ਕਪੂਰਥਲਾ ਵਿੱਚ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਕੀਰਤਨ ਸਮਾਗਮ
ਕਪੂਰਥਲਾ, 07 ਜੂਨ: ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਮਹਾਨ ਕੀਰਤਨ ਸਮਾਗਮ ਅੱਜ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਹ ਸੰਤਾਂ-ਮਹਾਂਪੁਰਖਾਂ ਦੀ ਸਰਪ੍ਰਸਤੀ ਹੇਠ ਕਰਵਾਏ ਜਾ ਰਹੇ ਸਾਲਾਨਾ ਸਮਾਗਮਾਂ ਦੀ ਲੜੀ ਵਿੱਚ ਤੀਸਰਾ ਵੱਡਾ ਕੀਰਤਨ ਦਰਬਾਰ ਸੀ, ਜਿਸ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਗੁਰਬਾਣੀ ਕੀਰਤਨ ਸਰਵਣ ਕੀਤਾ।
ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਅਨਮੋਲ ਸਿੱਖਿਆਵਾਂ ਅਤੇ ਪਵਿੱਤਰ ਬਾਣੀ ਨੂੰ ਘਰ-ਘਰ ਤੱਕ ਪਹੁੰਚਾਉਣਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਸੰਗਤਾਂ ਨੂੰ ਗੁਰੂ ਸਾਹਿਬ ਦੇ ਦਰਸਾਏ ਮਾਰਗ ‘ਤੇ ਚੱਲਣ ਦਾ ਸੱਦਾ ਦਿੱਤਾ।
ਪੰਜਾਬ ਦੇ ਕੈਬਿਨੇਟ ਮੰਤਰੀ ਸ਼੍ਰੀ ਮਹਿੰਦਰ ਭਗਤ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਸਾਰੇ ਬਹੁਤ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਇਤਿਹਾਸ ਦੇ ਇਸ ਮਹਾਨ ਪੜਾਅ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ ਹੈ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਗੁਰੂ ਸਾਹਿਬ ਦਾ 650ਵਾਂ ਪ੍ਰਕਾਸ਼ ਪੁਰਬ ਸਾਰਾ ਸਾਲ ਮਨਾਉਣ ਦਾ ਫੈਸਲਾ ਕੀਤਾ ਹੈ।
ਮੰਤਰੀ ਨੇ ਪ੍ਰਣ ਕੀਤਾ ਕਿ ਸਰਕਾਰ ਦਾ ਫਰਜ਼ ਸਮਾਜਿਕ ਅਤੇ ਧਾਰਮਿਕ ਕਾਰਜਾਂ ਵਿੱਚ ਸਹਿਯੋਗ ਕਰਨਾ ਹੈ ਅਤੇ ਗੁਰੂ ਸਾਹਿਬ ਦੀ ਪਵਿੱਤਰ ਬਾਣੀ ਦਾ ਪ੍ਰਚਾਰ ਪੰਜਾਬ ਦੇ ਹਰ ਗਲੀ-ਮੁਹੱਲੇ ਅਤੇ ਘਰ-ਘਰ ਤੱਕ ਪਹੁੰਚਾਇਆ ਜਾਵੇਗਾ।
ਸੈਰ ਸਪਾਟਾ ਵਿਭਾਗ ਦੇ ਅਡਵਾਈਜ਼ਰ ਦੀਪਕ ਬਾਲੀ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਤਤਕਾਲੀਨ ਵਰਣ-ਵਿਵਸਥਾ ਅਤੇ ਸਮਾਜਿਕ ਨਾਬਰਾਬਰੀ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਸਮਾਜਿਕ ਸਮਾਨਤਾ ਦਾ ਹੋਕਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਫਰਵਰੀ 2026 ਤੋਂ ਸ਼ੁਰੂ ਹੋਏ ਇਹ ਸਮਾਗਮ ਫਰਵਰੀ 2027 ਤੱਕ ਚੱਲਣਗੇ, ਜਿਸ ਦੌਰਾਨ 10 ਵੱਡੇ ਕੀਰਤਨ ਦਰਬਾਰ ਕਰਵਾਏ ਜਾਣਗੇ।
ਉਨ੍ਹਾਂ ਐਲਾਨ ਕੀਤਾ ਕਿ ਜਲਦ ਹੀ ਚਾਰ ਵਿਸ਼ੇਸ਼ ਸ਼ੋਭਾ ਯਾਤਰਾਵਾਂ ਕੱਢੀਆਂ ਜਾਣਗੀਆਂ, ਜੋ ਕਾਸ਼ੀ, ਬਠਿੰਡਾ, ਫਰੀਦਕੋਟ ਅਤੇ ਜੰਮੂ ਤੋਂ ਸ਼ੁਰੂ ਹੋ ਕੇ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸੰਪੰਨ ਹੋਣਗੀਆਂ। ਇਸ ਤੋਂ ਇਲਾਵਾ ਸਾਰੀਆਂ ਵਿਧਾਨ ਸਭਾਵਾਂ ਵਿੱਚ ਡਰੋਨ ਸ਼ੋਅ ਕਰਵਾਏ ਜਾਣਗੇ ਅਤੇ ਗੁਰੂ ਸਾਹਿਬ ਦੇ ਜੀਵਨ ‘ਤੇ ਅਧਾਰਿਤ ਵਿਸ਼ੇਸ਼ ਫਿਲਮ ਪਿੰਡ-ਪਿੰਡ ਦਿਖਾਈ ਜਾਵੇਗੀ।
ਇਸ ਮੌਕੇ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੈ ਦੱਤ, ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸਰਬਜੀਤ ਸਿੰਘ ਲੁਬਾਣਾ, ਹਲਕਾ ਇੰਚਾਰਜ ਕਰਮਬੀਰ ਸਿੰਘ ਚੰਦੀ, ਭੁਲੱਥ ਤੋਂ ਹਲਕਾ ਇੰਚਾਰਜ ਹਰਸਿਮਰਨ ਸਿੰਘ ਘੁੰਮਣ, ਚੇਅਰਮੈਨ ਨਗਰ ਸੁਧਾਰ ਟਰੱਸਟ ਸੱਜਣ ਸਿੰਘ ਚੀਮਾ, ਚੇਅਰਮੈਨ ਟਰੇਡ ਕਮਿਸ਼ਨ ਕੰਵਰ ਇਕਬਾਲ ਸਿੰਘ, ਇੰਦਰਜੀਤ ਜੁਗਨੂੰ, ਆਪ ਆਗੂ ਪਰਵਿੰਦਰ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।







