ਸਾਉਣੀ ਰੁੱਤ ਦੀ ਮੱਕੀ ਦੀ ਕਾਸ਼ਤ ਸਬੰਧੀ ਸਿਖਲਾਈ ਪ੍ਰੋਗਰਾਮ ਕਰਵਾਇਆ

0
12
*ਸਾਉਣੀ ਰੁੱਤ ਦੀ ਮੱਕੀ ਦੀ ਕਾਸ਼ਤ ਸਬੰਧੀ ਸਿਖਲਾਈ ਪ੍ਰੋਗਰਾਮ ਕਰਵਾਇਆ*
ਸੰਗਰੂਰ, 19 ਜੂਨ:

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਪ੍ਰਸਾਰ ਕਰਮਚਾਰੀਆਂ ਲਈ “ਸਾਉਣੀ ਰੁੱਤ ਦੀ ਮੱਕੀ ਦੀਆਂ ਸੁਧਰੀਆਂ ਉਤਪਾਦਨ ਤਕਨੀਕਾਂ ਅਤੇ ਸਾਉਣੀ ਰੁੱਤ ਦੀਆਂ ਫਸਲਾਂ ਲਈ ਖੇਤੀ ਮਸ਼ੀਨਰੀ” ਵਿਸ਼ੇ ‘ਤੇ ਇਨ-ਸਰਵਿਸ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਵਿੱਚ 36 ਵਿਸਥਾਰ ਕਾਰਜਕਰਤਾਵਾਂ ਨੇ ਭਾਗ ਲਿਆ।

ਇਸ ਮੌਕੇ ਡਾ. ਮਨਦੀਪ ਸਿੰਘ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਦਾ ਮੁੱਖ ਉਦੇਸ਼ ਪ੍ਰਸਾਰ ਅਧਿਕਾਰੀਆਂ ਦੇ ਤਕਨੀਕੀ ਗਿਆਨ ਨੂੰ ਅਪਡੇਟ ਕਰਨਾ ਅਤੇ ਕਿਸਾਨਾਂ ਤੱਕ ਸੁਧਰੀਆਂ ਖੇਤੀ ਤਕਨੀਕਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣ ਦੀ ਸਮਰੱਥਾ ਨੂੰ ਵਧਾਉਣਾ ਹੈ। ਸਿਖਲਾਈ ਪ੍ਰੋਗਰਾਮ ਵਿੱਚ ਡਾ. ਧਰਮਿੰਦਰਜੀਤ ਸਿੰਘ, ਮੁੱਖ ਖੇਤੀਬਾੜੀ ਅਫਸਰ, ਸੰਗਰੂਰ ਅਤੇ ਮਲੇਰਕੋਟਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਆਪਣੇ ਉਦਘਾਟਨੀ ਭਾਸ਼ਣ ਦੌਰਾਨ ਖੇਤੀਬਾੜੀ ਵਿੱਚ ਟਿਕਾਊ ਖੇਤੀ ਅਭਿਆਸਾਂ, ਖਾਸ ਕਰਕੇ ਸਾਉਣੀ ਰੁੱਤ ਦੀ ਮੱਕੀ ਦੀ ਕਾਸ਼ਤ ਅਤੇ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਕੇ.ਵੀ.ਕੇ., ਸੰਗਰੂਰ ਵਿਚਕਾਰ ਮਜ਼ਬੂਤ ਸਹਿਯੋਗ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਝੋਨਾ-ਕਣਕ ਫ਼ਸਲੀ ਪ੍ਰਣਾਲੀ ਵਿੱਚ ਫਸਲੀ-ਵਿਭਿੰਨਤਾ ਦੇ ਮਹੱਤਵ ‘ਤੇ ਜ਼ੋਰ ਦਿੰਦਿਆਂ ਕਿਸਾਨਾਂ ਨੂੰ ਝੋਨੇ ਦੀਆਂ ਬਦਲਵੀਆਂ ਫਸਲਾਂ ਅਪਣਾਉਣ ਲਈ ਉਤਸ਼ਾਹਿਤ ਕਰਨ ਵਾਲੀਆਂ ਵੱਖ-ਵੱਖ ਸਰਕਾਰੀ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਈਥਾਨੋਲ ਉਦਯੋਗ ਵਿੱਚ ਵੱਧ ਰਹੀ ਮੰਗ ਕਾਰਨ ਪੰਜਾਬ ਵਿੱਚ ਮੱਕੀ ਦੀ ਮੰਗ ਵੱਧ ਰਹੀ ਹੈ। ਜਿਸ ਨਾਲ ਕਿਸਾਨਾਂ ਦੀ ਆਮਦਨ ਵਧਣ ਦੇ ਨਵੇਂ ਮੌਕੇ ਪੈਦਾ ਹੋ ਰਹੇ ਹਨ।

ਤਕਨੀਕੀ ਸੈਸ਼ਨ ਦੌਰਾਨ, ਡਾ. ਰੁਕਿੰਦਰਪ੍ਰੀਤ ਸਿੰਘ ਧਾਲੀਵਾਲ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਨੇ ਸਾਉਣੀ ਰੁੱਤ ਦੀ ਮੱਕੀ ਦੀਆਂ ਉੱਨਤ ਕਿਸਮਾਂ ਅਤੇ ਸੁਧਰੀਆਂ ਉਤਪਾਦਨ ਤਕਨੀਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਮੱਕੀ ਦੀ ਫ਼ਸਲ ਵਿੱਚ ਸੂਖਮ ਪੋਸ਼ਕ ਤੱਤਾਂ ਦੀ ਘਾਟ ਦੀ ਪਛਾਣ ਅਤੇ ਪੂਰਤੀ ‘ਤੇ ਵਿਸ਼ੇਸ਼ ਜ਼ੋਰ ਦਿੰਦੇ ਹੋਏ ਏਕਿਕ੍ਰਿਤ ਪੋਸ਼ਕ ਤੱਤ ਪ੍ਰਬੰਧਨ ਦੇ ਮਹੱਤਵ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਮੱਕੀ ਵਿੱਚ ਵਧੇਰੇ ਉਤਪਾਦਕਤਾ ਪ੍ਰਾਪਤ ਕਰਨ ਲਈ ਨਦੀਨ ਪ੍ਰਬੰਧਨ ਦੀਆਂ ਪ੍ਰਭਾਵਸ਼ਾਲੀ ਰਣਨੀਤੀਆਂ ਬਾਰੇ ਵੀ ਚਰਚਾ ਕੀਤੀ। ਭਾਗੀਦਾਰਾਂ ਵੱਲੋਂ ਮੱਕੀ ਵਿੱਚ ਜ਼ਿੰਕ ਦੀ ਘਾਟ, ਗੁਲਾਬੀ ਸੁੰਡੀ ਅਤੇ ਫ਼ਾਲ ਆਰਮੀਵਾਰਮ ਦੀ ਰੋਕਥਾਮ ਅਤੇ ਸਿੱਧੀ ਬਿਜਾਈ ਵਾਲੇ ਝੋਨੇ ਵਿੱਚ ਨਦੀਨ ਪ੍ਰਬੰਧਨ ਬਾਰੇ ਪੁੱਛੇ ਗਏ ਸਵਾਲਾਂ ਦੇ ਵਿਗਿਆਨਕ ਢੰਗ ਨਾਲ ਜਵਾਬ ਦਿੱਤੇ ਗਏ।

ਡਾ. ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (ਖੇਤੀ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ) ਨੇ ਸਿੱਧੀ ਬਿਜਾਈ ਵਾਲੇ ਝੋਨੇ ਲਈ ਖੇਤ ਤਿਆਰ ਕਰਨ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਲੱਕੀ ਸੀਡ ਡਰਿੱਲ ਦੀ ਸਹੀ ਢੰਗ ਨਾਲ ਵਰਤੋਂ ਕਰਨ ਬਾਰੇ ਵਿਸਥਾਰਪੂਰਵਕ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਝੋਨੇ ਦੀ ਮਸ਼ੀਨੀ ਲੁਆਈ ਲਈ ਮੈਟ-ਟਾਈਪ ਨਰਸਰੀ ਤਿਆਰ ਕਰਨ ਦੇ ਢੰਗ ਬਾਰੇ ਵੀ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ, ਉਨ੍ਹਾਂ ਝੋਨੇ ਦੀ ਮੈਟ ਟਾਈਪ ਪਨੀਰੀ ਦੀ ਬਿਜਾਈ ਲਈ ਟਰੈਕਟਰ-ਚਾਲਿਤ ਮੈਟ-ਟਾਈਪ ਨਰਸਰੀ ਸੀਡਰ ਅਤੇ ਝੋਨੇ ਦੀ ਲੁਆਈ ਲਈ ਆਧੁਨਿਕ ਰਿਮੋਟ-ਕੰਟਰੋਲਡ ਮਸ਼ੀਨ ਬਾਬਤ ਵੀ ਜਾਣਕਾਰੀ ਸਾਂਝੀ ਕੀਤੀ।

ਪ੍ਰੋਗਰਾਮ ਦੇ ਅਖੀਰ ਵਿੱਚ ਇਨ- ਸਰਵਿਸ ਪ੍ਰਸਾਰ ਅਧਿਕਾਰੀਆਂ ਨੂੰ ਕੇ.ਵੀ.ਕੇ. ਦੇ ਫਾਰਮ ਦਾ ਦੌਰਾ ਕਰਵਾਇਆ ਗਿਆ। ਜਿੱਥੇ ਉਨ੍ਹਾਂ ਨੇ ਝੋਨੇ ਮੈਟ-ਟਾਈਪ ਪਨੀਰੀ ਅਤੇ ਸਾਉਣੀ ਰੁੱਤ ਦੀ ਮੱਕੀ ਦੇ ਬੀਜ ਉਤਪਾਦਨ ਦੀਆਂ ਖੇਤ ਪ੍ਰਦਰਸ਼ਨੀਆਂ ਦੇਖੀਆਂ।

LEAVE A REPLY

Please enter your comment!
Please enter your name here