ਪੌਦੇ ਲਗਾਕੇ ਸਾਈਕਲ ਦੇ ਪਾਂਧੀ ‘ਸ. ਫਕੀਰ ਸਿੰਘ’ ਨੂੰ ਕੀਤਾ ਯਾਦ 

0
13
ਪੌਦੇ ਲਗਾਕੇ ਸਾਈਕਲ ਦੇ ਪਾਂਧੀ ‘ਸ. ਫਕੀਰ ਸਿੰਘ’ ਨੂੰ ਕੀਤਾ ਯਾਦ

ਪਟਿਆਲਾ, (9 ਜੁਲਾਈ)

ਪਿੰਡ ਖੇੜੀ ਮੁਸਲਮਾਨਾਂ ਦੇ ਸਰਕਾਰੀ ਹਾਈ ਸਕੂਲ ਵਿਖੇ ਸਵਰਗਵਾਸੀ ਫ਼ਕੀਰ ਸਿੰਘ ਦੀ ਤੀਜੀ ਬਰਸੀ ਮੌਕੇ ਇੱਕ ਵਿਲੱਖਣ ਅਤੇ ਪ੍ਰੇਰਣਾਦਾਇਕ ਉਪਰਾਲਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਸਪੁੱਤਰ ਪ੍ਰਸਿੱਧ ਗੀਤਕਾਰ ਗੁਰਜੰਟ ਸਿੰਘ ਪਟਿਆਲਾ ਨੇ ਰਵਾਇਤੀ ਦਿਖਾਵੇ ਅਤੇ ਫ਼ਜ਼ੂਲ ਖਰਚਿਆਂ ਤੋਂ ਹਟ ਕੇ ਵਾਤਾਵਰਨ ਸੰਭਾਲ ਨੂੰ ਸਮਰਪਿਤ ਪੌਦੇ ਲਗਾ ਕੇ ਆਪਣੇ ਪਿਤਾ ਨੂੰ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਦੌਰਾਨ ਸਕੂਲ ਪਰਿਸਰ ਵਿੱਚ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ ਅਤੇ ਵਾਤਾਵਰਨ ਦੀ ਸੰਭਾਲ ਦਾ ਸੰਦੇਸ਼ ਦਿੱਤਾ ਗਿਆ। ਸਮਾਗਮ ਵਿੱਚ ਹਲਕਾ ਸਮਾਣਾ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਅਤੇ ਹਾਜ਼ਰ ਪਤਵੰਤਿਆਂ ਨਾਲ ਮਿਲ ਕੇ ਆਪਣੇ ਹੱਥਾਂ ਨਾਲ ਪੌਦੇ ਲਗਾਏ ਅਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਮਾਜ ਨੂੰ ਖੁਸ਼ੀ ਅਤੇ ਗ਼ਮੀ ਦੇ ਹਰ ਮੌਕੇ ਨੂੰ ਵਾਤਾਵਰਨ ਨਾਲ ਜੋੜਦਿਆਂ ਪੌਦੇ ਲਗਾਉਣ ਦੀ ਰਿਵਾਇਤ ਨੂੰ ਅਪਣਾਉਣਾ ਚਾਹੀਦਾ ਹੈ, ਜਿਸ ਨਾਲ ਕੁਦਰਤ ਦੀ ਸੰਭਾਲ ਦੇ ਨਾਲ-ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਅਤੇ ਸਿਹਤਮੰਦ ਵਾਤਾਵਰਨ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਮੌਜੂਦਾ ਸਰਪੰਚ ਪ੍ਰੇਮ ਸਿੰਘ, ਸਾਬਕਾ ਸਰਪੰਚ ਸ਼ੇਰ ਸਿੰਘ, ਸਰਕਾਰੀ ਹਾਈ ਸਕੂਲ ਦੇ ਇੰਚਾਰਜ ਪਰਮਜੀਤ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਬਲਾਨ ਦੀ ਮੁਖੀ ਰਜਨੀ ਸਿੰਗਲਾ, ਪਵਨ ਗਰਗ, ਚਮਨ ਸ਼ਰਮਾ (ਸੇਵਿਅਰਜ਼ ਕਲੱਬ ਪਟਿਆਲਾ), ਦਲਵੀਰ ਸਿੰਘ ਨਾਭਾ, ਅਮਰਿੰਦਰ ਸਿੰਘ ਨਾਭਾ, ਵਣ ਵਿਭਾਗ ਪੰਜਾਬ ਦੇ ਬੰਟੀ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਰਹੇ। ਮੀਡੀਆ ਨਾਲ ਗੱਲਬਾਤ ਕਰਦਿਆਂ ਚੇਤਨ ਸਿੰਘ ਜੌੜਾਮਾਜਰਾ ਅਤੇ ਹੋਰ ਪਤਵੰਤਿਆਂ ਨੇ ਕਿਹਾ ਕਿ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਵਾਤਾਵਰਨ ਦੀ ਰੱਖਿਆ ਹੈ। ਹਰ ਪਰਿਵਾਰ ਨੂੰ ਆਪਣੇ ਜੀਵਨ ਦੇ ਵਿਸ਼ੇਸ਼ ਮੌਕਿਆਂ ਜਿਵੇਂ ਜਨਮਦਿਨ, ਵਿਆਹ, ਬਰਸੀ ਜਾਂ ਹੋਰ ਸਮਾਗਮਾਂ ਮੌਕੇ ਪੌਦੇ ਲਗਾਉਣੇ ਚਾਹੀਦੇ ਹਨ। ਲੋਕ ਭਲਾਈ ਕਲੱਬ ਸੇਵੀਅਰਜ ਕਲੱਬ ਵੱਲੋਂ ਪਵਨ ਗਰਗ ਅਤੇ ਚਮਨ ਸ਼ਰਮਾ ਨੇ ਕਿਹਾ ਕਿ ਪੌਦੇ ਲਗਾਉਣ ਨਾਲ ਹਰਿਆਲੀ ਵਿੱਚ ਵਾਧਾ ਹੋਵੇਗਾ ਅਤੇ ਗਲੋਬਲ ਵਾਰਮਿੰਗ ਵਰਗੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਵਿੱਚ ਵੀ ਮਦਦ ਮਿਲੇਗੀ। ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਹੀ ਆਉਣ ਵਾਲੀਆਂ ਪੀੜ੍ਹੀਆਂ ਲਈ ਸਭ ਤੋਂ ਵੱਡੀ ਵਿਰਾਸਤ ਹੋਵੇਗੀ।

LEAVE A REPLY

Please enter your comment!
Please enter your name here