ਜੇ.ਈ. ਰਾਮ ਸਿੰਘ ਮੋਹਲਗਵਾਰਾ ਨੂੰ ਸ਼ਰਧਾਂਜਲੀ : ਇਮਾਨਦਾਰ ਸੇਵਾਵਾਂ ਨਾਲ ਲੋਕਾਂ ਦੇ ਦਿਲਾਂ ਵਿੱਚ ਬਣਾਈ ਵਿਸ਼ੇਸ਼ ਪਹਿਚਾਣ

0
5

ਲੋਕਾਂ ਦੇ ਘਰਾਂ ਵਿੱਚ ਚਾਨਣ ਦੇਣ, ਇੰਡਸਟਰੀ ਨੂੰ ਅਤੇ ਕਿਸਾਨਾਂ ਦੇ ਖੇਤਾਂ ਵਿੱਚ ਮੋਟਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦੀਆਂ ਸੇਵਾਵਾਂ ਪ੍ਰਤੀ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਸ੍ਰੀ ਰਾਮ ਸਿੰਘ ਜੇ.ਈ. (ਬਿਜਲੀ ਬੋਰਡ) 31 ਅਕਤੂਬਰ 2023 ਨੂੰ ਨਾਭਾ (ਦਿਹਾਤੀ) ਤੋਂ ਸੇਵਾ ਮੁਕਤ ਹੋਏ ਸਨ।

ਉਨ੍ਹਾਂ ਦਾ ਜਨਮ ਪਿੰਡ ਮੋਹਲਗਵਾਰਾ, ਜ਼ਿਲ੍ਹਾ ਪਟਿਆਲਾ ਵਿਖੇ 1 ਨਵੰਬਰ 1965 ਨੂੰ ਮਾਤਾ ਸਵ. ਸ੍ਰੀਮਤੀ ਗੁਰਦੇਵ ਕੌਰ ਦੀ ਕੁੱਖੋਂ ਹੋਇਆ। ਆਪ ਦੇ ਪਿਤਾ ਸਵ. ਸ੍ਰੀ ਭਜਨ ਸਿੰਘ ਇੱਕ ਕਿਰਤੀ ਇਨਸਾਨ ਸਨ।

ਰਾਮ ਸਿੰਘ ਨੇ ਆਪਣੀ ਪੰਜਵੀਂ ਤੱਕ ਦੀ ਸਿੱਖਿਆ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ। ਉਸ ਨੇ ਛੇਵੀਂ ਤੋਂ ਦਸਵੀਂ ਤੱਕ ਦੀ ਪੜ੍ਹਾਈ ਸਰਕਾਰੀ ਹਾਈ ਸਕੂਲ ਦੰਦਰਾਲਾ ਢੀਂਡਸਾ (ਪਟਿਆਲਾ) ਤੋਂ ਪੂਰੀ ਕੀਤੀ। ਘਰ ਦੀਆਂ ਆਰਥਿਕ ਮਜਬੂਰੀਆਂ ਦੇ ਬਾਵਜੂਦ ਉਸ ਦੇ ਪਿਤਾ ਦੀ ਸਕਾਰਾਤਮਕ ਸੋਚ ਸੀ ਕਿ ਬੱਚਿਆਂ ਨੂੰ ਸਰਕਾਰੀ ਨੌਕਰੀ ਲਈ ਯੋਗ ਬਣਾਇਆ ਜਾਵੇ।

ਰਾਮ ਸਿੰਘ ਨੇ ਵੀ ਸਰਕਾਰੀ ਮੁਲਾਜ਼ਮ ਬਣਨ ਲਈ ਆਈ.ਟੀ.ਆਈ. ਤੋਂ ਇਲੈਕਟ੍ਰੀਸ਼ਨ ਦਾ ਡਿਪਲੋਮਾ ਕੀਤਾ। ਬਿਜਲੀ ਬੋਰਡ ਵਿੱਚ ਲਾਈਨਮੈਨ ਵਜੋਂ ਭਰਤੀ ਹੋ ਕੇ ਉਨ੍ਹਾਂ ਨੇ ਜ਼ਿਆਦਾਤਰ ਡਿਊਟੀ ਜਰਗ ਅਤੇ ਖੰਨਾ ਵਿਖੇ ਨਿਭਾਈ। 5 ਅਕਤੂਬਰ 2018 ਨੂੰ ਤਰੱਕੀ ਹੋਣ ਉਪਰੰਤ ਉਹ ਜੂਨੀਅਰ ਇੰਜੀਨੀਅਰ ਵਜੋਂ ਨਾਭਾ ਵਿਖੇ ਸੇਵਾਵਾਂ ਨਿਭਾਉਣ ਲੱਗੇ।

ਉਨ੍ਹਾਂ ਦਾ ਵਿਆਹ ਪਿੰਡ ਲਾਂਗੜੀਆਂ ਦੀ ਹਰਨਿੰਦਰ ਕੌਰ ਨਾਲ ਹੋਇਆ। ਉਹ ਮਿੱਠੇ-ਬੋਲੜੇ ਅਤੇ ਮਿਲਣਸਾਰ ਸੁਭਾਅ ਵਾਲੇ ਇਨਸਾਨ ਸਨ।

ਉਨ੍ਹਾਂ ਦੇ ਵੱਡੇ ਭਰਾ ਸ੍ਰੀ ਸੁਰਜੀਤ ਸਿੰਘ (ਖੇਤੀਬਾੜੀ ਮਾਸਟਰ ਰਿਟਾਇਰਡ), ਵੈਦ ਰਾਮ ਚੰਦ (ਰਿਟਾਇਰਡ), ਮਾਸਟਰ ਦਰਸ਼ਨ ਸਿੰਘ (ਰਿਟਾਇਰਡ), ਛੋਟੇ ਭਰਾ ਸ੍ਰੀ ਬਹਾਦਰ ਸਿੰਘ (ਐਕਸੀਅਨ ਬਿਜਲੀ ਬੋਰਡ ਰਿਟਾਇਰਡ) ਅਤੇ ਹੰਸ ਰਾਜ (ਸਾਬਕਾ ਫੌਜੀ), ਜੋ ਹੁਣ ਈ.ਟੀ.ਟੀ. ਅਧਿਆਪਕ ਹਨ, ਨੇ ਆਪਣੇ-ਆਪਣੇ ਖੇਤਰਾਂ ਵਿੱਚ ਵਧੀਆ ਸੇਵਾਵਾਂ ਨਿਭਾ ਕੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ। ਸਾਰੇ ਭਰਾਵਾਂ ਦਾ ਆਪਸੀ ਪਿਆਰ ਅਤੇ ਸਹਿਯੋਗ ਸ਼ਲਾਘਾਯੋਗ ਹੈ।

ਉਨ੍ਹਾਂ ਦਾ ਵੱਡਾ ਬੇਟਾ ਅਮਰਿੰਦਰ ਸਿੰਘ ਅਤੇ ਛੋਟਾ ਬੇਟਾ ਜਸਵਿੰਦਰ ਸਿੰਘ ਕਾਰੋਬਾਰ ਕਰਦੇ ਹਨ। ਨੂੰਹ ਪ੍ਰੀਤੀ ਨਾਭਾ ਵਿੱਚ ਡਾਇਟੀਸ਼ੀਅਨ ਵਜੋਂ ਸੇਵਾ ਨਿਭਾ ਰਹੀ ਹੈ। ਬੇਟੀ ਜਸਵੀਰ ਕੌਰ ਦਾ ਵਿਆਹ ਦਿੱਤੂਪੁਰ ਵਿਖੇ ਨਰਿੰਦਰ ਸਿੰਘ ਨਾਲ ਹੋਇਆ ਹੈ। ਪੋਤਰੀ ਨਿਮਰਤ ਕੌਰ ਅਤੇ ਦੋਹਤਾ ਲਕਸ਼ਦੀਪ ਸਿੰਘ ਘਰ ਦੀ ਰੌਣਕ ਹਨ।

ਉਹ ਪਿਛਲੇ ਲੰਮੇ ਸਮੇਂ ਤੋਂ ਆਪਣੇ ਪਰਿਵਾਰ ਨਾਲ ਲਕਸ਼ਮਣ ਨਗਰ, ਨਾਭਾ ਵਿਖੇ ਰਹਿ ਰਹੇ ਸਨ। ਪਿਛਲੇ ਦਿਨੀਂ ਸੰਖੇਪ ਬਿਮਾਰੀ ਉਪਰੰਤ ਸ੍ਰੀ ਰਾਮ ਸਿੰਘ ਅਚਾਨਕ ਆਪਣੇ ਪਰਿਵਾਰ ਨੂੰ ਸਦਾ ਲਈ ਵਿਛੋੜਾ ਦੇ ਗਏ।

ਉਨ੍ਹਾਂ ਦੀ ਨਿਮਿੱਤ ਅੰਤਿਮ ਅਰਦਾਸ 9 ਜੂਨ 2026, ਦਿਨ ਮੰਗਲਵਾਰ ਨੂੰ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ (ਘੋੜੀਆਂ ਵਾਲਾ), ਨਾਭਾ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ।

LEAVE A REPLY

Please enter your comment!
Please enter your name here