ਅਖਾੜਾ ਗੈਸ ਫੈਕਟਰੀ ਪੁਲਸ ਵੱਲੋਂ ਚਾਲੂ ਕਰਾਉਣ ਦੀ ਕੋਸ਼ਿਸ਼ ਨਾਕਾਮ
ਪਿੰਡ ਵਾਸੀ ਮਰਦ ਔਰਤਾਂ ਰਾਤ ਭਰ ਸੜਕਾਂ ਤੇ ਬੈਠੇ ਰਹੇ, ਧਰਨਾ ਜਾਰੀ
ਹਾਈਕੋਰਟ ‘ਚ ਅਗਲੀ ਤਰੀਖ 10 ਮਾਰਚ
ਲੁਧਿਆਣਾ, 7 ਫਰਵਰੀ, 2025:
ਬੀਤੇ ਕੱਲ ਤੋਂ ਪਿੰਡ ਅਖਾੜਾ ‘ਚ ਬਣੀ ਤਨਾਅ ਵਾਲੀ ਸਿਥਤੀ ਅੱਜ ਵੀ ਬਰਕਰਾਰ ਰਹੀ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਸਮੇਤ ਸੈਂਕੜੇ ਵਰਕਰਾਂ, ਪਿੰਡ ਵਾਸੀ ਮਰਦ ਔਰਤਾਂ ਨੇ ਸਾਰੀ ਰਾਤ ਹਠੂਰ ਜਗਰਾਂਓ ਲਿੰਕ ਰੋਡ ਤੇ ਕੱਟਦਿਆਂ ਪੂਰੀ ਠੰਡ ਚ ਧਰਨੇ ਤੇ ਡਟੇ ਰਹੇ। ਦੂਜੇ ਪਾਸੇ ਪੁਲਸ ਦੀ ਨਫਰੀ ਭਾਵੇ ਕੁੱਝ ਘੱਟ ਗਈ ਪਰ ਖ਼ਬਰ ਲਿਖੇ ਜਾਣ ਤੱਕ ਵੱਡੀ ਗਿਣਤੀ ‘ਚ ਇਲਾਕੇ ਭਰ ‘ਚੋ ਪਹੁੰਚੇ ਵਰਕਰਾਂ ਸਮੇਤ ਰੋਹ ਭਰਪੂਰ ਧਰਨਾ ਜਾਰੀ ਸੀ। ਉਧਰ ਹਾਈਕੋਰਟ ਚ ਮਾਲਕਾਂ ਵੱਲੋਂ ਪਾਈ ਰਿੱਟ ਦੀ ਤਰੀਖ ਤੇ ਪੰਜਾਬ ਸਰਕਾਰ ਨੇ ਅਪਣੀ ਸਿਥਤੀ ਸਪੱਸ਼ਟ ਕਰਦਿਆਂ ਤਿੰਨਾਂ ਥਾਵਾਂ ਤੋ ਧਰਨੇ ਚੁੱਕਵਾ ਦੇਣ ਦਾ ਬਿਆਨ ਦਿੱਤਾ। ਅਗਲੀ ਤਰੀਖ 10 ਮਾਰਚ ਪਾ ਦਿੱਤੀ ਗਈ ਹੈ।
ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਪੰਜਾਬ ਸਰਕਾਰ ਨੂੰ ਜ਼ੋਰਦਾਰ ਚਿਤਾਵਨੀ ਦਿੱਤੀ ਕਿ ਅਖਾੜਾ ਪਿੰਡ ਦੇ ਲੋਕਾਂ ਤੇ ਕਿਸੇ ਵੀ ਕਿਸਮ ਦੇ ਸਰਕਾਰੀ ਜਬਰ ਦਾ ਮੁੰਹ ਤੋੜ ਜਵਾਬ ਦਿੱਤਾ ਜਾਵੇਗਾ। ਉੱਨਾਂ ਭੂੰਦੜੀ ਪਿੰਡ ਚ ਕੈਂਸਰ ਗੈਸ ਫੈਕਟਰੀ ਵਿਰੋਧੀ ਇੱਕ ਸਾਲ ਤੋ ਚੱਲ ਰਹੇ ਧਰਨੇ ਨੂੰ ਪੁਲਸ ਬਲ ਦੇ ਜ਼ੋਰ ੳਖਾੜ ਦੇਣ ਨੂੰ ਸਰਕਾਰੀ ਗੁੰਡਾਗਰਦੀ ਕਰਾਰ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਮੰਤਰੀ ਤਾਲਮੇਲ ਕਮੇਟੀ ਨਾਲ ਹੋਈਆਂ ਮੀਟਿੰਗਾਂ ਚ ਭਰੋਸਾ ਦੇਣ ਦੇ ਬਾਵਜੁਦ ਸਰੇਆਮ ਪੂੰਜੀ ਪਤੀ ਮਾਲਕਾਂ ਦੇ ਹੱਕ ਚ ਪੁਲਸ ਜਬਰ ਦੇ ਰਾਹ ਤੁਰ ਪਏ ਹਨ। ਉੱਨਾਂ ਭੂੰਦੜੀ ਵਿਖੇ ਔਰਤਾਂ ਦੇ ਮੁਜ਼ਾਹਰੇ ਤੇ ਪੁਲਸ ਲਾਠੀਚਾਰਜ ਨੂੰ ਸਰਕਾਰੀ ਗੁੰਡਾਗਰਦੀ ਕਰਾਰ ਦਿੰਦਿਆਂ ਕਿਹਾ ਕਿ ਭੂੰਦੜੀ ਅਤੇ ਮੁਸਕਾਬਾਦ ‘ਚ ਆਗੂਆਂ ਨੂੰ ਗਰਿਫਤਾਰ ਕਰਕੇ ਪਾਈ ਦਹਿਸ਼ਤ ਦਾ ਮੁੰਹ ਤੋੜ ਜਵਾਬ ਦਿੱਤਾ ਜਾਵੇਗਾ।
ਇਸ ਸਮੇਂ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਅਮਨਦੀਪ ਸਿੰਘ ਲਲਤੋਂ, ਜਗਰੂਪ ਸਿੰਘ ਹਸਨਪੁਰ, ਸੁਖਚੈਨ ਸਿੰਘ ਰਾਜੂ, ਜਗਰਾਜ ਸਿੰਘ ਹਰਦਾਸਪੁਰਾ, ਜਗਤਾਰ ਸਿੰਘ ਦੇਹੜਕਾ, ਇੰਦਰਜੀਤ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਹੰਬੜਾਂ, ਇੰਦਰਜੀਤ ਸਿੰਘ ਲੋਧੀਵਾਲ, ਤਾਰਾ ਸਿੰਘ ਅੱਚਰਵਾਲ, ਤਰਸੇਮ ਸਿੰਘ ਬੱਸੂਵਾਲ , ਗੁਰਤੇਜ ਸਿੰਘ ਤੇਜ ਨੇ ਕਿਹਾ ਕਿ ਕੋਰਟਾਂ ਦੇ ਫ਼ੈਸਲਿਆਂ , ਸਰਕਾਰੀ ਜਬਰ ਦੇ ਬਾਵਜੂਦ ਕਿਸੇ ਵੀ ਹਾਲਤ ਚ ਕੈੰਸਰ ਗੈਸ ਫੈਕਟਰੀ ਨਹੀ ਉਸਰਣ ਦਿੱਤੀ ਜਾਵੇਗੀ, ਭਾਵੇਂ ਕਿ ਇਸ ਲਈ ਕੇਹੀ ਕੀਮਤ ਤਾਰਨੀ ਪਵੇ। ਉਨਾਂ ਕਿਹਾ ਕਿ ਸਰਕਾਰ ਨਾਲ ਹੋਈਆਂ ਚਾਰ ਗੇੜ ਦੀਆਂ ਮੀਟਿੰਗਾਂ ਚ ਤਾਲਮੇਲ ਕਮੇਟੀ ਵੱਲੋਂ ਵਿਗਿਆਨਿਕ ਤੇ ਤਕਨੀਕੀ ਅਧਾਰ ਤੇ ਸਪਸ਼ਟ ਕੀਤਾ ਗਿਆ ਸੀ ਕਿ ਇਹ ਬਾਇਓ ਗੈਸ ਫ਼ੈਕਟਰੀਆਂ ਅਸਲ ਚ ਕੈੰਸਰ ਫ਼ੈਕਟਰੀਆਂ ਹਨ ਜੋ ਕਿ ਜਨਸਿਹਤ ਅਤੇ ਵਾਤਾਵਰਣ ਨੂੰ ਵੱਡਾ ਨੁਕਸਾਨ ਪੁਚਾਉਣ ਗੀਆ। ਉੱਨਾਂ ਦੱਸਿਆ ਕਿ ਹਰਿਆਣਾ ਦੇ ਝੱਜਰ ਵਿਖੇ ਚੱਲ ਰਹੀ ਬਾਇਓ ਗੈਸ ਫੈਕਟਰੀ ਦੀ ਪੜਤਾਲ ਕਰਨ ਤੇ ਪਾਇਆ ਗਿਆ ਕਿ ਉਸ ਫੈਕਟਰੀ ਚ ਕੰਮ ਕਰਦੇ ਕਾਮੇ ੳਸ਼ ਫੈਕਟਰੀ ਦੇ ਪੰਪਾਂ ਦਾ ਪਾਣੀ ਨਹੀ ਪੀਂਦੇ ਕਿਓਕਿ ਉੱਨਾਂ ਮੁਤਾਬਿਕ ਇਹ ਪਾਣੀ ਪੀਣ ਯੋਗ ਨਹੀਂ ਹੈ। ਉੱਨਾਂ ਲਈ ਪਾਣੀ ਬਾਹਰੋਂ ਭੇਜਿਆ ਜਾਂਦਾ ਹੈ। ਉੱਨਾਂ ਕਿਹਾ ਕਿ ਸਾਮਰਾਜੀ ਕਾਰਪੋਰੇਟਾਂ ਦੀ ਬੇਹੀ ਤਕਨੀਕ ਪੰਜਾਬ ਚ ਭੇਜ ਕੇ ਕੇਂਦਰ ਤੇ ਪੰਜਾਬ ਸਰਕਾਰ ਲੋਕਾਂ ਨਾਲ ਧ੍ਰੋਹ ਕਮਾ ਰਹੀ ਹੈ ਤੇ ਕਾਰਪੋਰੇਟ ਮੁਨਾਫ਼ੇ ਕਮਾ ਰਹੇ ਹਨ। ਉੱਨਾਂ ਕਿਹਾ ਕਿ ਇੰਨਾਂ ਫ਼ੈਕਟਰੀਆਂ ਦੇ ਲੱਗਣ ਨਾਲ ਹਰ ਰੋਜ਼ ਲੱਖਾਂ ਲੀਟਰ ਪਾਣੀ ਬਰਬਾਦ ਹੋਵੇਗਾ। ਰੰਹਿਦ ਖੁੰਹਦ ਅਤੇ ਵਰਤਿਆ ਪਾਣੀ ਅਪਣੀ ਜ਼ਹਿਰ ਧਰਤੀ ਚ ਲੈ ਕੇ ਜਾਵੇਗਾ ਜਿਸ ਨਾਲ ਨਸਲਾਂ ਤੇ ਫਸਲਾਂ ਬਰਬਾਦ ਹੋਣਗੀਆਂ ਤੇ ਪੰਜਾਬ ਕੈੰਸਰ ਦਾ ਹੱਬ ਬਣੇਗਾ ਤੇ ਹੋਲੀ ਹੋਲੀ ਸਿਵਿਆਂ ਵੱਲ ਜਾਵੇਗਾ।
ਇਸ ਸਮੇਂ ਸਰਪੰਚ ਜਸਵੀਰ ਸਿੰਘ, ਹਰਦੇਵ ਸਿੰਘ ਅਖਾੜਾ, ਜਗਦੇਵ ਸਿੰਘ ਅਖਾੜਾ, ਕਿਸਾਨ ਆਗੂ ਹਾਕਮ ਸਿੰਘ ਤੁੰਗਾਹੇੜੀ, ਕੁਲਵੰਤ ਸਿੰਘ ਗਾਲਬ, ਗੁਰਵਿੰਦਰ ਸਿੰਘ ਗੋਗੀ, ਨਿਰਮਲ ਸਿੰਘ ਭੰਮੀਪੁਰ, ਰਛਪਾਲ ਸਿੰਘ ਨਵਾਂ ਡੱਲਾ, ਹਰਜੀਤ ਸਿੰਘ ਕਲਸੀਆਂ, ਸੁਰਜੀਤ ਸਿੰਘ ਦੋਧਰ ਆਦਿ ਹਾਜ਼ਰ ਸਨ।