Punjab Election -ਪੰਜਾਬ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਪਾਰਟੀ ‘ਤੇ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਦਾ ਐਲਾਨ ਕਰਨ ਦਾ ਦਬਾਅ ਵਧਦਾ ਜਾ ਰਿਹਾ ਹੈ। ਸੀਐਮ ਉਮੀਦਵਾਰ ਦੀ ਦੌੜ ‘ਚ ਚਰਨਜੀਤ ਚੰਨੀ ਬਾਕੀ ਆਗੂਆਂ ਨਾਲੋਂ ਕਾਫੀ ਅੱਗੇ ਨਜ਼ਰ ਆ ਰਹੇ ਹਨ। ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਆਪਣੀ ਹੀ ਪਾਰਟੀ ਦੇ ਆਗੂਆਂ ਦੇ ਸਰਵੇ ‘ਚ ਬੁਰੀ ਤਰ੍ਹਾਂ ਪਛੜ ਗਏ ਹਨ।
ਰਾਹੁਲ ਗਾਂਧੀ ਦੇ ਕਰੀਬੀ ਨਿਖਿਲ ਅਲਵਾ ਨੇ ਟਵਿੱਟਰ ‘ਤੇ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਉਮੀਦਵਾਰ ਬਾਰੇ ਪੋਲ ਕੀਤੀ ਸੀ। ਇਸ ਪੋਲ ‘ਚ ਕਰੀਬ 69 ਫੀਸਦੀ ਲੋਕਾਂ ਨੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ‘ਚ ਵੋਟਾਂ ਪਾਈਆਂ। ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ 12 ਫੀਸਦੀ ਅਤੇ ਸੁਨੀਲ ਜਾਖੜ ਨੂੰ 9 ਫੀਸਦੀ ਵੋਟਾਂ ਮਿਲੀਆਂ। ਅਲਵਾ ਦੀ ਪੋਲ ‘ਚ ਨਵਜੋਤ ਸਿੰਘ ਸਿੱਧੂ ਚੰਨੀ ਤੋਂ ਬੁਰੀ ਤਰ੍ਹਾਂ ਪਿੱਛੇ ਸਨ। ਪੰਜਾਬ ਚੋਣਾਂ ਲਈ ਕਾਂਗਰਸ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ, ਹਾਲਾਂਕਿ ਅਜੇ ਤਕ ਇਸ ਦਾ ਰਸਮੀ ਐਲਾਨ ਨਹੀਂ ਹੋਇਆ ਹੈ। ਪਰ ਇਸ ਸਰਵੇ ‘ਚ ਮੌਜੂਦਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਸਭ ਨੂੰ ਪਿੱਛੇ ਛੱਡ ਦਿੱਤਾ ਹੈ। ਕੁੱਲ 1,283 ਵੋਟਾਂ ਪਈਆਂ।
ਅਲਵਾ ਜੋ ਰਾਹੁਲ ਗਾਂਧੀ ਦੇ ਨਜ਼ਦੀਕੀ ਵਜੋਂ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਦੀ ਸੋਸ਼ਲ ਮੀਡੀਆ ਆਊਟਰੀਚ ਦੀ ਦੇਖਭਾਲ ਕਰਦੇ ਹਨ। ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਅਲਵਾ ਨੇ ਕਿਹਾ ਕਿ ਰਾਜਨੀਤਿਕ ਜ਼ਮੀਰ ਵਾਲੇ ਲੋਕਾਂ ਤੋਂ ਰਾਜਨੀਤਕ ਫੀਡਬੈਕ ਲੈਣ ਲਈ ਇਹ ਇੱਕ ਵਧੀਆ ਪਲੇਟਫਾਰਮ ਹੈ। ਇਸ ‘ਚ ਕੁਝ ਵੀ ਗਲਤ ਨਹੀਂ ਹੈ।
ਹਾਲਾਂਕਿ ਕਾਂਗਰਸ ਪਾਰਟੀ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਦਾ ਐਲਾਨ ਕਰਨ ਤੋਂ ਬਚ ਰਹੀ ਹੈ। ਕਾਂਗਰਸ ਪਾਰਟੀ ਦਾ ਕਹਿਣਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਦੀ ਸਾਂਝੀ ਅਗਵਾਈ ਹੇਠ ਲੜੀਆਂ ਜਾਣਗੀਆਂ ਪਰ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕੀਤੇ ਜਾਣ ਤੋਂ ਬਾਅਦ ਕਾਂਗਰਸ ‘ਤੇ ਵੀ ਦਬਾਅ ਵਧਦਾ ਜਾ ਰਿਹਾ ਹੈ।