ਤ੍ਰਿਨੀਦਾਦ ਦੇ ਬ੍ਰਾਇਨ ਲਾਰਾ ਸਟੇਡੀਅਮ ‘ਚ ਖੇਡੇ ਗਏ ਪਹਿਲੇ ਟੀ-20 ‘ਚ ਟੀਮ ਇੰਡੀਆ ਨੇ ਵੈਸਟਇੰਡੀਜ਼ ਨੂੰ 68 ਦੌੜਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਨੇ ਪਹਿਲਾਂ ਖੇਡਦਿਆਂ ਵੈਸਟਇੰਡੀਜ਼ ਨੂੰ 191 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਦੇ ਜਵਾਬ ‘ਚ ਮੇਜ਼ਬਾਨ ਟੀਮ ਨਿਰਧਾਰਤ ਓਵਰਾਂ ‘ਚ ਅੱਠ ਵਿਕਟਾਂ ‘ਤੇ 122 ਦੌੜਾਂ ਹੀ ਬਣਾ ਸਕੀ। ਵੈਸਟਇੰਡੀਜ਼ ਦੇ ਪਾਵਰ ਹਿਟਰ ਬੱਲੇਬਾਜ਼ ਭਾਰਤੀ ਸਪਿਨਰਾਂ ਦੇ ਸਾਹਮਣੇ ਬੇਵੱਸ ਨਜ਼ਰ ਆਏ। ਆਰ ਅਸ਼ਵਿਨ ਨੇ ਆਪਣੇ ਚਾਰ ਓਵਰਾਂ ਵਿੱਚ ਸਿਰਫ਼ 22 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਦੂਜੇ ਪਾਸੇ ਨੌਜਵਾਨ ਰਵੀ ਬਿਸ਼ਨੋਈ ਨੇ ਆਪਣੇ ਕੋਟਾ ਓਵਰਾਂ ਵਿੱਚ 26 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਇਸ ਤੋਂ ਇਲਾਵਾ ਰਵਿੰਦਰ ਜਡੇਜਾ ਨੂੰ ਇਕ ਵਿਕਟ ਮਿਲੀ।
ਭਾਰਤ ਵੱਲੋਂ ਮਿਲੇ 191 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਕੈਰੇਬੀਆਈ ਟੀਮ ਨੂੰ ਸਲਾਮੀ ਬੱਲੇਬਾਜ਼ ਕਾਈਲ ਮੇਅਰਜ਼ ਨੇ ਤੂਫ਼ਾਨੀ ਸ਼ੁਰੂਆਤ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ 6 ਗੇਂਦਾਂ ਵਿੱਚ 15 ਦੌੜਾਂ ਬਣਾ ਕੇ ਆਊਟ ਹੋ ਗਏ। ਉਹਨਾਂ ਨੇ ਦੋ ਚੌਕੇ ਤੇ ਇਕ ਛੱਕਾ ਲਗਾਇਆ। ਇਸ ਤੋਂ ਬਾਅਦ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰਨ ਆਏ ਜੇਸਨ ਹੋਲਡਰ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ।ਵੈਸਟਇੰਡੀਜ਼ ਦੀ ਟੀਮ ਇਨ੍ਹਾਂ ਸ਼ੁਰੂਆਤੀ ਝਟਕਿਆਂ ਤੋਂ ਉਭਰ ਨਹੀਂ ਸਕੀ। ਇਸ ਤੋਂ ਬਾਅਦ ਸ਼ਮਰਾਹ ਬਰੂਕਸ 15 ਗੇਂਦਾਂ ਵਿੱਚ 20 ਦੌੜਾਂ ਬਣਾ ਕੇ ਅਤੇ ਕਪਤਾਨ ਨਿਕੋਲਸ ਪੂਰਨ 15 ਗੇਂਦਾਂ ਵਿੱਚ 18 ਦੌੜਾਂ ਬਣਾ ਕੇ ਆਊਟ ਹੋ ਗਏ। ਇੱਥੋਂ ਟੀਮ ਇੰਡੀਆ ਦੀ ਜਿੱਤ ਪੱਕੀ ਹੋ ਗਈ।