Sri Lanka Crisis: ਸ਼੍ਰੀਲੰਕਾ (Sri Lanka) ਸਰਕਾਰ ਨੇ ਦੇਸ਼ ਦੇ ਇਤਿਹਾਸ ਦੇ ਸਭ ਤੋਂ ਵੱਡੇ ਆਰਥਿਕ ਸੰਕਟ ਨੂੰ ਲੈ ਕੇ ਐਤਵਾਰ ਨੂੰ ਪ੍ਰਸਤਾਵਿਤ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਸ਼ਨੀਵਾਰ ਨੂੰ ਪੂਰੇ ਦੇਸ਼ ਵਿੱਚ 36 ਘੰਟਿਆਂ ਦਾ ਕਰਫਿਊ (Curfew) ਲਾ ਦਿੱਤਾ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਵੀ ਪੂਰੀ ਤਰ੍ਹਾਂ ਪਾਬੰਦੀ (Social Media Ban) ਲਾ ਦਿੱਤੀ ਗਈ ਹੈ। ਇਹ ਕਦਮ ਅਜਿਹੇ ਸਮੇਂ ਆਇਆ ਹੈ, ਜਦੋਂ ਆਰਥਿਕ ਸੰਕਟ ਨਾਲ ਨਜਿੱਠਣ ‘ਚ ਸਰਕਾਰ ਦੀ ਅਸਫਲਤਾ ਨੂੰ ਲੈ ਕੇ ਐਤਵਾਰ ਨੂੰ ਟਾਪੂ ਦੇਸ਼ ‘ਚ ਵਿਸ਼ਾਲ ਪ੍ਰਦਰਸ਼ਨ ਦਾ ਸੱਦਾ ਦਿੱਤਾ ਗਿਆ ਹੈ। ਅਜਿਹੇ ‘ਚ ਕਰਫਿਊ ਲਾਗੂ ਹੋਣ ਕਾਰਨ ਲੋਕ ਪ੍ਰਦਰਸ਼ਨਾਂ ‘ਚ ਹਿੱਸਾ ਨਹੀਂ ਲੈ ਸਕਣਗੇ। ਇਸ ਦੇ ਨਾਲ ਹੀ ਸਾਈਬਰ ਸੁਰੱਖਿਆ ਅਤੇ ਇੰਟਰਨੈੱਟ ਦੀ ਗਵਰਨੈਂਸ ‘ਤੇ ਨਜ਼ਰ ਰੱਖਣ ਵਾਲੀ ਸੰਸਥਾ Netblox ਨੇ ਵੀ ਸੋਸ਼ਲ ਮੀਡੀਆ ‘ਤੇ ਪਾਬੰਦੀ ਦੀ ਪੁਸ਼ਟੀ ਕੀਤੀ ਹੈ।
ਉਸ ਨੇ ਸ਼੍ਰੀਲੰਕਾ ਵਿੱਚ ਫੇਸਬੁੱਕ, ਟਵਿੱਟਰ, ਵਟਸਐਪ, ਸਨੈਪਚੈਟ, ਟਿਕਟੋਕ, ਇੰਸਟਾਗ੍ਰਾਮ ਤੇ ਯੂਟਿਊਬ ਸਮੇਤ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪਾਬੰਦੀ ਦੀ ਪੁਸ਼ਟੀ ਕੀਤੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਨੇ ਸ਼੍ਰੀਲੰਕਾ ਵਿੱਚ 1 ਅਪ੍ਰੈਲ ਤੋਂ ਤੁਰੰਤ ਪ੍ਰਭਾਵ ਨਾਲ ਜਨਤਕ ਐਮਰਜੈਂਸੀ ਦੀ ਘੋਸ਼ਣਾ ਕਰਦੇ ਹੋਏ ਇੱਕ ਵਿਸ਼ੇਸ਼ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਸੂਚਨਾ ਵਿਭਾਗ ਨੇ ਕਿਹਾ ਕਿ ਦੇਸ਼ ਵਿਆਪੀ ਕਰਫਿਊ ਸ਼ਨੀਵਾਰ ਸ਼ਾਮ 6 ਵਜੇ ਤੋਂ ਸੋਮਵਾਰ (4 ਅਪ੍ਰੈਲ) ਸਵੇਰੇ 6 ਵਜੇ ਤੱਕ ਲਾਗੂ ਰਹੇਗਾ। ਵਿਭਾਗ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਜਨਤਕ ਸੁਰੱਖਿਆ ਆਰਡੀਨੈਂਸ ਨਿਯਮਾਂ ਤਹਿਤ ਉਪਰੋਕਤ ਹਦਾਇਤਾਂ ਜਾਰੀ ਕੀਤੀਆਂ ਹਨ। ਇੱਕ ਗਜ਼ਟ ਨੋਟੀਫਿਕੇਸ਼ਨ ਵਿੱਚ ਰਾਸ਼ਟਰਪਤੀ ਨੇ ਕਿਹਾ, “ਮੇਰੇ ਵਿਚਾਰ ਵਿੱਚ ਸ਼੍ਰੀਲੰਕਾ ਵਿੱਚ ਐਮਰਜੈਂਸੀ ਲਾਗੂ ਕਰਨਾ ਜਨਤਕ ਸੁਰੱਖਿਆ ਪ੍ਰਣਾਲੀ ਦੇ ਨਾਲ-ਨਾਲ ਭਾਈਚਾਰਿਆਂ ਨੂੰ ਜ਼ਰੂਰੀ ਚੀਜ਼ਾਂ ਅਤੇ ਸੇਵਾਵਾਂ ਦੀ ਸਪਲਾਈ ਦੇ ਹਿੱਤ ਵਿੱਚ ਹੈ।
ਜਨਤਕ ਐਮਰਜੈਂਸੀ ਲਾਗੂ ਹੋਣ ਤੋਂ ਬਾਅਦ ਦੇਸ਼ ਵਿਆਪੀ ਕਰਫਿਊ ਲਾਗੂ ਕਰਨ ਤੋਂ ਬਾਅਦ ਇਕ ਹੋਰ ਨਿਯਮ ਵਿਚ ਰਾਜਪਕਸ਼ੇ ਨੇ ਕਿਹਾ ਕਿ ਕਰਫਿਊ ਦੇ ਸਮੇਂ ਦੌਰਾਨ ਕਿਸੇ ਨੂੰ ਵੀ ਬਾਹਰ ਨਹੀਂ ਨਿਕਲਣਾ ਚਾਹੀਦਾ ਅਤੇ ਜਨਤਕ ਥਾਵਾਂ ‘ਤੇ ਨਹੀਂ ਜਾਣਾ ਚਾਹੀਦਾ। ਉਸ ਨੇ ਕਿਹਾ, ‘ਮੈਂ ਸਮਝਦਾ ਹਾਂ ਕਿ ਖੇਤਰਾਂ ਵਿੱਚ ਜਨਤਕ ਵਿਵਸਥਾ ਬਣਾਈ ਰੱਖਣਾ ਜ਼ਰੂਰੀ ਹੈ। ਹਦਾਇਤ ਕੀਤੀ ਕਿ ਕੋਈ ਵੀ ਵਿਅਕਤੀ 2 ਅਪ੍ਰੈਲ 2022 ਦੀ ਸ਼ਾਮ 6 ਵਜੇ ਤੋਂ 6 ਅਪ੍ਰੈਲ 2022 ਤੱਕ ਲਿਖਤੀ ਇਜਾਜ਼ਤ ਤੋਂ ਬਿਨਾਂ ਕਿਸੇ ਜਨਤਕ ਸੜਕ, ਰੇਲਵੇ, ਜਨਤਕ ਪਾਰਕ, ਜਨਤਕ ਮਨੋਰੰਜਨ ਮੈਦਾਨ ਜਾਂ ਹੋਰ ਜਨਤਕ ਮੈਦਾਨ ਜਾਂ ਸਮੁੰਦਰੀ ਕੰਢੇ ‘ਤੇ ਨਹੀਂ ਜਾਵੇਗਾ।