ਸੈਕਰਾਮੈਂਟੋ 14 ਨਵੰਬਰ (ਹੁਸਨ ਲੜੋਆ ਬੰਗਾ)-ਓਮਾਹਾ (ਨੇਬਰਸਕਾ) ਵਿਚ ਤੜਕਸਾਰ ਹੋਈ ਗੋਲੀਬਾਰੀ ਦੀ ਘਟਨਾ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ 12 ਹੋਰ ਜ਼ਖਮੀ ਹੋ ਗਏ। ਓਮਾਹਾ ਪੁਲਿਸ ਵਿਭਾਗ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਉਸ ਨੂੰ ਗੋਲੀ ਚੱਲਣ ਦੀ ਜਾਣਕਾਰੀ ਸਵੇਰੇ 4 ਵਜੇ ਮਿਲੀ। ਜਦੋਂ ਪੁਲਿਸ ਘਟਨਾ ਸਥਾਨ ‘ਤੇ ਪੁੱਜੀ ਤਾਂ ਉਸ ਨੇ ਕੁਝ ਲੋਕਾਂ ਨੂੰ ਜ਼ਖਮੀ ਹਾਲਤ ਵਿਚ ਵੇਖਿਆ ਜਿਨਾਂ ਦੇ ਗੋਲੀਆਂ ਵੱਜੀਆਂ ਹੋਈਆਂ ਸਨ ਜਿਨਾਂ ਵਿਚੋਂ ਇਕ ਨੇਬਰਸਕਾ ਮੈਡੀਕਲ ਸੈਂਟਰ ਵਿਖੇ ਜ਼ਖਮਾਂ ਦੀ ਤਾਬ ਨਾ ਸਹਾਰਦਾ ਹੋਇਆ ਦਮ ਤੋੜ ਗਿਆ। ਪੁਲਿਸ ਨੇ ਸ਼ੁਰੂ ਵਿਚ ਕਿਹਾ ਕਿ ਇਸ ਘਟਨਾ ਵਿਚ 7 ਲੋਕ ਜ਼ਖਮੀ ਹੋਏ ਹਨ ਪਰੰਤੂ ਬਾਅਦ ਵਿਚ ਪਤਾ ਲੱਗਾ ਕਿ 5 ਹੋਰ ਲੋਕ ਖੁਦ ਹੀ ਜ਼ਖਮੀ ਹਾਲਤ ਵਿਚ ਹਸਪਤਾਲ ਪਹੁੰਚ ਗਏ ਹਨ। ਪੁਲਿਸ ਨੇ ਕਿਹਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ । ਪੁਲਿਸ ਨੇ ਦੋਸ਼ੀਆਂ ਬਾਰੇ ਸੂਹ ਦੇਣ ਵਾਲੇ ਨੂੰ 25000 ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਕੈਪਸ਼ਨ : ਓਮਾਹਾ ਵਿਚ ਗੋਲੀ ਚੱਲਣ ਉਪਰੰਤ ਮੌਕੇ ‘ਤੇ ਪੁੱਜੀ ਪੁਲਿਸ