India-Afghanistan Ties: ਅਫਗਾਨਿਸਤਾਨ ‘ਚ ਲੋਕਤੰਤਰੀ ਸਰਕਾਰ ਦਾ ਤਖਤਾ ਪਲਟ ਕੇ ਸੱਤਾ ‘ਚ ਆਏ ਤਾਲਿਬਾਨ (Taliban) ਆਪਣੀਆਂ ਆਰਥਿਕ ਲੋੜਾਂ ਪੂਰੀਆਂ ਕਰਨ ਲਈ ਵਿਦੇਸ਼ਾਂ ਨਾਲ ਸਬੰਧ ਸੁਧਾਰਨ ‘ਤੇ ਜ਼ੋਰ ਦੇ ਰਹੇ ਹਨ। ਇਸੇ ਸਿਲਸਿਲੇ ‘ਚ ਤਾਲਿਬਾਨ ਨੇ ਵੀਰਵਾਰ ਨੂੰ ਭਾਰਤ ਦੇ ਕੇਂਦਰੀ ਬਜਟ 2023-24 ਦਾ (Indian Budget 2023-24) ਸੁਆਗਤ ਕਰਦੇ ਹੋਏ ਕਿਹਾ ਕਿ ਅਫਗਾਨਿਸਤਾਨ ਨੂੰ ਭਾਰਤ ਦੀ ਮਦਦ ਦੇ ਐਲਾਨ ਨਾਲ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਅਤੇ ਵਿਸ਼ਵਾਸ ਨੂੰ ਬਿਹਤਰ ਬਣਾਉਣ ‘ਚ ਮਦਦ ਮਿਲੇਗੀ। ਤਾਲਿਬਾਨ ਸਰਕਾਰ ਨੇ ਭਾਰਤ ਤੋਂ ਮਿਲੀ ਮਦਦ ਲਈ ਭਾਰਤ ਸਰਕਾਰ ਦੀ ਤਾਰੀਫ਼ ਕੀਤੀ ਹੈ। ਭਾਰਤ ਵਿੱਚ, ਕੇਂਦਰੀ ਬਜਟ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਅਫਗਾਨਿਸਤਾਨ ਲਈ 200 ਕਰੋੜ ਰੁਪਏ ਦੇ ਵਿਕਾਸ ਸਹਾਇਤਾ ਪੈਕੇਜ ਦਾ ਐਲਾਨ ਕੀਤਾ ਗਿਆ ਸੀ। ਸੀਤਾਰਮਨ ਨੇ ਬੁੱਧਵਾਰ ਸਵੇਰੇ 11 ਵਜੇ ਆਪਣਾ ਬਜਟ ਭਾਸ਼ਣ ਦਿੱਤਾ, ਜੋ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਪੂਰਾ ਬਜਟ ਸੀ। ਪਿਛਲੇ ਦੋ ਕੇਂਦਰੀ ਬਜਟਾਂ ਵਾਂਗ, 2023-24 ਦਾ ਬਜਟ ਵੀ ਕਾਗਜ਼ ਰਹਿਤ ਰੂਪ ਵਿੱਚ ਪੇਸ਼ ਕੀਤਾ ਗਿਆ ਸੀ।
ਗੌਰਤਲਬ ਹੈ ਕਿ ਜਦੋਂ ਅਗਸਤ 2021 ਵਿੱਚ ਤਾਲਿਬਾਨ ਨੇ ਕਾਬੁਲ ਵਿੱਚ ਸੱਤਾ ’ਤੇ ਕਬਜ਼ਾ ਕੀਤਾ ਤਾਂ ਅਫਗਾਨਿਸਤਾਨ ਅਤੇ ਭਾਰਤ ਵਿਚਾਲੇ ਸਬੰਧ ਤਣਾਅਪੂਰਨ ਹੋ ਗਏ ਸਨ ਅਤੇ ਭਾਰਤ ਦੇ ਸਹਿਯੋਗ ਦੀਆਂ ਜ਼ਿਆਦਾਤਰ ਪਹਿਲਕਦਮੀਆਂ ਰੁਕ ਗਈਆਂ ਸਨ। ਇਸ ਬਾਰੇ ਸ਼ਾਹੀਨ ਨੇ ਕਿਹਾ, “ਅਫਗਾਨਿਸਤਾਨ ਵਿੱਚ ਅਜਿਹੇ ਕਈ ਪ੍ਰੋਜੈਕਟ ਸਨ, ਜਿਨ੍ਹਾਂ ਨੂੰ ਭਾਰਤ ਫੰਡਿੰਗ ਕਰ ਰਿਹਾ ਸੀ। ਜੇ ਭਾਰਤ ਇਹਨਾਂ ਪ੍ਰੋਜੈਕਟਾਂ ‘ਤੇ ਦੁਬਾਰਾ ਕੰਮ ਸ਼ੁਰੂ ਕਰਦਾ ਹੈ ਤਾਂ ਇਸ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੁਲਾਰਾ ਮਿਲੇਗਾ ਅਤੇ ਅਵਿਸ਼ਵਾਸ ਖਤਮ ਹੋਵੇਗਾ।”