ਭਾਜਪਾ ਨੂੰ ਕੋਸਣ ਦੀ ਥਾਂ ਮਾਨ ਪੀੜੀ ਹੇਠ ਸੋਟਾ ਫੇਰਨ: ਪ੍ਰੋ. ਸਰਚਾਂਦ ਸਿੰਘ ਖਿਆਲਾ

0
9

ਅੰਮ੍ਰਿਤਸਰ, 7 ਅਕਤੂਬਰ: ਪੰਜਾਬ ਭਾਜਪਾ ਦੇ ਬੁਲਾਰੇ ਅਤੇ ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦੀ ਨਿਰਪੱਖ ਜਾਂਚ ਤੋਂ ਭੱਜਣ ਦੀ ਬਜਾਏ ਸਰਕਾਰ ਨੂੰ ਜਾਂਚ ਦਾ ਸਾਹਮਣਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ CBI ਜਾਂਚ ਨੂੰ ਭਾਜਪਾ ਦੀ ਸਿਆਸੀ ਸਾਜ਼ਿਸ਼ ਦੱਸਣਾ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਹੈ। CBI ਜਾਂਚ ਭਾਜਪਾ ਨੇ ਨਹੀਂ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਪਣੇ ਹੁਕਮ ਨਾਲ ਕਰਵਾਈ ਹੈ। ਹੁਣ ਭਗਵੰਤ ਮਾਨ ਸਰਕਾਰ ਨੂੰ ਭਾਜਪਾ ਤੋਂ ਨਹੀਂ, ਸਗੋਂ ਅਦਾਲਤ ਦੇ ਹੁਕਮ ਤੋਂ ਸਵਾਲ ਪੁੱਛਣੇ ਚਾਹੀਦੇ ਹਨ।

ਪ੍ਰੋ. ਖਿਆਲਾ ਨੇ ਕਿਹਾ ਕਿ ਸਭ ਤੋਂ ਵੱਡਾ ਸਵਾਲ ਇਹ ਹੈ ਕਿ ED ਵੱਲੋਂ ਪੰਜਾਬ ਪੁਲਿਸ ਨੂੰ 24 ਜੁਲਾਈ, 31 ਜੁਲਾਈ ਅਤੇ 7 ਅਗਸਤ ਨੂੰ ਕਾਰਵਾਈ/FIR ਲਈ ਲਿਖੇ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਨੇ ਕੀ ਕੀਤਾ? ਜੇ ED ਵੱਲੋਂ ਦਿੱਤੀ ਸਮੱਗਰੀ ਝੂਠੀ ਸੀ ਤਾਂ ਪੰਜਾਬ ਪੁਲਿਸ FIR ਦਰਜ ਕਰਕੇ ਜਾਂਚ ਕਰਦੀ ਅਤੇ ਦੋਸ਼ਾਂ ਨੂੰ ਝੂਠਾ ਸਾਬਤ ਕਰ ਦਿੰਦੀ। ਪਰ ਸਰਕਾਰ ਨੇ ਜਾਂਚ ਕਰਨ ਦੀ ਬਜਾਏ ਮਾਮਲੇ ਨੂੰ ਅੱਗੇ ਵਧਣ ਤੋਂ ਰੋਕਣ ਦੀ ਕੋਸ਼ਿਸ਼ ਕਿਉਂ ਕੀਤੀ? ਉਨ੍ਹਾਂ ਕਿਹਾ ਕਿ ਹਾਈ ਕੋਰਟ ਦੇ ਰਿਕਾਰਡ ਵਿੱਚ ED ਦੀ ਸਮੱਗਰੀ, ਨਿਤਿਨ ਗੋਹਲ ਦੇ ਕਥਿਤ ਬਿਆਨਾਂ ਅਤੇ WhatsApp ਸਮੱਗਰੀ ਦਾ ਜ਼ਿਕਰ ਹੈ, ਜਿਸ ਵਿੱਚ ਮੁੱਖ ਮੰਤਰੀ ਦੇ OSD ਰਾਜਵੀਰ ਸਿੰਘ ਘੁੰਮਣ ਨਾਲ ਕਥਿਤ ਸੰਪਰਕ ਅਤੇ ਤਬਾਦਲੇ-ਪੋਸਟਿੰਗਾਂ ਨਾਲ ਸਬੰਧਤ ਮਾਮਲਿਆਂ ਦਾ ਜ਼ਿਕਰ ਹੋਣ ਦੀ ਗੱਲ ਸਾਹਮਣੇ ਆਈ ਹੈ। ਭਾਜਪਾ ਕਿਸੇ ਨੂੰ ਦੋਸ਼ੀ ਕਰਾਰ ਨਹੀਂ ਦੇ ਰਹੀ; ਸਾਡਾ ਸਵਾਲ ਸਿਰਫ਼ ਇਹ ਹੈ ਕਿ ਹਾਈ ਕੋਰਟ ਦੇ ਰਿਕਾਰਡ ’ਤੇ ਮੌਜੂਦ ਇਨ੍ਹਾਂ ਤੱਥਾਂ ਦੀ ਨਿਰਪੱਖ ਜਾਂਚ ਤੋਂ ਸਰਕਾਰ ਨੂੰ ਡਰ ਕਿਉਂ ਹੈ?

ਪ੍ਰੋ. ਖਿਆਲਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ‘ਕੱਟੜ ਇਮਾਨਦਾਰੀ’ ਦੇ ਵੱਡੇ ਦਾਅਵੇ ਕੀਤੇ ਸਨ। ਹੁਣ ਸਮਾਂ ਆ ਗਿਆ ਹੈ ਕਿ ਮੁੱਖ ਮੰਤਰੀ ਆਪਣੇ ਦਾਅਵਿਆਂ ਦੀ ਕਸੌਟੀ ’ਤੇ ਖਰੇ ਉਤਰਨ। ਜੇ ਉਨ੍ਹਾਂ ਦੇ OSD ਜਾਂ ਸਰਕਾਰ ਨਾਲ ਜੁੜੇ ਕਿਸੇ ਵੀ ਵਿਅਕਤੀ ਖ਼ਿਲਾਫ਼ ਕੋਈ ਗਲਤ ਗੱਲ ਨਹੀਂ ਹੈ ਤਾਂ CBI ਜਾਂਚ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਇਸ ਨੂੰ ਚੋਣੀ ਸਾਜ਼ਿਸ਼ ਕਹਿ ਕੇ ਰੱਦ ਕਰਨ ਦੀ ਕੋਸ਼ਿਸ਼। ਉਨ੍ਹਾਂ ਕਿਹਾ, “ਭਗਵੰਤ ਮਾਨ ਜੀ, ਜੇ ਸਭ ਕੁਝ ਪਾਕ-ਸਾਫ਼ ਹੈ ਤਾਂ ਜਾਂਚ ਤੋਂ ਡਰ ਕਿਉਂ? ਜੇ ਦੋਸ਼ ਝੂਠੇ ਹਨ ਤਾਂ ਜਾਂਚ ਹੋਣ ਦਿਓ, ਸੱਚ ਸਾਹਮਣੇ ਆਉਣ ਦਿਓ ਅਤੇ ਦੋਸ਼ੀਆਂ ਨੂੰ ਕਲੀਨ ਚਿੱਟ ਮਿਲਣ ਦਿਓ। ਪਰ ਜਾਂਚ ਤੋਂ ਭੱਜਣਾ ਲੋਕਾਂ ਦੇ ਮਨ ਵਿੱਚ ਹੋਰ ਵੱਡੇ ਸਵਾਲ ਪੈਦਾ ਕਰਦਾ ਹੈ।”

ਪ੍ਰੋ. ਖਿਆਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਹਰ ਗੰਭੀਰ ਮਾਮਲੇ ਨੂੰ ਚੋਣਾਂ ਨਾਲ ਜੋੜ ਕੇ ਆਪਣੀ ਜਵਾਬਦੇਹੀ ਤੋਂ ਨਹੀਂ ਬਚਣਾ ਚਾਹੀਦਾ। ਇਸ ਪੂਰੇ ਘਟਨਾਕ੍ਰਮ ਵਿੱਚ ਪੰਜਾਬ ਪੁਲਿਸ ਤੋਂ ED ਦੀ ਕਾਰਵਾਈ ਲਈ ਕੀਤੀਆਂ ਗਈਆਂ ਮੰਗਾਂ ਤੋਂ ਲੈ ਕੇ ਹਾਈ ਕੋਰਟ ਦੇ CBI ਜਾਂਚ ਦੇ ਹੁਕਮ ਤੱਕ ਕਈ ਪੜਾਅ ਹਨ। ਇਸ ਪੂਰੇ ਘਟਨਾਕ੍ਰਮ ਵਿੱਚ ਭਾਜਪਾ ਨੇ CBI ਜਾਂਚ ਸ਼ੁਰੂ ਨਹੀਂ ਕਰਵਾਈ—ਫਿਰ ‘ਭਾਜਪਾ ਦੀ ਸਾਜ਼ਿਸ਼’ ਵਾਲੀ ਕਹਾਣੀ ਕਿਉਂ ਘੜੀ ਜਾ ਰਹੀ ਹੈ? ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਰਾਜਨੀਤਿਕ ਬਹਾਨੇ ਨਹੀਂ, ਸੱਚ ਅਤੇ ਜਵਾਬਦੇਹੀ ਚਾਹੀਦੀ ਹੈ। ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ED ਦੇ ਤਿੰਨ ਪੱਤਰਾਂ ’ਤੇ ਪੰਜਾਬ ਪੁਲਿਸ ਨੇ ਕੀ ਕਾਰਵਾਈ ਕੀਤੀ, FIR ਕਿਉਂ ਨਹੀਂ ਦਰਜ ਹੋਈ ਅਤੇ ਹਾਈ ਕੋਰਟ ਸਾਹਮਣੇ ਸਰਕਾਰ ਨੇ ਕੀ ਪੱਖ ਰੱਖਿਆ। ਪ੍ਰੋ. ਖਿਆਲਾ ਨੇ ਕਿਹਾ—“ ਸਵਾਲ ਬਹੁਤ ਸਿੱਧਾ ਹੈ: ਜਾਂਚ ਤੋਂ ਡਰ ਕਿਉਂ? ਨਿਰਪੱਖ ਜਾਂਚ ਹੋਣ ਦਿਓ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣ ਦਿਓ। ਜੇ ਕੋਈ ਦੋਸ਼ੀ ਨਹੀਂ ਤਾਂ ਸਰਕਾਰ ਨੂੰ ਸਭ ਤੋਂ ਪਹਿਲਾਂ ਸੱਚ ਸਾਹਮਣੇ ਲਿਆਉਣ ਲਈ CBI ਜਾਂਚ ਦਾ ਸਵਾਗਤ ਕਰਨਾ ਚਾਹੀਦਾ ਹੈ।”

LEAVE A REPLY

Please enter your comment!
Please enter your name here