‘ਆਪ’ ਉਮੀਦਵਾਰ ਮੋਹਿੰਦਰ ਭਗਤ ਪੜ੍ਹੇ-ਲਿਖੇ ਅਤੇ ਸੂਝਵਾਨ ਵਿਅਕਤੀ – ਸ. ਹਰਚੰਦ ਸਿੰਘ ਬਰਸਟ
— ਪੱਛਮੀ ਜਲੰਧਰ ਜਿਮਨੀ ਚੋਣ ‘ਚ ਆਮ ਆਦਮੀ ਪਾਰਟੀ ਦੀ ਜਿੱਤ ਪੱਕੀ
— ਬਿਨਾ ਕਿਸੇ ਭੇਦ-ਭਾਵ ਤੋਂ ਪੰਜਾਬ ਵਾਸੀਆਂ ਨੂੰ ਮਿਲ ਰਿਹਾ ਸਕੀਮਾ ਦਾ ਲਾਭ
ਚੰਡੀਗੜ੍ਹ/ਜਲੰਧਰ, 01 ਜੁਲਾਈ, 2024
ਆਮ ਆਦਮੀ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਹਲਕਾ ਪੱਛਮੀ ਜਲੰਧਰ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਪੱਕੀ ਹੈ। ‘ਆਪ’ ਉਮੀਦਵਾਰ ਮੋਹਿੰਦਰ ਭਗਤ ਪੜ੍ਹੇ-ਲਿਖੇ ਅਤੇ ਸੂਝਵਾਨ ਵਿਅਕਤੀ ਹਨ, ਜੋ ਸਮਾਜ ਦੇ ਹਰ ਵਰਗ ਨਾਲ ਜੁੜੇ ਹੋਏ ਹਨ ਅਤੇ ਲੋਕ ਭਲਾਈ ਤੇ ਸਮਾਜ ਸੇਵਾ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਇਨ੍ਹਾਂ ਦਾ ਪਰਿਵਾਰ 2 ਪੀੜ੍ਹੀਆਂ ਤੋਂ ਜਲੰਧਰ ਦੇ ਲੋਕਾਂ ਦੀ ਸੇਵਾ ਕਰ ਰਿਹਾ ਹੈ ਅਤੇ ਜਮੀਨੀ ਪੱਧਰ ਤੇ ਲੋਕਾਂ ਨਾਲ ਜੁੜੀਆ ਹੋਇਆ ਹੈ। ਇਨ੍ਹਾਂ ਦੇ ਪਿਤਾ ਚੁੰਨੀ ਲਾਲ ਭਗਤ ਨੇ ਮੰਤਰੀ ਰਹਿੰਦਿਆਂ ਜਲੰਧਰ ਅਤੇ ਪੰਜਾਬ ਦੇ ਵਿਕਾਸ ਲਈ ਵਧੀਆ ਕੰਮ ਕੀਤੇ ਸਨ, ਤੇ ਹੁਣ ਲੋਕਾਂ ਨੂੰ ਵੀ ਆਪ ਉਮੀਦਵਾਰ ਮੋਹਿੰਦਰ ਭਗਤ ਤੋਂ ਇਹੀ ਉਮੀਦ ਹੈ।
ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ਲੋਕ ਕੰਮ ਕਰਨ ਵਾਲੀ ਪਾਰਟੀ ਨੂੰ ਹੀ ਵੋਟ ਦਿੰਦੇ ਹਨ ਅਤੇ ਆਮ ਆਦਮੀ ਪਾਰਟੀ ਨੇ ਆਪਣੇ 2 ਸਾਲਾਂ ਦੇ ਕਾਰਜਕਾਲ ਵਿੱਚ ਲੋਕ ਭਲਾਈ ਦੇ ਕੰਮਾਂ ਨੂੰ ਹੀ ਪਹਿਲ ਦਿੱਤੀ ਹੈ। ਪੱਛਮੀ ਜਲੰਧਰ ਤੋਂ ‘ਆਪ’ ਉਮੀਦਵਾਰ ਮੋਹਿੰਦਰ ਭਗਤ ਦੇ ਸਮਰਥਨ ਵਿੱਚ ਉਨ੍ਹਾਂ ਕਿਹਾ ਕਿ ਮੋਹਿੰਦਰ ਭਗਤ ਪ੍ਰਤੀ ਲੋਕਾਂ ਦੇ ਪਿਆਰ ਅਤੇ ਵਿਸ਼ਵਾਸ ਨੂੰ ਦੇਖਦਿਆਂ ਇਹ ਯਕੀਨ ਹੋ ਗਿਆ ਹੈ ਕਿ ਚੋਣ ਵਿੱਚ ਆਮ ਆਦਮੀ ਪਾਰਟੀ ਵੱਡੇ ਅੰਤਰ ਨਾਲ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਵੱਡੇ-ਵੱਡੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਅਸਲ ਚਿਹਰਿਆਂ ਨੂੰ ਅੱਜ ਜਨਤਾ ਪਛਾਣ ਚੁੱਕੀ ਹੈ ਕਿ ਉਹ ਵਾਅਦੇ ਪੂਰੇ ਨਹੀਂ ਕਰਦੇ। ਇਸ ਚੋਣ ਵਿੱਚ ਜਨਤਾ ਧੋਖੇਬਾਜ਼ਾਂ ਨੂੰ ਸਬਕ ਸਿਖਾਏਗੀ।
ਸ. ਬਰਸਟ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਆਪਣੇ ਕੰਮਾਂ ਦੇ ਆਧਾਰ ‘ਤੇ ਚੋਣਾਂ ਲੜਦੀ ਹੈ ਅਤੇ ਇਸ ਲਈ ‘ਆਪ’ ਸਰਕਾਰ ਵੱਲੋਂ ਪਿਛਲੇ ਦੋ ਸਾਲਾਂ ‘ਚ ਕੀਤੇ ਗਏ ਲੋਕ ਭਲਾਈ ਦੇ ਕੰਮਾਂ ਨੂੰ ਲੋਕਾਂ ਸਾਹਮਣੇ ਰੱਖਿਆ ਜਾ ਰਿਹਾ ਹੈ। ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਪਿਛਲੇ 2 ਸਾਲਾਂ ਦੌਰਾਨ ਹਰ ਖੇਤਰ ਵਿੱਚ ਬਹੁਤ ਸੁਧਾਰ ਕੀਤਾ ਹੈ। ਅੱਜ ਪੰਜਾਬ ਦੇ ਲੋਕਾਂ ਨੂੰ 600 ਯੁਨੀਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ। ਖੇਤਾਂ ਨੂੰ ਨਹਿਰਾਂ ਦਾ ਪਾਣੀ ਮਿਲ ਰਿਹਾ ਹੈ। ਸਰਕਾਰ ਨੇ 43000 ਤੋਂ ਵੱਧ ਨੌਜਵਾਨਾਂ ਨੂੰ ਬਿਨਾਂ ਕਿਸੇ ਰਿਸ਼ਵਤ ਜਾਂ ਸਿਫਾਰਸ਼ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਇਸਦੇ ਨਾਲ ਹੀ ਮੁਹੱਲਾ ਕਲੀਨਿਕ, ਸਕੂਲ ਆਫ ਐਮੀਨੈਂਸ, ਔਰਤਾਂ ਨੂੰ ਮੁਫ਼ਤ ਬੱਸ ਸਫ਼ਰ, ਘਰ-ਘਰ ਰਾਸ਼ਨ, ਫਰਿਸ਼ਤੇ ਸਕੀਮ, ਸੜਕ ਸੁਰੱਖਿਆਂ ਫੋਰਸ ਅਤੇ ਬੱਚਿਆਂ ਦੇ ਚੰਗੇ ਭਵਿੱਖ ਲਈ ਖੇਡ ਨਰਸਰੀਆਂ ਦੀ ਸਥਾਪਨਾ ਕਰਨ ਤੋਂ ਇਲਾਵਾ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਰਕਾਰ ਨੇ ਪੰਜਾਬ ਵਿੱਚ ਨਵੀਂ ਇੰਡਸਟਰੀ ਲਗਾਉਣ ਲਈ ਵੀ ਸਾਰਥਿਕ ਕਦਮ ਚੁੱਕੇ ਹਨ।