Kartarpur Corridor Re-Open: ਲਗਪਗ ਵੀਹ ਮਹੀਨਿਆਂ ਬਾਅਦ ਸਿੱਖ ਸ਼ਰਧਾਲੂਆਂ ਦੀ ਕਾਮਨਾ ਪੂਰੀ ਹੋਈ। ਪਾਕਿਸਤਾਨ ‘ਚ ਸਥਿਤ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਲਈ ਕੋਰੀਡੋਰ ਖੁੱਲ੍ਹ ਗਿਆ। ਰਜਿਸਟ੍ਰੇਸ਼ਨ ਹੁੰਦੇ ਹੀ ਪਹਿਲਾਂ ਜੱਥਾ ਦਰਸ਼ਨ ਲਈ ਪਹੁੰਚ ਗਿਆ। ਪਾਕਿਸਤਾਨ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਸ਼ਰਧਾਲੂਆਂ ਦਾ ਫੁੱਲਾਂ ਦੇ ਹਾਰ ਪਾ ਕੇ ਸੁਵਾਗਤ ਕੀਤਾ ਗਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਤੋਂ ਠੀਕ ਪਹਿਲਾਂ ਦਰਬਾਰ ਸਾਹਿਬ ਰੋਸ਼ਨੀ ਨਾਲ ਜਗਮਗਾ ਰਿਹਾ ਹੈ। ਇਸ ਖਾਸ ਮੌਕੇ ‘ਤੇ ਅਰਦਾਸ ਤੇ ਕੀਰਤਨ ‘ਚ ਵੀ ਸ਼ਰਧਾਲੂ ਸ਼ਾਮਲ ਹੋਏ। ਆਓ ਜਾਣਦੇ ਹਾਂ ਦਰਬਾਰ ਸਾਹਿਬ ਦੇ ਬਾਰੇ..
ਕਰਤਾਰਪੁਰ ਸਿੱਖਾਂ ਦਾ ਪਵਿੱਤਰ ਸਥਾਨ ਹੈ ਜੋ ਇਸ ਸਮੇਂ ਪਾਕਿਸਤਾਨ ‘ਚ ਹੈ। ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਆਖਰੀ ਸਮਾਂ ਇੱਥੇ ਹੀ ਬਿਤਾਇਆ ਸੀ ਪਰ ਪਕਿਸਤਾਨ ‘ਚ ਹੋਣ ਕਾਰਨ ਇੱਥੇ ਦਰਸ਼ਨ ਕਰਨ ‘ਚ ਮੁਸ਼ਕਲ ਆਉਂਦੀ ਸੀ। ਇਸ ਨੂੰ ਕਰਤਾਰਪੁਰ ਕੋਰੀਡੋਰ ਰਾਹੀਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕੁਝ ਸਾਲ ਪਹਿਲਾਂ ਭਾਰਤ ਦੇ ਸਿੱਖ ਸ਼ਰਧਾਲੂ ਸਿਰਫ ਦੂਰਬੀਨ ਨਾਲ ਦਰਬਾਰ ਸਾਹਿਬ ਦੇ ਦਰਸ਼ਨ ਕਰਿਆ ਕਰਦੇ ਸੀ, ਪਰ ਕਰਤਾਰਪੁਰ ਕੋਰੀਡੋਰ ਖੁੱਲ੍ਹਣ ਨਾਲ ਉਹ ਹੁਣ ਸਿੱਧੇ ਦਰਬਾਰ ਸਾਹਿਬ ‘ਚ ਜਾ ਕੇ ਮੱਥਾ ਟੇਕ ਸਕਦੇ ਹਨ।
ਕੀ ਹੈ ਕਰਤਾਰਪੁਰ ਕੋਰੀਡੋਰ?
ਕਰਤਾਰਪੁਰ ਕੋਰੀਡੋਰ ਦਾ ਇੱਕ ਹਿੱਸਾ ਭਾਰਤ ‘ਚ ਹੈ। ਇਸ ਨੂੰ ਪੰਜਾਬ ਦੇ ਗੁਰਦਾਰਸਪੁਰ ‘ਚ ਡੇਰਾ ਬਾਬਾ ਨਾਨਕ ਨਾਲ ਜੋੜਿਆ ਗਿਆ ਹੈ। ਦੂਜੇ ਪਾਸੇ ਪਾਕਿਸਤਾਨ ‘ਚ ਦਰਬਾਰ ਸਾਹਿਬ ਗੁਰਦੁਆਰਾ ਹੈ ਜਿਸ ਦੀ ਦੂਰੀ 4 ਕਿਲੋਮੀਟਰ ਹੈ। ਕੋਰੀਡੋਰ ਦੀ ਕੁੱਲ ਲੰਬਾਈ ਲਗਪਗ ਪੰਜ ਕਿਲੋਮੀਟਰ ਹੈ। ਇਸ ਕੋਰੀਡੋਰ ਰਾਹੀਂ ਦਰਸ਼ਨ ਕਰਨ ਲਈ ਵੀਜ਼ਾ ਦੀ ਜ਼ਰੂਰਤ ਨਹੀਂ ਪੈਂਦੀ। 9 ਨਵੰਬਰ 2019 ਨੂੰ ਇਸ ਕੋਰੀਡੋਰ ਦਾ ਉਦਘਾਟਨ ਹੋਇਆ ਸੀ ਹਾਲਾਂਕਿ 16 ਮਾਰਚ 2020 ਨੂੰ ਕੋਰੋਨਾ ਫੈਲਣ ਕਾਰਨ ਇਸ ਕੋਰੀਡੋਰ ਨੂੰ ਬੰਦ ਕਰਨਾ ਪਿਆ ਸੀ।
ਕੀ ਹੈ ਧਾਰਮਿਕ ਮਹੱਤਵ?
ਕਰਤਾਰਪੁਰ ਸਾਹਿਬ ਗੁਰਦੁਆਰਾ ਸਿੱਖਾਂ ਦਾ ਪਵਿੱਤਰ ਤੀਰਥ ਸਥਾਨ ਹੈ। ਮੰਨਿਆ ਜਾਂਦਾ ਹੈ ਕਿ 1522 ‘ਚ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਨੇ ਇਸ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਨੇ ਆਪਣੇ ਜੀਵਨ ਦੇ ਆਖਰੀ ਸਾਲ ਇੱਥੇ ਬਿਤਾਏ ਸੀ। ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ 17-18 ਸਾਲ ਇੱਥੇ ਗੁਜ਼ਾਰੇ ਸੀ। ਇੱਥੇ ਹੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਸੀ।
ਭਾਰਤ–ਪਕਿਸਤਾਨ ਦੀ ਵੰਡ ਸਮੇਂ ਕਰਤਾਰਪੁਰ ਦਾ ਇਲਾਕਾ ਪਕਿਸਤਾਨ ‘ਚ ਚਲਾ ਗਿਆ ਸੀ। ਕਹਿੰਦੇ ਹਨ ਕਿ ਵੰਡ ਸਮੇਂ ਇਕ ਅੰਗਰੇਜ਼ ਵਕੀਲ ਦੀ ਗਲਤੀ ਨਾਲ ਪਾਕਿਸਤਾਨ ਦੇ ਹਿੱਸੇ ‘ਚ ਚਲਾ ਗਿਆ ਸੀ। ਜ਼ਿਰਕਯੋਗ ਹੈ ਕਿ ਰਾਵੀ ਨਦੀ ਨੂੰ ਬਾਰਡਰ ਮੰਨਿਆ ਗਿਆ ਜਿਸ ਦੇ ਚੱਲਦਿਆਂ ਕਰਤਾਰਪੁਰ ਦਾ ਇਲਾਕਾ ਪਾਕਿਸਤਾਨ ਨੂੰ ਸੌਂਪ ਦਿੱਤਾ ਗਿਆ।