ਲੈਥਰੌਪ ਤੀਆਂ ਮੇਲਾ ਦਾ ਤੀਜਾ ਸਲਾਨਾ ਮੇਲਾ 25 ਜੁਲਾਈ ਨੂੰ ਲੱਗੇਗਾ

0
17
Screenshot
ਲੈਥਰੌਪ ਤੀਆਂ ਮੇਲਾ ਦਾ ਤੀਜਾ ਸਲਾਨਾ ਮੇਲਾ 25 ਜੁਲਾਈ ਨੂੰ ਲੱਗੇਗਾ

ਲੈਥਰੌਪ ਤੀਆਂ ਮੇਲਾ ਦਾ ਤੀਜਾ ਸਲਾਨਾ ਮੇਲਾ 25 ਜੁਲਾਈ ਨੂੰ ਲੱਗੇਗਾ

ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਦੁਨੀਆਂ ਭਰ ਵਿੱਚ ਇਕ ਕਹਾਵਤ ਪੱਕੀ ਹੋ ਚੁੱਕੀ ਹੈ ਕਿ ਜਿੱਥੇ-ਜਿੱਥੇ ਪੰਜਾਬੀ ਗਏ, ਉੱਥੇ ਹੀ ਆਪਣੇ ਸੱਭਿਆਚਾਰ ਨੂੰ ਨਾਲ ਲੈ ਕੇ ਗਏ ਅਤੇ ਉੱਥੋਂ ਦੇ ਲੋਕਾਂ ਨੂੰ ਵੀ ਇਸ ਨਾਲ ਜੋੜਿਆ। ਇਸੇ ਲੜੀ ਅਧੀਨ ਸਟਾਕਟਨ ਤੋਂ ਸਾਊਥ ਨੂੰ ਜਾਂਦਿਆਂ ਲੈਥਰੌਪ ਸ਼ਹਿਰ ਵੀ ਪੰਜਾਬੀ ਭਾਈਚਾਰੇ ਦੀ ਪਸੰਦ ਦਾ ਕੇਂਦਰ ਬਣ ਚੁੱਕਿਆ ਹੈ।  ਜੋ ਸ਼ਹਿਰ ਮਨਟੀਕਾ ਦੇ ਵੀ ਬਹੁਤ ਨਜ਼ਦੀਕ ਹੈ। ਜੇਕਰ ਪੰਜਾਬੀ ਵਿਰਸੇ ਅਤੇ ਮੇਲਿਆਂ ਦੀ ਗੱਲ ਕਰੀਏ ਤਾਂ ਇੱਥੋਂ ਦੇ ਵਸਨੀਕ ਬੜੇ ਮਾਣ ਨਾਲ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਕਰਵਾਉਂਦੇ ਹਨ।
                      ਇਸੇ ਲੜੀ ਅਧੀਨ ਲਾਥਰੌਪ ਦੀਆਂ ਮਾਵਾਂ, ਧੀਆਂ ਅਤੇ ਭੈਣਾਂ ਦਾ ਸਾਂਝਾ ਪ੍ਰੋਗਰਾਮ “ਸਾਲਾਨਾ ਲੈਥਰੌਪ ਤੀਆਂ ਮੇਲਾ” ਇਸ ਸਾਲ ਹਮੇਸ਼ਾ ਵਾਂਗ 25 ਜੁਲਾਈ ਦਿਨ ਸ਼ਨੀਵਾਰ ਨੂੰ ਮਨਾਇਆ ਜਾ ਰਿਹਾ ਹੈ।  ਪ੍ਰਬੰਧਕਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਿਸ ਦੀ ਅਗਵਾਈ ਅਤੇ ਸਟੇਜ਼ ਸੰਚਾਲਨ ਵਿਸ਼ੇਸ਼ ਤੌਰ ਤੇ ਪੰਜਾਬੀ ਸੱਭਿਆਚਾਰ ਦਾ ਮਾਣ ਭੈਣ ਆਸ਼ਾ ਸ਼ਰਮਾ ਜੀ ਕਰਨਗੇ।  ਇਹ ਪ੍ਰੋਗਰਾਮ ਦੁਪਹਿਰ 12 ਵਜ਼ੇ ਤੋਂ ਸ਼ੁਰੂ ਹੋ ਕੇ ਦੇਰ ਸ਼ਾਮ ਤੱਕ ਚੱਲੇਗਾ।
                         ਸੋ ਸਥਾਨਕ ਪ੍ਰਬੰਧਕਾਂ ਵੱਲੋਂ ਨਜ਼ਦੀਕੀ ਸ਼ਹਿਰ ਮਨਟੀਕਾ, ਸਟਾਕਟਨ ਅਤੇ ਹੋਰ ਨਜ਼ਦੀਕੀ ਸ਼ਹਿਰਾਂ ਦੀਆਂ ਬੀਬੀਆਂ, ਮਾਂਵਾਂ, ਭੈਣਾਂ ਅਤੇ ਧੀਆਂ ਨੂੰ ਇਸ ਤੀਆਂ ਦੇ ਮੇਲੇ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ।  ਇਸ ਮੇਲੇ ਦੌਰਾਨ ਪੰਜਾਬੀ ਵਿਰਾਸਤ ਦਾ ਰੰਗ ਲਾਈਵ ਬੋਲੀਆਂ ਅਤੇ ਗਿੱਧਾ, ਡੀ.ਜੇ. ਦੇ ਗੀਤਾਂ ਰਾਹੀਂ ਗਿੱਧਾ-ਭੰਗੜਾ, ਬੱਚਿਆਂ ਦੇ ਗਿੱਧੇ-ਭੰਗੜੇ ਦੀ ਸ਼ਾਨਦਾਰ ਪੇਸ਼ਕਾਰੀ ਤੋਂ ਇਲਾਵਾ ਸੀਨੀਅਰ 60 ਤੋਂ 85 ਸਾਲ ਦੀਆਂ ਬੀਬੀਆਂ ਵੀ ਆਪਣੀ ਪੇਸ਼ਕਾਰੀ ਰਾਹੀਂ ਪੰਜਾਬੀਅਤ ਦਾ ਰੰਗ ਪੇਸ਼ ਕਰਨਗੀਆਂ।  ਇਸ ਸਮੇਂ ਖਾਸ ਤੌਰ ਤੇ ਰੈਫਲ ਡਰਾਅ ਵੀ ਕੱਢੇ ਜਾਣਗੇ। ਜਿੱਥੇ ਸਟੇਜ਼ਾ ਦੀ ਮਲਕਾ ਭੈਣ ਆਸ਼ਾ ਸ਼ਰਮਾ ਇਸ ਸਾਰੇ ਪ੍ਰੋਗਰਾਮ ਨੂੰ ਸੱਭਿਆਚਾਰਕ ਸ਼ਾਇਰੋ-ਸ਼ਾਇਰੀ ਅਤੇ ਵੱਖੋ-ਵੱਖਰੀਆਂ ਪੇਸ਼ਕਾਰੀਆਂ ਪੇਸ਼ ਕਰਦੇ ਹੋਏ ਖੂਬਸੂਰਤ ਬਣਾਉਣਗੇ।
                   ਇਸ ਪ੍ਰੋਗਰਾਮ ਦੀ ਇਕ ਖਾਸੀਅਤ ਵਿਰਸਾ ਪ੍ਰਦਰਸ਼ਨੀ ਵੀ ਹੋਵੇਗੀ। ਜਿਸ ਵਿੱਚ ਸਾਡਾ ਪਹਿਰਾਵਾ – ਸਾਡੀ ਪਹਿਚਾਣ ਨੂੰ ਸਟੇਜ਼ ਤੋਂ ਮਾਣ ਦਿੱਤਾ ਜਾਵੇਗਾ। ਸੋ ਇਸ ਮੇਲੇ ਵਿੱਚ ਸ਼ਾਮਲ ਹੋਣ ਵਾਲੀਆਂ ਸਭ ਮੇਲਣਾਂ ਨੂੰ ਵਿਰਾਸਤੀ ਪਹਿਰਾਵੇ ਵਿੱਚ ਸ਼ਾਮਲ ਹੋਣ ਲਈ ਵੀ ਪ੍ਰੇਰਿਤ ਕੀਤਾ ਜਾਵੇਗਾ।  ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਕੋਈ ਫੈਸ਼ਨ ਸ਼ੋਅ ਨਹੀਂ, ਸਗੋਂ ਸਭ ਨੇ ਆਪਣੇ ਵਿਰਸੇ ਦਾ ਮਾਣ, ਸ਼ਾਨ ਅਤੇ ਸਨਮਾਨ ਵਧਾਉਣਾ ਹੈ।  ਜਿਸ ਤੋਂ ਨਵੀਂ ਪੀੜ੍ਹੀ ਨੂੰ ਇਸ ਨਾਲ ਜੋੜਿਆ ਜਾ ਸਕੇ।
                     ਇਸ ਤੀਆਂ ਦੇ ਮੇਲੇ ਦੌਰਾਨ ਗੀਤ-ਸੰਗੀਤ ਤੋਂ ਇਲਾਵਾ ਸੁਆਦਿਸ਼ਟ ਖਾਣਿਆਂ ਦੇ ਸਟਾਲ, ਮਹਿੰਦੀ ਦੇ ਸਟਾਲ, ਬੱਚਿਆਂ ਲਈ ਫੇਸ ਪੇਂਟਿੰਗ ਤੋਂ ਇਲਾਵਾ ਸੁੰਦਰ ਗਹਿਣਿਆਂ ਦੇ ਸਟਾਲ ਵੀ ਲਗਾਏ ਜਾਣਗੇ। ਪ੍ਰੋਗਰਾਮ ਦੌਰਾਨ ਸਟਾਲ ਲਾਉਣ, ਸਪਾਂਸਰਸਿਪ ਜਾਂ ਹੋਰ ਵਧੇਰੇ ਜਾਣਕਾਰੀ ਲਈ ਗਗਨ ਨਾਲ ਫੋਨ ਨੰਬਰ (408) 609-1644 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਸਮੂੰਹ ਪ੍ਰਬੰਧਕਾਂ ਵੱਲੋਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਅਤੇ ਸਫਲ ਬਣਾਉਣ ਲਈ ਸਮੂੰਹ ਇਲਾਕੇ ਦੀਆਂ ਬੀਬੀਆਂ, ਭੈਣਾਂ ਅਤੇ ਧੀਆਂ ਨੂੰ ਅਪੀਲ ਕੀਤੀ ਗਈ ਹੈ।

LEAVE A REPLY

Please enter your comment!
Please enter your name here