ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ!

0
13

ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ!

ਮਿਤੀ 24/05/2026 ਦਿਨ ਐਤਵਾਰ ਨੂੰ  “ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ” ਵਲੋਂ “ਕਲਾਮ ਪੇਸ਼ ਹੈ” ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਪੰਜਾਬ, ਬੰਬਈ, ਇਟਲੀ, ਜਰਮਨੀ ਅਤੇ ਅਮਰੀਕਾ ਤੋਂ ਕਵੀ-ਕਵਿਤਰੀਆਂ ਨੇ ਹਿੱਸਾ ਲਿਆ। ਸਾਰੇ ਕਵੀਆਂ ਨੇ ਮਾਂ ਬੋਲੀ ਪੰਜਾਬੀ ਨੂੰ ਸਿਜਦਾ ਕਰਦਿਆਂ ਵੱਖ-ਵੱਖ ਵਿਸ਼ਿਆਂ ਤੇ ਆਪਣੀਆਂ ਕਵਿਤਾਵਾਂ ਤੇ ਗੀਤਾਂ ਨਾਲ ਰੰਗ ਬੰਨ੍ਹਿਆ।
ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਪ੍ਰਸਿੱਧ ਨਾਵਲਕਾਰ ਅਤੇ ਕਾਫ਼ਲੇ ਪ੍ਰਧਾਨ ਬਿੰਦਰ ਕੋਲੀਆਂ ਵਾਲ ਜੀ ਨੇ ਸਭ ਨੂੰ ਜੀ ਆਇਆਂ ਆਖਿਆ ਤੇ ਨਾਲ ਹੀ ਐਨੀ ਗਰਮੀ ਵਿੱਚ ਕਵੀ ਦਰਬਾਰ ਵਿੱਚ ਸ਼ਾਮਲ ਹੋਣ ਲਈ ਸਭ ਦਾ ਸ਼ੁਕਰਾਨਾ ਕੀਤਾ।

ਸਰਬਜੀਤ ਸਿੰਘ ਜਰਮਨੀ ਨੇ ਮੰਚ ਤੇ ਹਾਜ਼ਰ ਸਾਰੇ ਕਵੀ ਕਵਿਤਰੀਆਂ ਨੂੰ ਜੀ ਆਇਆਂ ਆਖਿਆ ਤੇ ਕਿਹਾ,
ਆਉ ਆਪਾਂ ਸਾਰੇ ਰਲ ਕੇ,
ਕੌਮਾਂਤਰੀ ਪੰਜਾਬੀ ਕਾਫ਼ਲਾ ਤੇ,
ਕਵੀ ਦਰਬਾਰ ਸਜਾ ਲਈਏ,
ਸਾਡੀ ਮਾਂ ਬੋਲੀ ਪੰਜਾਬੀ ਦੇ,
ਬੀਬੇ ਰਾਣੇ ਬੱਚੇ ਬਣ ਕੇ,
ਕਲਮਾਂ ਦੀ ਸਾਂਝ ਪਾ ਲਈਏ
ਆਉ ਆਪਾਂ ਸਾਰੇ ਰਲ ਕੇ,
ਕਵੀ ਦਰਬਾਰ ਸਜਾ ਲਈਏ।

ਸਰਬਜੀਤ ਤੋਂ ਬਾਅਦ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੰਭਾਲਦਿਆਂ ਪ੍ਰਸਿੱਧ ਗ਼ਜ਼ਲਗੋ ਤੇ ਪੇਸ਼ਕਾਰ ਮੁਖਤਾਰ ਸਿੰਘ ਚੰਦੀ ਜੀ ਵੱਲੋਂ ਸਭ ਨੂੰ ਜੀਓ ਆਇਆਂ ਆਖਿਆ ਤੇ ਇਸ ਸ਼ੇਅਰ ਨਾਲ ਮੰਚ ਸੰਚਾਲਨ  ਦੀ ਸ਼ੁਰੂਆਤ ਕੀਤੀ।
ਸ਼ਾਮ ਸੰਧੂਰੀ ਚੰਨ ਤੇ ਤਾਰੇ ਮਾਣ ਦਿਲਾ!
ਸੱਜਣਾ ਦੇ ਰੰਗਲੇ ਝੜਕਾਰੇ ਮਾਣ  ਦਿਲਾ!
ਧਰਤੀ ਵਾਹ, ਪਾਣੀ ਵਿੱਚ ਜ਼ਹਿਰਾਂ ਘੋਲੀਂ ਨਾ,
ਕੁਦਰਤ ਦੇ ਅਨਮੋਲ ਨਜ਼ਾਰੇ ਮਾਣ ਦਿਲਾ।

ਸਭ ਤੋਂ ਪਹਿਲਾਂ ਸੱਦਾ ਚੰਦੀ ਜੀ ਨੇ ਕਲਾਕਾਰ ਮੰਗਤ ਖਾਨ ਜੀ, ਪਟਿਆਲਾ  ਨੂੰ ਦਿੱਤਾ। ਉਹਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਦਿਨ ਬਾਰੇ ਦੱਸਦਿਆਂ ਉਹਨਾਂ ਦੀ ਕਵਿਤਾ “ ਹਿੰਦ ਵਾਸੀਓ ਰੱਖਣਾ ਯਾਦ ਸਾਨੂੰ ” ਤਰੱਨਮ ਵਿੱਚ ਗਾ ਕੇ ਕਵੀ ਦਰਬਾਰ ਦੇ ਸ਼ੁਰੂ ਵਿੱਚ ਬਹੁਤ ਸੋਹਣਾ ਰੰਗ ਬੰਨ੍ਹਿਆਂ । ਉਸ ਤੋਂ ਬਾਅਦ ਕਵਿੱਤਰੀ ਭੈਣ ਪੋਲੀ ਬਰਾੜ ਜੀ, ਅਮਰੀਕਾ “ ਯਾਦਾਂ ਦੀਆਂ ਕਾਲੀਆਂ ਜ਼ੁਲਫ਼ਾਂ ਨੇ” ਕਵਿਤਾ ਗਾ ਕੇ ਸਭ ਨੂੰ ਭਾਵੁਕ ਕਰ ਦਿੱਤਾ। ਅਧਿਆਪਕ ਤੇ ਸ਼ਾਇਰ ਮਲਕੀਤ ਮੀਤ ਜੀ , ਪੰਜਾਬ ਨੇ “ਮਨ ਤਨ ਅੰਦਰ ਕੈਸੀ ਘੁੰਮਣ ਘੇਰੀ ਹੈ ” ਗੀਤ ਗਾ ਕੇ ਆਪਣੀ ਹਾਜ਼ਰੀ ਲਗਵਾਈ।
ਬਲਰਾਜ ਸਿੰਘ ਬਰਾੜ, ਪੰਜਾਬ ਹੋਰਾਂ ਨੇ  “ਹੁਣ ਸਾਡੇ ਪਿੰਡਾਂ ਵਿੱਚ ਵੱਸਦਾ ਨਈਂ ਰੱਬ ਉਏ” ਕਵਿਤਾ ਗਾ ਕੇ ਰੰਗ ਬੰਨ੍ਹਿਆਂ ਤੇ ਚਾਰ ਦਹਾਕੇ ਪਹਿਲਾਂ ਵਾਲੇ ਅਮੀਰ ਪੰਜਾਬੀ ਵਿਰਸੇ ਦੀ ਹਰ ਝਲਕ ਪੇਸ਼ ਕੀਤੀ।
ਪ੍ਰਿੰਸੀਪਲ ਪ੍ਹੋਮਿਲਾ ਅਰੋੜਾ ਜੀ, ਪੰਜਾਬ ਨੇ  “ਜੀਅ ਕਰਦਾ ਏ” ਕਵਿਤਾ ਪੇਸ਼ ਕੀਤੀ।  ਅਗਲੇ ਸੱਦੇ ਤੇ ਅਕਾਸ਼ਦੀਪ ਸਿੰਘ ਜੀ, ਇਟਲੀ ਨੇ ਆਸ਼ਾਵਾਦੀ ਕਵਿਤਾ “ਕੁਦਰਤ” ਪੇਸ਼ ਕੀਤੀ।

ਸਰਬਜੀਤ ਸਿੰਘ ਜਰਮਨੀ ਨੇ ਵਿਦੇਸ਼ ਵਿੱਚ ਵੱਸਦੇ ਦਿਖਾਵੇ ਦੇ ਸਰਦਾਰਾਂ ਨੂੰ ਸੰਬੋਧਿਤ ਕਰਦਿਆਂ ਕਵਿਤਾ “ਖੜਨਾ ਚਾਹੀਦਾ” ਪੇਸ਼ ਕੀਤੀ।  ਪ੍ਰਸਿੱਧ ਗ਼ਜ਼ਲਗੋ ਤੇ ਕਵੀਸ਼ਰ  ਪਰਵਿੰਦਰ ਸਿੰਘ ਹੇਅਰ ਜੀ, ਬੰਬਈ ਨੇ ਗ਼ਜ਼ਲ “ ਸਿੱਖੀ ਦਾ ਸਕੂਲ” ਕਵੀਸ਼ਰੀ ਰੰਗ ਵਿੱਚ ਪੇਸ਼ ਕੀਤੀ।  ਕੁਲਵਿੰਦਰ ਕੌਰ ਕੰਵਲ,   ਪੰਜਾਬ, ਨੇ  “ਕਰੇ ਐਸੀ ਦੁਆ ਕੋਈ, ਕਿ ਰੂਹਾਂ ਦਾ ਮਿਲਣ ਹੋਵੇ” ਅਤੇ “ਸਿਰ ਤੇ ਤਣਿਆਂ ਅੰਬਰ ਜੇਕਰ ਤੇਰਾ ਏ, ਤਾਂ ਮੇਰਾ ਵੀ ਏ” ਪੇਸ਼ ਕਰਕੇ ਸਭ ਤੋਂ ਵਾਹ ਵਾਹ ਖੱਟੀ।
ਸੂਫੀ ਗ਼ਜ਼ਲਗੋ ਸਰਦਾਰ ਪ੍ਰੇਮ ਪਾਲ ਸਿੰਘ ਜੀ, ਇਟਲੀ ਨੇ  “ਦੀਦ ਜਿਸ ਦੀ ਪੁੰਨਿਆ ਦੇ ਨੂਰ ਤੋਂ ਅਮਲੀਕ ਸੀ” ਅਤੇ  “ ਅਮੀਰੀ ਗਰੀਬੀ ਨਾ ਮਿਟਿਆ ਮਿਟਾਉਣੀ, ਸੁਣਾ ਦੇ ਦਿਲਾਂ ਤੂੰ ਜੋ ਪੀੜਾਂ ਸੁਣਾਉਣੀ” ਬਹੁਤ ਹੀ ਸੁਰੀਲੀ ਆਵਾਜ਼ ਵਿੱਚ ਸੁਣਾ ਕੇ ਸਾਰਾ ਕਵੀ ਦਰਬਾਰ ਲੁੱਟ ਲਿਆ। ਉਸ ਤੋਂ ਬਾਅਦ ਬਿੰਦਰ ਕੋਲੀਆਂ ਵਾਲ ਜੀ, ਇਟਲੀ ਨੇ “ ਯਾਦਾਂ ਦਾ ਦੀਵਾ” ਭਾਵੁਕ ਗੀਤ ਗਾ ਕੇ ਛੱਡ ਗਏ ਦੋਸਤਾਂ ਮਿੱਤਰਾਂ ਲਈ ਆਪਣੇ ਮਨ ਦੇ ਜਜ਼ਬਾਤ ਪੇਸ਼ ਕੀਤੇ।

ਅਖੀਰ ਮੁਖਤਾਰ ਸਿੰਘ ਚੰਦੀ ਜੀ, ਸੁਲਤਾਨ ਪੁਰ ਲੋਧੀ ਨੇ ਮੰਚ ਸੰਚਾਲਨ ਦੇ ਨਾਲ ਨਾਲ ਆਪਣੀ ਗ਼ਜ਼ਲ   “ਬੰਦੇ ਦੀ ਲੋਚਾ ਉੱਡਣ ਦੀ”  ਬਹੁਤ ਸੁਰੀਲੀ ਆਵਾਜ਼ ਨਾਲ ਗਾ ਕੇ ਰੰਗ ਬੰਨ੍ਹਿਆ। ਪ੍ਰੋਗਰਾਮ ਦੇ ਅਖੀਰ ਵਿੱਚ ਮੰਚ ਤੇ ਹਾਜ਼ਰੀ ਭਰ ਰਹੇ ਸਾਰੇ ਮਹਿਮਾਨਾਂ ਦਾ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਇਹ ਸ਼ੇਅਰ ਗਾ ਕੇ ਪਰਵਿੰਦਰ ਸਿੰਘ ਹੇਅਰ, ਬੰਬਈ ਨੇ ਸਮਾਪਤੀ ਕੀਤੀ।

ਪਹਿਲਾ ਧੰਨਵਾਦ ਸਾਡੇ ਪਿਆਰੇ ਪ੍ਰਬੰਧਕਾਂ ਦਾ,
ਜਿਹੜੇ ਸਾਨੂੰ ਪਿਆਰ ਨਾਲ ਸੱਦਾ ਭਿਜਵਾਉਂਦੇ ਨੇ,
ਦੂਜਾ ਧੰਨਵਾਦ ਸਾਡੇ ਮਾਣ ਮੱਤੇ ਕਵੀਆਂ ਦਾ,
ਜਿਹੜੇ ਨਵੇਂ ਕਾਵ ਨਜ਼ਰਾਨੇ ਲੈ ਕੇ ਆਉਂਦੇ,
ਤੀਜਾ ਧੰਨਵਾਦ ਸਾਡੇ ਦਰਸ਼ਕਾਂ ਤੇ ਸਰੋਤਿਆਂ ਦਾ,
ਮੈਸੇਜ ਲਗਾ ਕੇ ਸਾਡਾ ਮਾਣ ਜੋ ਵਧਾਉਂਦੇ ਨੇ,
ਚੌਥਾ ਧੰਨਵਾਦ ਉਸਤਾਦਾਂ ਰਾਹ ਦਸੇਰਿਆਂ ਦਾ,
ਸਾਡੀ ਭੁੱਲ ਦੱਸ ਸਾਨੂੰ ਸਿੱਧੇ ਰਾਹੇ ਪਾਉਂਦੇ ਨੇ,
ਪੰਜਵਾਂ ਧੰਨਵਾਦ ਉਸ ਰੱਬ ਦਾ ਜੀ,
ਇੱਕ ਅਰਦਾਸ ਮੇਰੀ ਸਾਨੂੰ ਸਾਰਿਆਂ ਨੂੰ,
ਰੱਬ ਇੱਦਾਂ ਹੀ ਮਿਲਾਉਂਦਾ ਰਹੇ,
ਫੇਰ  ਸਾਡਾ ਕਾਫਲਾ ਕੌਮਾਂਤਰੀ ਜੋ ਇਟਲੀ ਦਾ,
ਸ਼ਾਨ ਮਾਤ  ਭਾਸ਼ਾ ਵੀ ਨੂੰ ਚਾਰ ਚੰਦ ਲਾਉਂਦਾ ਰਹੇ।

ਸਰਬਜੀਤ ਸਿੰਘ ਜਰਮਨੀ

LEAVE A REPLY

Please enter your comment!
Please enter your name here