Punjab election 2022: ਸੰਨੀ ਦਿਓਲ ਪੁੱਟੇਗਾ ਬੀਜੇਪੀ ਦਾ ‘ਨਲਕਾ’? ਚੋਣਾਂ ‘ਚ ਹੋ ਸਕਦਾ ਵੱਡਾ ਨੁਕਸਾਨ

0
234

Punjab election 2022:  2019 ‘ਚ ਗੁਰਦਾਸਪੁਰ ਤੋਂ ਭਾਜਪਾ ਵੱਲੋਂ ਲੋਕ ਸਭਾ ਚੋਣਾਂ ਜਿੱਤ ਕੇ ਫ਼ਿਲਮ ਅਦਾਕਾਰ ਤੋਂ ਸਿਆਸਤਦਾਨ ਬਣੇ ਸੰਨੀ ਦਿਓਲ ਦੀ ਹਲਕੇ ਵਿੱਚੋਂ ਲੰਬੀ ਗੈਰ ਹਾਜ਼ਰੀ ਪਾਰਟੀ ਲਈ ਵੱਡੀ ਸਿਰਦਰੀ ਬਣ ਗਈ ਹੈ। ਖੇਤੀ ਕਾਨੂੰਨਾਂ ਦੇ ਹੱਕ ਵਿੱਚ ਸਟੈਂਡ ਤੇ ਚੋਣਾਂ ਜਿੱਤਣ ਮਗਰੋਂ ਹਲਕੇ ਵਿੱਚ ਨਾ ਆਉਣ ਕਰਕੇ ਸੋਨੀ ਦਿਓਲ ਤੋਂ ਲੋਕ ਕਾਫੀ ਔਖੇ ਹਨ। ਮੰਨਿਆ ਜਾ ਰਿਹਾ ਕਿ ਇਸ ਦਾ ਖਮਿਆਜ਼ਾ ਬੀਜੇਪੀ ਨੂੰ ਵਿਧਾਨ ਸਭਾ ਚੋਣਾਂ ਵਿੱਚ ਵੀ ਭੁਗਤਣਾ ਪਏਗਾ। ਹਾਲਾਤ ਇਹ ਹਨ ਕਿ ਹੁਣ ਸੰਨੀ ਦਿਓਲ ਪੰਜਾਬ ਵਿਧਾਨ ਸਭਾ ਚੋਣਾਂ ‘ਚ ਉਮੀਦਵਾਰਾਂ ਦੇ ਪ੍ਰਚਾਰ ਲਈ ਵੀ ਨਹੀਂ ਪਹੁੰਚ ਸਕਣਗੇ। ਉਂਝ ਦੱਸਿਆ ਜਾ ਰਿਹਾ ਹੈ ਕਿ ਸੰਨੀਦਿਓਲ ਇਨ੍ਹੀਂ ਦਿਨੀਂ ਬਿਮਾਰ ਹਨ ਤੇ ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ, ਜਿਸ ਕਾਰਨ ਪਾਰਟੀ ਉਮੀਦਵਾਰਾਂ ‘ਚ ਪ੍ਰਚਾਰ ਨੂੰ ਲੈ ਕੇ ਭੰਬਲਭੂਸੇ ਦੀ ਸਥਿਤੀ ਬਣੀ ਹੋਈ ਹੈ। ਸੰਨੀ ਦਿਓਲ ਇਸ ਤੋਂ ਪਹਿਲਾਂ ਹੋਈਆਂ ਨਗਰ ਨਿਗਮ ਚੋਣਾਂ ‘ਚ ਉਮੀਦਵਾਰਾਂ ਦੇ ਪ੍ਰਚਾਰ ਲਈ ਵੀ ਨਹੀਂ ਪਹੁੰਚੇ ਸਨ।

ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੰਨੀ ਦਿਓਲ ਦੀ ਗ਼ੈਰ-ਹਾਜ਼ਰੀ ਵਿਧਾਨ ਸਭਾ ਚੋਣਾਂ ‘ਚ ਇਨ੍ਹੀਂ ਦਿਨੀਂ ਚਰਚਾ ‘ਚ ਹੈ। ਇਸ ਦਾ ਖ਼ਮਿਆਜ਼ਾ ਭਾਜਪਾ ਨੂੰ ਪੂਰੇ ਪੰਜਾਬ ‘ਚ ਭੁਗਤਣਾ ਪੈ ਸਕਦਾ ਹੈ ਤੇ ਇਸ ਦਾ ਉਲਟਾ ਅਸਰ ਭਾਜਪਾ ਦੀਆਂ ਸੀਟਾਂ ‘ਤੇ ਪਵੇਗਾ। ਇਸ ਦਾ ਮੁੱਖ ਕਾਰਨ ਇਹ ਹੈ ਕਿ ਸੰਨੀ ਦਿਓਲ ਕੋਈ ਆਮ ਨਾਂ ਨਹੀਂ ਹੈ ਤੇ ਪੰਜਾਬ ਦੇ ਲੋਕ ਉਨ੍ਹਾਂ ਤੇ ਉਨ੍ਹਾਂ ਦੇ ਕੰਮ ਤੋਂ ਚੰਗੀ ਤਰ੍ਹਾਂ ਜਾਣੂ ਹਨ। ਪੂਰੇ ਪੰਜਾਬ ‘ਚ ਇਸ ਗੱਲ ਦੀ ਕਾਫ਼ੀ ਚਰਚਾ ਹੈ ਕਿ ਗੁਰਦਾਸਪੁਰ ਦੇ ਲੋਕਾਂ ਨਾਲ ਧੋਖਾ ਹੋਇਆ ਹੈ ਤੇ ਗੁਰਦਾਸਪੁਰ ਦੇ ਲੋਕ ਉੱਚੀ ਦੁਕਾਨ ਵੇਖ ਕੇ ਫਸ ਗਏ, ਉਨ੍ਹਾਂ ਨੂੰ ਫਿੱਕਾ ਪਕਵਾਨ ਹੀ ਨਸੀਬ ਹੋਇਆ ਹੈ। ਇੱਕ ਪਾਸੇ ਵਿਧਾਨ ਸਭਾ ਚੋਣਾਂ 2022 ਨੂੰ ਸਿਰਫ਼ 20 ਦਿਨ ਬਾਕੀ ਹਨ। ਲੰਬੇ ਸਮੇਂ ਤੋਂ ਸੰਸਦ ਮੈਂਬਰ ਦੇ ਹਲਕੇ ‘ਚ ਨਜ਼ਰ ਨਾ ਆਉਣ ਕਾਰਨ ਭਾਜਪਾ ਵਰਕਰਾਂ ‘ਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਇੰਨਾ ਹੀ ਨਹੀਂ ਸੰਸਦ ਮੈਂਬਰ ਦੀ ਗ਼ੈਰ-ਹਾਜ਼ਰੀ ਕਾਰਨ ਲੋਕ ਵੀ ਪ੍ਰੇਸ਼ਾਨ ਹਨ। ਸੰਨੀ ਦਿਓਲ ਦੇ ਇਸ ਰਵੱਈਏ ਨਾਲ ਕਾਂਗਰਸੀ ਵੀ ਤਾਅਣੇ-ਮਿਹਣੇ ਮਾਰ ਰਹੇ ਹਨ ਤੇ ਵੋਟਰਾਂ ਨੂੰ ਯਾਦ ਕਰਵਾ ਰਹੇ ਹਨ ਕਿ ਰੀਲ ਹੀਰੋ ਤੇ ਰਿਅਲ ਹੀਰੋ ‘ਚ ਕੀ ਫ਼ਰਕ ਹੁੰਦਾ ਹੈ। ਤੁਸੀਂ ਨਹੀਂ ਮੰਨੇ ਅਤੇ ਹੁਣ ਨਤੀਜਾ ਭੁਗਤ ਰਹੇ ਹੋ।

ਵਿਰੋਧੀ ਧਿਰ ਵੱਲੋਂ ਪੰਜਾਬ ਦੇ ਵੱਖ-ਵੱਖ ਹਲਕਿਆਂ ‘ਚ ਪੈਰਾਸ਼ੂਟ ਆਗੂਆਂ ਦੀ ਮਿਸਾਲ ਸੰਨੀ ਦਿਓਲ ਦੇ ਰੂਪ ‘ਚ ਦਿੱਤੀ ਜਾ ਰਹੀ ਹੈ। ਵਿਰੋਧੀ ਧਿਰ ਦੇ ਆਗੂਆਂ ਦਾ ਕਹਿਣਾ ਹੈ ਕਿ ਅਜਿਹੇ ਆਗੂਆਂ ਨੂੰ ਕਦੇ ਵੀ ਵੋਟ ਨਾ ਪਾਓ, ਜਿਨ੍ਹਾਂ ਦਾ ਨਾਂ ਵੱਡਾ ਹੋਵੇ ਪਰ ਫਲਸਫਾ ਛੋਟਾ ਹੋਵੇ। ਕੋਰੋਨਾ ਦੌਰ ਦੀ ਸ਼ੁਰੂਆਤ ‘ਚ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਆਏ ਸਨ ਤੇ ਲੋਕਾਂ ਨੂੰ ਮਿਲਣ ਦੀ ਬਜਾਏ ਸਿਰਫ਼ ਅਧਿਕਾਰੀਆਂ ਨੂੰ ਮਿਲੇ ਤੇ ਰਸਮੀ ਕਾਰਵਾਈਆਂ ਪੂਰੀਆਂ ਕਰਕੇ ਚਲੇ ਗਏ। ਸੰਨੀ ਦਿਓਲ ਨੇ ਕਿਸਾਨ ਸੰਘਰਸ਼ ਦੌਰਾਨ ਵੀ ਪੰਜਾਬੀਆਂ ਲਈ ਇੱਕ ਵੀ ਸ਼ਬਦ ਨਹੀਂ ਬੋਲਿਆ ਤੇ ਸਿਰਫ਼ ਪਾਰਟੀ ਦੀ ਹਾਂ ‘ਚ ਹਾਂ ਮਿਲਾਈ ਸੀ। ਇਸ ਕਾਰਨ ਪੰਜਾਬ ਦੇ ਲੋਕਾਂ ‘ਚ ਭਾਰੀ ਰੋਸ ਹੈ। ਬੇਸ਼ੱਕ ਦੇਸ਼ ਦੇ ਪ੍ਰਧਾਨ ਮੰਤਰੀ ਨੇ ਖੇਤੀ ਸਬੰਧੀ ਤਿੰਨੋਂ ਕਾਨੂੰਨ ਵਾਪਸ ਲੈ ਲਏ ਹਨ ਪਰ ਸੰਨੀ ਦਿਓਲ ਦੀ ਚੁੱਪ ਪੰਜਾਬੀਆਂ ਦੇ ਗਲੇ ਨਹੀਂ ਉੱਤਰ ਰਹੀ। ਜਾਣਕਾਰੀ ਮੁਤਾਬਕ ਸੰਨੀ ਦਿਓਲ ਆਪਣੀ ਅਗਲੀ ਫ਼ਿਲਮ ਦੀ ਤਿਆਰੀ ‘ਚ ਰੁੱਝੇ ਹੋਏ ਹਨ ਅਤੇ ਚੋਣਾਂ ਦੇ ਪ੍ਰਚਾਰ ਲਈ ਪੰਜਾਬ ਆ ਸਕਦੇ ਹਨ। ਉਨ੍ਹਾਂ ਵੱਲੋਂ ਵੀ ਹਲਕੇ ਦੀ ਤਰੱਕੀ ਲਈ ਕੋਈ ਵਿਸ਼ੇਸ਼ ਉਪਰਾਲਾ ਨਾ ਕੀਤੇ ਜਾਣ ‘ਤੇ ਲੋਕਾਂ ਵਿੱਚ ਨਰਾਜ਼ਗੀ ਹੈ।

LEAVE A REPLY

Please enter your comment!
Please enter your name here