30,000 ਰੁਪਏ ਰਿਸ਼ਵਤ ਲੈਂਦਾ ਸਬ-ਡਿਵੀਜ਼ਨਲ ਇੰਜੀਨੀਅਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

0
12

ਚੰਡੀਗੜ੍ਹ, 6 ਅਕਤੂਬਰ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਕਪੂਰਥਲਾ ਵਿਖੇ ਤਾਇਨਾਤ ਸਬ-ਡਿਵੀਜ਼ਨਲ ਇੰਜੀਨੀਅਰ (ਐਸ.ਡੀ.ਈ.) ਅਗਮਜੋਤ ਸਿੰਘ ਨੂੰ 1,25,000 ਰੁਪਏ ਦੀ ਰਿਸ਼ਵਤ ਦੀ ਮੰਗ ਕਰਨ ਅਤੇ ਬਤੌਰ ਪਹਿਲੀ ਕਿਸ਼ਤ 30,000 ਰੁਪਏ ਲੈਂਦਿਆਂ ਉਸਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ।
ਇੱਥੇ ਅੱਜ ਇਹ ਜਾਣਕਾਰੀ ਸਾਂਝੀ ਕਰਦਿਆਂ ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਅਧਿਕਾਰੀ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਸਬ-ਡਿਵੀਜ਼ਨ ਨੰਬਰ 2, ਕਪੂਰਥਲਾ ਵਿਖੇ ਤਾਇਨਾਤ ਇੱਕ ਸਬ-ਡਿਵੀਜ਼ਨਲ ਕਲਰਕ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਦਾ ਤਬਾਦਲਾ ਮੁਲਜ਼ਮ ਐਸ.ਡੀ.ਈ. ਅਗਮਜੋਤ ਸਿੰਘ ਵੱਲੋਂ 5 ਅਕਤੂਬਰ 2026 ਨੂੰ ਪਿੰਡ ਚੱਕੋਕੀ, ਜ਼ਿਲ੍ਹਾ ਕਪੂਰਥਲਾ ਦੀ ਜਲ ਸਪਲਾਈ ਸਕੀਮ ਵਿਖੇ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸ਼ਿਕਾਇਤ ਕਰਤਾ ਦਾ ਘਰ ਤਾਇਨਾਤੀ ਵਾਲੀ ਥਾਂ ਤੋਂ ਕਾਫ਼ੀ ਦੂਰ ਸੀ, ਇਸ ਲਈ ਉਸਨੇ ਮੁਲਜ਼ਮ ਅਗਮਜੋਤ ਸਿੰਘ ਨੂੰ ਆਪਣਾ ਤਬਾਦਲਾ ਰੱਦ ਕਰਨ ਜਾਂ ਰੋਕਣ ਲਈ ਜ਼ੁਬਾਨੀ ਬੇਨਤੀ ਕੀਤੀ। ਇਸ ਤੋਂ ਬਾਅਦ ਸ਼ਿਕਾਇਤਕਰਤਾ ਦੇ ਸਾਥੀ ਕਰਮਚਾਰੀ ਅਤੇ ਫਿਟਰ ਹੈਲਪਰ ਅਮਰਿੰਦਰ ਸਿੰਘ ਨੇ ਉਸਨੂੰ ਦੱਸਿਆ ਕਿ ਅਗਮਜੋਤ ਸਿੰਘ ਨੇ ਤਬਾਦਲਾ ਰੋਕਣ ਲਈ ਰਿਸ਼ਵਤ ਦੀ ਮੰਗ ਕੀਤੀ ਹੈ। ਬਾਅਦ ਵਿੱਚ, ਅਮਰਿੰਦਰ ਸਿੰਘ ਨੇ ਅਗਮਜੋਤ ਸਿੰਘ ਨਾਲ ਫੋਨ ’ਤੇ ਸੰਪਰਕ ਕੀਤਾ, ਜਿਸ ਨੇ 1,25,000 ਰੁਪਏ ਦੀ ਮੰਗ ਕੀਤੀ, ਜੋ ਕਿ ਕਿਸ਼ਤਾਂ ਵਿੱਚ ਦਿੱਤੇ ਜਾਣੇ ਸਨ। ਬੁਲਾਰੇ ਨੇ ਦੱਸਿਆ ਕਿ ਨਾਜਾਇਜ਼ ਰਕਮ ਦੀ ਮੰਗ ਬਾਰੇ ਗੱਲਬਾਤ ਅਮਰਿੰਦਰ ਸਿੰਘ ਨੇ ਆਪਣੇ ਮੋਬਾਈਲ ਫੋਨ ’ਤੇ ਰਿਕਾਰਡ ਕਰ ਲਈ ਸੀ।

ਰਿਸ਼ਵਤ ਦੇਣ ਤੋਂ ਇਨਕਾਰੀ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਰੇਂਜ ਜਲੰਧਰ ਨਾਲ ਸੰਪਰਕ ਕੀਤਾ। ਉਸਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਦੋਸ਼ੀ ਸਬ-ਡਿਵੀਜ਼ਨਲ ਇੰਜੀਨੀਅਰ ਅਗਮਜੋਤ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 30,000 ਰੁਪਏ ਰਿਸ਼ਵਤ ਦੀ ਪਹਿਲੀ ਕਿਸ਼ਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਅਤੇ  ਰਿਸ਼ਵਤ ਦੀ ਰਕਮ (30,000 ਰੁਪਏ) ਬਰਾਮਦ ਕਰ ਲਈ ਗਈ ਹੈ। ਇਸ ਸਬੰਧ ਵਿੱਚ ਮੁਲਜ਼ਮ ਵਿਰੁੱਧ ਵਿਜੀਲੈਂਸ ਬਿਊਰੋ  ਦੇ ਜਲੰਧਰ ਰੇਂਜ ਥਾਣੇ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਚੱਲ ਰਹੀ ਹੈ।

LEAVE A REPLY

Please enter your comment!
Please enter your name here