BKU ਏਕਤਾ-ਡਕੌਂਦਾ ਦੀ ਵਧਵੀਂ ਸੂਬਾਈ ਮੀਟਿੰਗ ‘ਚ ਜੱਥੇਬੰਦੀ ਨੇ ਲਏ ਅਹਿਮ ਫ਼ੈਸਲੇ

0
53

ਭਾਕਿਯੂ ਏਕਤਾ-ਡਕੌਂਦਾ ਦੀ ਵਧਵੀਂ ਸੂਬਾਈ ਮੀਟਿੰਗ ‘ਚ ਜੱਥੇਬੰਦੀ ਨੇ ਲਏ ਅਹਿਮ ਫ਼ੈਸਲੇ
10 ਮਾਰਚ ਨੂੰ ਮੰਤਰੀਆਂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਘਰਾਂ ਅੱਗੇ ਲਾਏ ਜਾਣਗੇ ਵਿਸ਼ਾਲ ਧਰਨੇ: ਮਨਜੀਤ ਧਨੇਰ
ਔਰਤਾਂ ਨੂੰ ਜਥੇਬੰਦ ਕਰਨ ਅਤੇ ਸੰਘਰਸ਼ਾਂ ਵਿੱਚ ਸ਼ਮੂਲੀਅਤ ਕਰਵਾਉਣ ਲਈ ਕੀਤੇ ਜਾਣਗੇ ਵਿਸ਼ੇਸ਼ ਉਪਰਾਲੇ: ਹਰਨੇਕ ਮਹਿਮਾ
ਸਰਕਾਰੀ ਜ਼ਬਰ ਨੂੰ ਲੋਕਾਂ ਦੀ ਜਥੇਬੰਦਕ ਤਾਕਤ ਅਤੇ ਏਕੇ ਦੇ ਜ਼ੋਰ ਨਾਲ ਦਿਆਂਗੇ ਮਾਤ: ਗੁਰਦੀਪ ਰਾਮਪੁਰਾ

ਬਰਨਾਲਾ, 9 ਮਾਰਚ, 2025:

ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ ਦੀ ਵਧਵੀਂ ਸੂਬਾਈ ਮੀਟਿੰਗ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਬਰਨਾਲਾ ਵਿਖੇ ਹੋਈ ਜਿਸ ਵਿੱਚ 14 ਜ਼ਿਲ੍ਹਿਆਂ ਦੇ ਪ੍ਰਧਾਨ ਸਕੱਤਰਾਂ ਅਤੇ ਹੋਰ ਅਹੁਦੇਦਾਰਾਂ ਸਮੇਤ ਬਲਾਕਾਂ ਦੇ ਅਹੁਦੇਦਾਰ ਸ਼ਾਮਿਲ ਹੋਏ।

ਮੀਟਿੰਗ ਨੇ 5 ਮਾਰਚ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਚੰਡੀਗੜ੍ਹ ਵੱਲ ਕੂਚ ਕਰਨ ਦੇ ਪ੍ਰੋਗਰਾਮ ਵਿੱਚ ਜਥੇਬੰਦੀ ਦੀ ਸ਼ਮੂਲੀਅਤ ਦਾ ਰਿਵਿਊ ਕੀਤਾ। ਸਾਰੇ ਜ਼ਿਲ੍ਹਿਆਂ ਤੋਂ ਗ੍ਰਿਫ਼ਤਾਰੀਆਂ ਅਤੇ ਟਰਾਲੀਆਂ ਦੀ ਗਿਣਤੀ ਦੀ ਰਿਪੋਰਟ ਲਈ ਗਈ। ਹਕੂਮਤੀ ਦਹਿਸ਼ਤ ਦੇ ਬਾਵਜੂਦ ਵੀ ਭਾਕਿਯੂ ਏਕਤਾ -ਡਕੌਂਦਾ ਦੇ ਹਜ਼ਾਰਾਂ ਜੁਝਾਰੂ ਕਾਫ਼ਲਿਆਂ ਵੱਲੋਂ ਮੈਦਾਨ ਵਿੱਚ ਨਿੱਤਰਨ ਨੂੰ ਸੂਬਾ ਆਗੂਆਂ ਨੇ ਜੁਝਾਰੂ ਸਲਾਮ ਆਖੀ। ਇਸ ਸੰਘਰਸ਼ ਵਿੱਚ ਜਥੇਬੰਦੀ ਦੇ 24 ਪ੍ਰਮੁੱਖ ਆਗੂਆਂ ਤੋਂ ਇਲਾਵਾ ਪਿੰਡ ਕਮੇਟੀਆਂ ਦੇ ਸੈਂਕੜੇ ਆਗੂ ਗ੍ਰਿਫ਼ਤਾਰ ਕੀਤੇ ਗਏ ਸਨ। ਮੀਟਿੰਗ ਵਿੱਚ ਗ੍ਰਿਫ਼ਤਾਰੀਆਂ ਦੇਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ।

ਮੀਟਿੰਗ ਨੇ ਸਰਬ ਸੰਮਤੀ ਨਾਲ ਮਹਿਸੂਸ ਕੀਤਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਕੇਂਦਰ ਦੀ ਮੋਦੀ ਹਕੂਮਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਸਾਨ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਦੇ ਰਾਹ ‘ਤੇ ਚੱਲ ਰਹੀ ਹੈ। ਇਸੇ ਕਰਕੇ ਉਸ ਨੇ ਜਾਣ ਬੁੱਝ ਕੇ ਮੀਟਿੰਗ ਤੋੜੀ ਅਤੇ 5 ਮਾਰਚ ਦੇ ਪ੍ਰੋਗਰਾਮ ਨੂੰ ਅਸਫ਼ਲ ਕਰਨ ਲਈ ਸੈਂਕੜੇ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਅਤੇ ਥਾਂ ਥਾਂ ਨਾਕੇ ਲਗਾ ਕੇ ਪ੍ਰੋਗਰਾਮ ਨੂੰ ਫੇਲ੍ਹ ਕਰਨ ਦਾ ਭਰਮ ਪਾਲਿਆ। 5 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਟਰਾਲੀਆਂ ਅਤੇ ਗੱਡੀਆਂ ਦੇ ਕਾਫ਼ਲਿਆਂ ਨਾਲ ਨਿਕਲੇ ਹਜ਼ਾਰਾਂ ਲੋਕਾਂ ਨੇ ਭਗਵੰਤ ਮਾਨ ਸਰਕਾਰ ਨੂੰ ਇਹ ਯਾਦ ਕਰਵਾ ਦਿੱਤਾ ਹੈ ਕਿ ਪੰਜਾਬ ਦੇ ਲੋਕ ਕਿਸ ਮਿੱਟੀ ਦੇ ਬਣੇ ਹੋਏ ਹਨ। ਇਸ ਦਿਨ ਅਨੇਕਾਂ ਥਾਵਾਂ ਤੇ ਸਥਾਪਿਤ ਹੋਏ ਮੋਰਚਿਆਂ ਨੇ ਭਗਵੰਤ ਮਾਨ ਸਰਕਾਰ ਨੂੰ ਝੁਕਣ ਲਈ ਮਜ਼ਬੂਰ ਕੀਤਾ ਅਤੇ ਸਾਰੇ ਗ੍ਰਿਫ਼ਤਾਰ ਕਿਸਾਨ ਆਗੂਆਂ ਨੂੰ 24 ਘੰਟੇ ਦੇ ਅੰਦਰ ਅੰਦਰ ਰਿਹਾਅ ਕਰਨਾ ਪਿਆ। ਸੰਘਰਸ਼ ਦੇ ਇਸੇ ਦਬਾਅ ਦੇ ਚਲਦਿਆਂ ਸਰਕਾਰ ਵੱਲੋਂ ਸੰਯੁਕਤ ਕਿਸਾਨ ਮੋਰਚੇ ਨਾਲ ਦੁਬਾਰਾ ਗੱਲਬਾਤ ਸ਼ੁਰੂ ਕਰਨ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।

ਮੀਟਿੰਗ ਵਿੱਚ 10 ਮਾਰਚ ਦੇ ਪ੍ਰੋਗਰਾਮ ਨੂੰ ਸਫ਼ਲ ਕਰਨ ਲਈ ਸਾਰੇ ਜ਼ਿਲਿਆਂ ਤੋਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਅੱਗੇ ਧਰਨੇ ਦੇਣ ਦੇ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ। 8 ਮਾਰਚ ਨੂੰ ਕੌਮਾਂਤਰੀ ਇਸਤਰੀ ਦਿਵਸ ਹੋਣ ਕਰਕੇ ਕਿਸਾਨ ਸੰਘਰਸ਼ਾਂ ਅਤੇ ਜਥੇਬੰਦੀ ਅੰਦਰ ਔਰਤਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਫ਼ੈਸਲਾ ਕੀਤਾ ਗਿਆ ਕਿ ਪਿੰਡ ਪੱਧਰ ਤੋਂ ਲੈ ਕੇ ਸੂਬਾ ਪੱਧਰ ਤੱਕ ਔਰਤਾਂ ਨੂੰ ਜਥੇਬੰਦ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।

ਮੀਟਿੰਗ ਵਿੱਚ ਸੂਬਾ ਜਥੇਬੰਦਕ ਸਕੱਤਰ ਕੁਲਵੰਤ ਸਿੰਘ ਕਿਸ਼ਨਗੜ੍ਹ, ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ , ਮੀਤ ਪ੍ਰਧਾਨ ਹਰੀਸ਼ ਨੱਢਾ ਲਾਧੂਕਾ, ਖਜ਼ਾਨਚੀ ਗੁਰਦੇਵ ਸਿੰਘ ਮਾਂਗੇਵਾਲ, ਸੂਬਾ ਕਮੇਟੀ ਮੈਂਬਰ ਕਰਮਜੀਤ ਸਿੰਘ ਰਾਮ ਨਗਰ ਛੰਨਾਂ ਤੋਂ ਇਲਾਵਾ 14 ਜ਼ਿਲ੍ਹਿਆਂ ਅਤੇ ਸਾਰੇ ਬਲਾਕਾਂ ਦੇ ਅਹੁਦੇਦਾਰਾਂ ਨੇ ਭਗਵੰਤ ਮਾਨ ਦੇ ਬਿਆਨ ਕਿ ਕਿਸਾਨਾਂ ਦੀਆਂ ਮੰਗਾਂ ਕੇਂਦਰ ਨਾਲ ਸਬੰਧਤ ਹਨ, ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਮੁੱਖ ਮੰਤਰੀ ਦਾ ਅਜਿਹੇ ਬਿਆਨ ਆਪਣੇ ਆਪਾ ਵਿਰੋਧੀ ਹੈ। ਇੱਕ ਪਾਸੇ ਮੁੱਖ ਮੰਤਰੀ ਖੁਦ ਸਵੀਕਾਰ ਕਰਦਾ ਹੈ ਕਿ 8-9 ਮੰਗਾਂ ਵਿਚਾਰੀਆਂ ਗਈਆਂ, ਸਰਕਾਰ ਨੇ ਸਹਿਮਤੀ ਜ਼ਾਹਰ ਕੀਤੀ। ਆਗੂਆਂ ਸਵਾਲ ਕੀਤਾ ਕਿ ਜੇਕਰ ਮੰਗਾਂ ਕੇਂਦਰ ਸਰਕਾਰ ਨਾਲ ਸਬੰਧਤ ਸਨ ਤਾਂ ਮੁੱਖ ਮੰਤਰੀ ਨੇ ਮੰਗਾਂ ਉੱਪਰ ਸਹਿਮਤੀ ਕਿਸ ਗੱਲ ਦੀ ਦਿੱਤੀ। ਆਗੂਆਂ ਕਿਹਾ ਅਜਿਹੀਆਂ ਊਲ ਜਲੂਲ ਗੱਲਾਂ ਬੰਦ ਕਰਕੇ ਗੱਲਬਾਤ ਦਾ ਰਸਤਾ ਮੁੜ ਸ਼ੁਰੂ ਕਰੇ ਨਹੀਂ ਤਾਂ ਐਸਕੇਐਮ 15 ਮਾਰਚ ਦੀ ਮੀਟਿੰਗ ਵਿੱਚ ਅਗਲੇ ਘੋਲ ਐਕਸ਼ਨ ਦਾ ਸੱਦਾ ਦੇਵੇਗਾ।

LEAVE A REPLY

Please enter your comment!
Please enter your name here