PAU ਦਾ ਡੈਲੀਗੇਸ਼ਨ ਪਹੁੰਚਿਆ ਅਮਰੀਕਾ

0
46

ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜਨੋ (ਕੈਲੀਫੋਰਨੀਆਂ)

ਕੈਲੀਫੋਰਨੀਆਂ ਸਟੇਟ ਦਾ ਫਰਿਜਨੋ ਸ਼ਹਿਰ, ਜਿਸਨੂੰ ਪੰਜਾਬੀਆਂ ਦੀ ਸੰਘਣੀ ਵੱਸੋਂ ਕਰਕੇ ਮਿੰਨੀ ਪੰਜਾਬ ਦੇ ਤੌਰ ਤੇ ਜਾਣਿਆ ਜਾਂਦਾ ਹੈ। ਇੱਥੇ ਪੰਜਾਬੀ ਵੱਡੀ ਗਿਣਤੀ ਵਿੱਚ ਕਿਰਸਾਨੀ ਦੇ ਕਿੱਤੇ ਨਾਲ ਜੁੜੇ ਹੋਏ ਹਨ। ਸੌਗੀ ਕਿੰਗ ਦੇ ਤੌਰ ਤੇ ਜਾਣੇ ਜਾਂਦੇ ਚਰਨਜੀਤ ਸਿੰਘ ਬਾਠ ਹਜ਼ਾਰਾਂ ਏਕੜ ਦੀ ਖੇਤੀ ਕਰਦੇ ਕਰਕੇ ਦੁਨੀਆਂ ਭਰ ਵਿੱਚ ਨਾਮ ਕਮਾ ਚੁੱਕੇ ਹਨ। ਲੰਘੇ ਮੰਗਲਵਾਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ (PAU) ਤੋਂ ਇੱਕ ਡੈਲੀਗੇਸ਼ਨ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਦੀ ਅਗਵਾਈ ਵਿੱਚ ਫਰਿਜਨੋ ਪਹੁੰਚਿਆ, ਉਹਨਾਂ ਦੇ ਨਾਲ ਡਾ. ਮਾਨਵ ਇੰਦਰਾ ਸਿੰਘ ਗਿੱਲ, ਡਾ. ਮਨਜੀਤ ਸਿੰਘ ਮੱਕੜ, ਡਾ. ਵਿਸ਼ਾਲ ਬੈਕਟਰ, ਡਾ. ਅਜਮੇਰ ਸਿੰਘ ਢੱਟ ਆਦਿ ਪਹੁੰਚੇ ਹੋਏ ਸਨ। ਇਸ ਮੌਕੇ ਮੁੱਖ ਰੂਪ ਵਿੱਚ ਉਹ ਫਰਿਜ਼ਨੋ ਸਟੇਟ ਯੂਨੀਵਰਸਿਟੀ ਨਾਲ ਸਿਸਟਰ ਯੂਨੀਵਰਸਿਟੀ ਪ੍ਰੋਜੈਕਟ ਨੂੰ ਅੱਗੇ ਵਧਾਉਣ ਲਈ ਗੱਲਬਾਤ ਕਰਨ ਲਈ ਪਹੁੰਚੇ ਹੋਏ ਸਨ। ਇਸ ਫੇਰੀ ਤਹਿਤ ਵਿਦਿਆਰਥੀਆਂ ਦੀ ਅਦਲਾ-ਬਦਲੀ ਤੋਂ ਲੈਕੇ ਖੇਤੀ ਨੂੰ ਪ੍ਰਫੁਲਤ ਕਰਨ ਸਬੰਧੀ ਸਮਝੌਤੇ ਸ਼ਾਮਲ ਹਨ। ਫਰਿਜਨੋ ਤੋ ਡਾ. ਗੁਰਰੀਤ ਸਿੰਘ ਬਰਾੜ, ਡਾ. ਰਣਜੀਤ ਸਿੰਘ ਰਿਆੜ, ਡਾ. ਅਰਜਨ ਸਿੰਘ ਜੋਸਨ, ਕਿਰਸਾਨ ਚਰਨਜੀਤ ਸਿੰਘ ਬਾਠ, ਗੈਰੀ ਚਾਹਲ, ਕਿਰਸਾਨ ਕੇਵਲ ਸਿੰਘ ਬਾਸੀ ਆਦਿ ਨੇ ਸਾਰੇ ਸਮਾਗਮਾਂ ਨੂੰ ਅੱਛੇ ਤਰੀਕੇ ਨਾਲ ਕੋਆਰਡੀਨੇਟ ਕੀਤਾ। ਇਸ ਮੌਕੇ ਜਿੱਥੇ ਪੀਏਯੂ ਡੈਲੀਗੇਸ਼ਨ ਨੇ ਫਰਿਜਨੋ ਸਟੇਟ ਯੂਨੀਵਰਸਿਟੀ ਦਾ ਦੌਰਾ ਕੀਤਾ, ਓਥੇ ਚਰਨਜੀਤ ਸਿੰਘ ਬਾਠ ਦੇ ਫਾਰਮ ਤੇ ਵੀ ਵਿੱਜ਼ਟ ਕੀਤਾ। ਮਹਿਮਾਨਾਂ ਦੀ ਮਹਿਮਾਨ ਨਿਵਾਜੀ ਲਈ ਇੱਕ ਵਿਸ਼ੇਸ਼ ਸਮਾਗਮ ਦਾ ਅਯੋਜਨ ਫਰਿਜਨੋ ਦੇ ਮਸ਼ਹੂਰ ਰੈਸਟੋਰੈਂਟ ਇੰਡੀਆ ਕਬਾਬ ਪਲੇਸ ਵਿੱਚ ਰੱਖਿਆ ਗਿਆ।

 

ਜਿੱਥੇ ਫਰਿਜਨੋ ਸਿਟੀ ਦੇ ਮੇਅਰ ਜੈਰੀ ਡਾਇਰ, ਕਾਂਗਰਸਮੈਨ ਜਿੰਮ ਕੌਸਟਾ ਅਤੇ ਫਰਿਜਨੋ ਸਟੇਟ ਯੂਨੀਵਰਸਿਟੀ ਦੇ ਡੀਨ ਪਹੁੰਚੇ ਹੋਏ ਸਨ। ਸਮਾਗਮ ਦੀ ਸ਼ੁਰੂਆਤ ਪਿਸ਼ੌਰਾ ਸਿੰਘ ਢਿੱਲੋ ਨੇ ਸਭਨਾਂ ਨੂੰ ਨਿੱਘੀ ਜੀ ਆਇਆ ਆਖਕੇ ਕੀਤੀ। ਉਪਰੰਤ ਡਾ. ਗੁਰਰੀਤ ਸਿੰਘ ਬਰਾੜ ਨੇ ਮਹਿਮਾਨਾਂ ਦੀ ਜਾਣ ਪਹਿਚਾਣ ਕਰਵਾਈ। ਇਸ ਮੌਕੇ ਉੱਘੇ ਵਿਗਿਆਨੀ ਡਾ. ਗੁਰਦੇਵ ਸਿੰਘ ਖੁਸ਼ ਨੇ ਵੀ ਆਪਣੇ ਵਿਚਾਰ ਰੱਖੇ। ਮੇਅਰ ਜੈਰੀ ਡਾਇਰ ਤੇ ਕਾਂਗਰਸਮੈਂਨ ਜਿੰਮ ਕੌਸਟਾ ਨੇ ਪੀਏਯੂ ਵਫ਼ਦ ਨੂੰ ਸਨਮਾਨ ਚਿੰਨ ਭੇਂਟ ਕੀਤੇ। ਆਪਣੇ ਭਾਸ਼ਨ ਦੌਰਾਨ  ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਸਿਸਟਰ ਪ੍ਰੋਜੈਕਟ ਤੇ ਚਾਨਣਾ ਪਾਇਆ ‘ਤੇ ਪੀਏਯੂ ਦੀਆਂ ਪ੍ਰਾਪਤੀਆਂ ਆਏ ਮਹਿਮਾਨਾਂ ਨਾਲ ਸਾਂਝੀਆਂ ਕੀਤੀਆਂ। ਅਖੀਰ ਵਿੱਚ ਡਾ. ਵਿਸ਼ਾਲ ਬੈਕਟਰ ਨੇ ਸਭਨਾਂ ਦਾ ਧੰਨਵਾਦ ਕੀਤਾ। ਡਾ. ਮਨਜੀਤ ਸਿੰਘ ਮੱਕੜ ਤੇ ਡਾ. ਅਜਮੇਰ ਸਿੰਘ ਢੱਟ ਨੇ ਆਪਣੀ ਅਮਰੀਕਾ ਫੇਰੀ ਦੇ ਵਲਵਲੇ ਪੱਤਰਕਾਰਾਂ ਨਾਲ ਸਾਂਝੇ ਕੀਤੇ। ਡਾ. ਇੰਦਰਜੀਤ ਸਿੰਘ ਚਾਹਲ ਨੇ ਬੇਏਰੀਏ ਤੋਂ ਸਮਾਗਮ ਵਿੱਚ ਸ਼ਿਰਕਤ ਕਰਕੇ ਪ੍ਰੋਗ੍ਰਾਮ ਨੂੰ ਹੋਰ ਵੀ ਚਾਰ ਚੰਨ ਲਾਏ। ਇਸ ਸਮਾਗਮ ਵਿੱਚ ਫਰਿਜਨੋ ਏਰੀਏ ਦੀ ਕ੍ਰੀਮ ਪਹੁੰਚੀ ਹੋਈ ਸੀ। ਅਖੀਰ ਰਾਤਰੀ ਦੇ ਸੁਆਦਇਸ਼ਟ ਖਾਣੇ ਮਗਰੋਂ ਅਮਿੱਟ ਪੈੜਾਂ ਛੱਡਦਾ ਇਹ ਪ੍ਰੋਗ੍ਰਾਮ ਯਾਦਗਾਰੀ ਹੋ ਨਿੱਬੜਿਆ।

LEAVE A REPLY

Please enter your comment!
Please enter your name here