੌਲ ਤੋਂ ਸਟੇਜ਼ ‘ਤੇ ਸਿਰਫ ਨੁਮਾਇਸਨੁਮਾ ਜਾਂ ਸਟੇਜ ਸ਼ੋ ਬਣਕੇ ਰਹਿ ਗਏ ਹਨ। ਜਿੰਨ੍ਹਾਂ ਨੂੰ ਆਮ ਤੌਰ ‘ਤੇ ਕਮਰਸੀਅਲ  ਢੰਗ ਨਾਲ ਮਨਾਇਆ ਜਾਦਾ ਹੈ। ਜਿਸ ਵਿੱਚ ਰਿਵਾਇਤਾ ਨੂੰ ਛੱਡ, ਮੁਨਾਫੇ, ਦਿਖਾਵੇ ਅਤੇ ਪਹਿਰਾਵੇ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਪਰ ਇਹ ਗੱਲ ਬੜੇ ਫਖਰ ਦੀ ਹੈ ਕਿ ਫਰਿਜ਼ਨੋ ਦੀਆਂ “ਕਾਰਨੀ ਪਾਰਕ ਵਾਲੀਆਂ ਤੀਆਂ” ਉਸੇ ਤਰ੍ਹਾਂ ਖੁਲੀਆਂ ਗਰਾਉਂਡਾ ਵਿੱਚ ਪਰੰਪਰਾਗਤ (ਰਵਾਇਤੀ) ਤਰੀਕੇ ਲੱਗਦੀਆਂ ਹਨ। ਜਿੱਥੇ ਵੱਖ-ਵੱਖ ਸ਼ਹਿਰਾ ਤੋਂ ਬੀਬੀਆਂ ਭੈਣਾਂ ਰਲ ਆਪਣੇ ਵੱਖ-ਵੱਖ ਗਰੁੱਪਾ ਵਿੱਚ ਗੀਤ ਗਾ, ਗਿੱਧੇ ਦੇ ਮੁਕਾਬਲੇ ਦਾ ਭਰਪੂਰ ਮਨੋਰੰਜ਼ਨ ਕਰਦੀਆਂ ਹੋਈਆ ਆਪਣੀਆਂ ਸਹੇਲੀਆਂ ਨੂੰ ਵੀ ਮਿਲਦੀਆ ਹਨ। ਤੀਆਂ ਦੌਰਾਨ ਪਾਰਕ ਵਿੱਚ ਪੰਜਾਬੀ ਸੱਭਿਆਚਾਰ ਦੇ ਅਨੁਸਾਰ ਵੱਖ-ਵੱਖ ਗਰੁੱਪਾ ਵਿੱਚ ਪੈ ਰਹੇ ਗਿੱਧੇ ਅਤੇ ਬੋਲੀਆਂ ਪੰਜਾਬ ਦੇ ਅਮੀਰ ਵਿਰਸੇ ਨੂੰ ਸਿਰਜ ਕੇ ਪੰਜਾਬੀਅਤ ਦੇ ਇਤਿਹਾਸਕਤਾ ਦਾ ਰੂਪ ਪੇਸ਼ ਕਰ ਰਹੀਆਂ ਸਨ। ਇਸੇ ਤਰ੍ਹਾਂ ਤੀਆਂ ਦੇਖਣ ਅਤੇ ਹਿੱਸਾ ਲੈਣ ਆਈਆਂ ਮੁਟਿਆਰਾ ਦੀਆਂ ਰੰਗ-ਬਰੰਗੀਆਂ ਪੁਸ਼ਾਕਾ, ਲਹਿੰਗੇ, ਘੱਘਰੇ ਅਤੇ ਗਹਿਣੇ ਇਸ ਤੀਆਂ ਦੀ ਰੌਣਕ ਨੂੰ ਪੰਜਾਬੀਅਤ ਦੇ ਮਹੌਲ ਵਿੱਚ ਹੋਰ ਵੀ ਰੰਗੀਨ ਬਣਾ ਰਹੇ ਸਨ।
                         ਤੀਆਂ ਦੌਰਾਨ ਪ੍ਰਬੰਧਕਾਂ ਵੱਲੋਂ ਸਮਾਪਤੀ ‘ਤੇ ਖੁੱਲੇ ਗਿੱਧੇ ਅਤੇ ਬੋਲੀਆਂ ਤੋਂ ਇਲਾਵਾ ਨਵੀਂ ਪੀੜ੍ਹੀ ਦੀ ਮੰਗ ‘ਤੇ ਡੀ.ਜੇ. ਦਾ ਵੀ ਖਾਸ ਪ੍ਰਬੰਧ ਵੀ ਕੀਤਾ ਗਿਆ ਸੀ। ਇਸ ਸਾਲ ਹਮੇਸ਼ਾ ਵਾਂਗ ਤੀਆਂ ਦਾ ਮਹੌਲ ਪੰਜਾਬ ਦੇ ਕਿਸੇ ਇਤਿਹਾਸਕ ਮੇਲੇ ਦੀ ਯਾਦ ਕਰਵਾ ਰਿਹਾ ਸੀ। ਜਿੱਥੇ ਇੱਕ ਹਜ਼ਾਰ ਦੇ ਲਗਭਗ ਬੀਬੀਆਂ-ਭੈਣਾਂ ਅਤੇ ਬੱਚੀਆਂ ਨੇ ਲਾਈਵ ਗਿੱਧੇ ਅਤੇ ਬੋਲੀਆਂ ਰਾਹੀਂ ਅਮੀਰ ਪੰਜਾਬੀ ਸੱਭਿਆਚਾਰ ਵਿਰਸੇ ਨੂੰ ਸਿੱਜਦਾ ਕਰਦੇ ਹੋਏ ਖੂਬ ਰੌਣਕਾਂ ਲਾਈਆਂ। ਜੋ ਕਿ ਅਜੋਕੇ ਸਮੇਂ ਅੰਦਰ ਅਜਿਹੇ ਤਿਉਹਾਰਾ ਨੂੰ ਪਰੰਪਰਾਗਤ ਤਰੀਕੇ ਨਾਲ ਮਨਾਉਣ ਦੀ ਲੋੜ ਵੀ ਹੈ, ਜਿਸ ਨਾਲ ਆਉਣ ਵਾਲੀ ਨਵੀਂ ਪੀੜੀ ਨੂੰ ਸਹੀ ਢੰਗ ਨਾਲ ਆਪਣੇ ਪਿਛੋਕੜ ਤੋਂ ਜਾਣੂ ਕਰਵਾਉਦੇ ਹੋਏ ਜੀਵਤ ਰੱਖਿਆ ਜਾ ਸਕੇ।
                             ਇਸ ਸਮੁੱਚੇ ਪ੍ਰੋਗਰਾਮ ਦੀ ਸਫਲਤਾ ਦਾ ਸਿਹਰਾ ਗੁੱਡੀ ਰਾਣੂ, ਰਾਜਪਾਲ ਕੌਰ ਬਰਾੜ, ਰਾਜਿੰਦਰ ਕੌਰ ਢਿੱਲੋ, ਪਰਮਜੀਤ ਕੌਰ ਅਤੇ ਸਮੂੰਹ ਸਹਿਯੋਗੀਆਂ ਬੀਬੀਆਂ ਨੂੰ ਜਾਦਾ ਹੈ। ਜਿੰਨਾਂ ਨੇ ਆਪਣੇ ਯਤਨਾਂ ਅਤੇ ਅਣਥੱਕ ਮਿਹਨਤ ਰਾਹੀ ਪੰਜਾਬੀ ਸੱਭਿਆਚਾਰ ਦੀ ਇਸ ਰਵਾਇਤ ਨੂੰ ਕਾਇਮ ਰੱਖਦੇ ਹੋਏ, ਇਸ ਤੀਆਂ ਇਕੱਠ ਨੂੰ ਯਾਦਗਾਰੀ ਬਣਾਇਆ। ਇਸ ਪ੍ਰੋਗਰਾਮ ਨੂੰ ਹਮੇਸ਼ਾ ਸਹਿਯੋਗ ਦੇਣ ਲਈ “ਇੰਡੀਆ ਸਵੀਟ ਐਂਡ ਸਪਾਈਸ” ਅਤੇ “ਸ਼ਾਨੇ ਪੰਜਾਬ” ਭਾਰਤੀ ਗਰੋਸਰੀ ਸਟੋਰ ਅਤੇ ਰੈਸਟੋਰੈਟਾਂ ਦਾ ਵੀ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ।  ਹਮੇਸ਼ਾ ਵਾਂਗ ਮੀਡੀਆ ਕਵਰੇਜ ਲਈ “ਧਾਲੀਆਂ ਅਤੇ ਮਾਛੀਕੇ ਮੀਡੀਆ ਅਮਰੀਕਾ” ਵੱਲੋਂ ਸੇਵਾਵਾਂ ਨਿਭਾਈਆਂ ਗਈਆ। ਜਦ ਕਿ ਡੀ.ਜੇ. ਐਨ.ਡੀ. ਬ੍ਰਦਰਜ ਵੱਲੋਂ ਅਤੇ ਫੂਡ ਸਟਾਲ ਅਸ਼ੋਕਾ ਇੰਡੀਅਨ ਰੈਸਟੋਰੈਟ ਸੈਲਮਾਂ ਵੱਲੋਂ ਲਾਇਆ ਗਿਆ।  ਅੰਤ ਆਪਸੀ ਮੇਲ-ਮਿਲਾਪ ਦੀਆਂ ਸਾਂਝਾਂ ਪਾਉਂਦਾ ਇਹ ਰਵਾਇਤੀ ਤੀਆਂ ਦਾ ਇਕੱਠ ਫਿਰ ਤੋਂ ਅਗਲੇ ਸਾਲ ਇਸ ਤਰ੍ਹਾਂ ਕਾਰਨੀ ਪਾਰਕ ਵਿੱਚ ਮਿਲਣ ਦੇ ਵਾਅਦੇ ਨਾਲ ਯਾਦਗਾਰੀ ਹੋ ਨਿਬੜਿਆਂ।
ਫੋਟੋ: ਰਿਵਾਇਤੀ ਤੀਆਂ ਦੇ ਯਾਦਗਾਰੀ ਪਲ।

LEAVE A REPLY

Please enter your comment!
Please enter your name here