ਅਮਰੀਕਾ ਦੇ ਮਿਸ਼ੀਗਨ ਰਾਜ ਵਿਚ ਅੰਧਾਧੁੰਦ ਗੋਲੀਬਾਰੀ ਵਿੱਚ 9 ਜ਼ਖਮੀ , ਸ਼ੱਕੀ ਹਮਲਾਵਰ ਦੀ ਘਟਨਾ ਸਥਾਨ ਨੇੜੇ ਕੀਤੀ ਘੇਰਾਬੰਦੀ
ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਮਿਸ਼ੀਗਨ ਰਾਜ ਦੇ ਰੋਚੈਸਟਰ ਹਿਲਜ਼ ਖੇਤਰ ਵਿਚ ਅਣਪਛਾਤੇ ਵਿਅਕਤੀ ਵੱਲੋਂ ਕੀਤੀ ਅੰਧਾਧੁੰਦ ਗੋਲੀਬਾਰੀ ਵਿਚ 9 ਵਿਅਕਤੀਆਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਪੁਲਿਸ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਸ਼ੱਕੀ ਹਮਲਾਵਰ ਘਟਨਾ ਸਥਾਨ ਨੇੜੇ ਹੀ ਇਕ ਘਰ ਵਿਚ ਲੁਕਿਆ ਹੋਇਆ ਜਿਸ ਘਰ ਦੀ ਘੇਰਾਬੰਦੀ ਕੀਤੀ ਹੋਈ ਹੈ ਪਰੰਤੂ ਅਜੇ ਤੱਕ ਉਸ ਨੂੰ ਕਾਬੂ ਨਹੀਂ ਕੀਤਾ ਜਾ ਸਕਿਆ। ਓਕਲੈਂਡ ਕਾਊਂਟੀ ਸ਼ੈਰਿਫ ਮਾਈਕਲ ਬੋਚਰਡ ਨੇ ਕਿਹਾ ਹੈ ਕਿ ਰੋਚੈਸਟਰ ਹਿਲਜ਼ ਵਿਚ ਬਰੁੱਕਲੈਂਡਜ ਪਲਾਜ਼ਾ ਸਪਲੈਸ਼ ਪੈਡ ‘ਤੇ ਵਾਪਰੀ ਗੋਲੀਬਾਰੀ ਦੀ ਘਟਨਾ ਵਿਚ ਗੋਲੀਆਂ ਵੱਜਣ ਕਾਰਨ 9 ਜਾਂ 10 ਲੋਕ ਜ਼ਖਮੀ ਹੋਏ ਹਨ। ਹਮਲਾਵਰ ਨੇ ਕੁਲ 28 ਗੋਲੀਆਂ ਚਲਾਈਆਂ। ਪੁਲਿਸ ਨੂੰ ਮੌਕੇ ਤੋਂ ਇਕ ਹੈਂਡਗੰਨ ਤੇ 3 ਖਾਲੀ ਮੈਗਜੀਨ ਬਰਾਮਦ ਹੋਏ ਹਨ। ਬੋਚਰਡ ਨੇ ਕਿਹਾ ਕਿ ਜ਼ਖਮੀਆਂ ਵਿਚ ਇਕ 8 ਸਾਲ ਦਾ ਬੱਚਾ ਵੀ ਸ਼ਾਮਿਲ ਹੈ। ਉਨਾਂ ਕਿਹਾ ਕਿ ਬੀਤੇ ਦਿਨ ਸ਼ਾਮ 5.11 ਵਜੇ ਗੋਲੀਆਂ ਚੱਲਣ ਦੀ ਸੂਚਨਾ ਮਿਲਣ ‘ਤੇ ਪੁਲਿਸ ਅਫਸਰ ਤੁਰੰਤ ਘਟਨਾ ਸਥਾਨ ‘ਤੇ ਪੁੱਜੇ। ਉਨਾਂ ਕਿਹਾ ਕਿ ਸ਼ੱਕੀ ਨੇ ਆਪਣੇ ਵਾਹਣ ਵਿਚੋਂ ਨਿਕਲ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਬੋਚਰਡ ਅਨੁਸਾਰ ਲੱਗਦਾ ਹੈ ਕਿ ਇਹ ਅਚਨਚੇਤ ਵਾਪਰੀ ਘਟਨਾ ਹੈ। ਜ਼ਖਮੀਆਂ ਨੂੰ ਵੱਖ ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਉਨਾਂ ਕਿਹਾ ਕਿ ਇਹ ਅਜੇ ਮੁੱਢਲੀ ਸੂਚਨਾ ਹੈ ਤੇ ਹਰ ਪਲ ਸਥਿੱਤੀ ਬਦਲ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲੀ ਕੀਤੀ ਹੈ ਕਿ ਉਹ ਇਸ ਖੇਤਰ ਤੋਂ ਦੂਰ ਰਹਿਣ। ਗਵਰਨਰ ਗਰੇਟਚਨ ਵਿਟਮਰ ਨੇ ਕਿਹਾ ਹੈ ਕਿ ਗੋਲੀਬਾਰੀ ਦੀ ਘਟਨਾ ਉਪਰੰਤ ਉਹ ਨਿਰੰਤਰ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿਚ ਹਨ।
ਕੈਪਸ਼ਨ ਰੋਚੈਸਟਰ ਹਿਲਜ਼ ਦਾ ਉਹ ਖੇਤਰ ਜਿਥੇ ਸ਼ੱਕੀ ਲੁਕਿਆ ਹੋਇਆ ਹੈ
ਫਲੋਰਿਡਾ ਰਾਜ ਵਿਚ ਹੋਈ ਗੋਲੀਬਾਰੀ ਵਿੱਚ ਇਕ ਮੌਤ ਤੇ ਚਾਰ ਜ਼ਖਮੀ, ਇਕ ਦੀ ਹਾਲਤ ਗੰਭੀਰ
ਸੈਕਰਾਮੈਂਟੋ , ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਫੋਰਟ ਲਾਊਡਰਡੇਲ, ਫਲੋਰਿਡਾ ਵਿਚ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੇ ਮਾਰੇ ਜਾਣ ਤੇ 4 ਹੋਰਨਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਇਹ ਪ੍ਰਗਟਾਵਾ ਫਲੋਰਿਡਾ ਦੇ ਲਾਅ ਇਨਫੋਰਸਮੈਂਟ ਅਧਿਕਾਰੀਆਂ ਨੇ ਕੀਤਾ ਹੈ। ਫੋਰਟ ਲਾਊਡਰਡੇਲ ਪੁਲਿਸ ਡੀਟੈਕਟਿਵ ਅਲੀ ਅਡੈਮਸਨ ਨੇ ਕਿਹਾ ਹੈ ਕਿ ਸ਼ਾਮ 7 ਵਜੇ ਵਾਪਰੀ ਘਟਨਾ ਉਪਰੰਤ ਪੁਲਿਸ ਅਫਸਰ ਤੁਰੰਤ ਮੌਕੇ ‘ਤੇ ਪੁੱਜੇ ਜਿਨਾਂ ਨੂੰ 5 ਵਿਅਕਤੀ ਜ਼ਖਮੀ ਹਾਲਤ ਵਿਚ ਮਿਲੇ ਜਿਨਾਂ ਦੇ ਗੋਲੀਆਂ ਵੱਜੀਆਂ ਹੋਈਆਂ ਸਨ। ਸਾਰੇ ਜ਼ਖਮੀਆਂ ਨੂੰ ਬਰੋਵਰਡ ਹੈਲਥ ਮੈਡੀਕਲ ਸੈਂਟਰ ਵਿਖੇ ਲਿਜਾਇਅ ਗਿਆ ਜਿਥੇ ਇਕ ਜ਼ਖਮੀ ਦਮ ਤੋੜ ਗਿਆ। ਉਨਾਂ ਕਿਹਾ ਕਿ ਇਕ ਜ਼ਖਮੀ ਦੀ ਹਾਲਤ ਨਾਜ਼ੁਕ ਹੈ ਜਦ ਕਿ ਬਾਕੀ 3 ਸਥਿੱਰ ਹਾਲਤ ਵਿਚ ਹਨ। ਪੁਲਿਸ ਨੇ ਕਿਹਾ ਹੈ ਕਿ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਗੋਲੀ ਚਲਾਉਣ ਵਾਲਾ ਇਕ ਸੀ ਜਾਂ ਜਿਆਦਾ ਤੇ ਨਾ ਹੀ ਗੋਲੀ ਚਲਾਉਣ ਦਾ ਮਕਸਦ ਸਪੱਸ਼ਟ ਹੋ ਸਕਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਵਿਚ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ।